ਧੋਨੀ ਨੇ ਭਾਰਤੀ ਕ੍ਰਿਕਟ ਦਾ ਮੁਹਾਂਦਰਾ ਬਦਲ ਦਿੱਤਾ: ਆਈਸੀਸੀ

ਲੀਡਜ਼: ਮਹਿੰਦਰ ਸਿੰਘ ਧੋਨੀ ਦੇ ਸ਼ਾਨਦਾਰ ਕਰੀਅਰ ਦੀ ਪ੍ਰਸ਼ੰਸਾ ਕਰਦਿਆਂ ਆਈਸੀਸੀ ਨੇ ਇਸ ਸਾਬਕਾ ਕਪਤਾਨ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਕੇ ਉਸ ਨੂੰ ‘ਭਾਰਤੀ ਕ੍ਰਿਕਟ ਦਾ ਮੁਹਾਂਦਰਾ ਬਦਲਣ ਵਾਲਾ’ ਕਰਾਰ ਦਿੱਤਾ। ਐਤਵਾਰ ਨੂੰ ਆਪਣਾ 38ਵਾਂ ਜਨਮ ਦਿਨ ਮਨਾਉਣ ਵਾਲਾ ਧੋਨੀ ਕ੍ਰਿਕਟ ਦੇ ਤਿੰਨ ਆਲਮੀ ਖ਼ਿਤਾਬ ਜਿੱਤਣ ਵਾਲਾ ਇਕਲੌਤਾ ਕਪਤਾਨ ਹੈ। ਉਸ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਖ਼ਿਤਾਬ, 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਅਤੇ 2013 ਵਿੱਚ ਚੈਂਪੀਅਨਜ਼ ਟਰਾਫ਼ੀ ਦਾ ਖ਼ਿਤਾਬ ਜਿੱਤਿਆ ਸੀ। ਆਈਸੀਸੀ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ ਨਾਲ ਟਵਿੱਟਰ ’ਤੇ ਆਈਸੀਸੀ ਨੇ ਲਿਖਿਆ, ‘‘ਇੱਕ ਅਜਿਹਾ ਨਾਮ, ਜਿਸ ਨੇ ਭਾਰਤੀ ਕ੍ਰਿਕਟ ਦਾ ਮੁਹਾਂਦਰਾ ਬਦਲ ਦਿੱਤਾ। ਅਜਿਹਾ ਨਾਮ, ਜੋ ਦੁਨੀਆਂ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਅਜਿਹਾ ਨਾਮ ਜੋ ਵਿਵਾਦਾਂ ਤੋਂ ਪਰੇ ਰਿਹਾ, ਮਹਿੰਦਰ ਸਿੰਘ ਧੋਨੀ ਸਿਰਫ਼ ਨਾਮ ਨਹੀਂ ਹੈ।’’ ਇਸ ਵੀਡੀਓ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ, ਹਰਫ਼ਨਮੌਲਾ ਬੈਨ ਸਟੌਕਸ ਅਤੇ ਅਫ਼ਗਾਨਿਸਤਾਨ ਦੇ ਵਿਕਟਕੀਪਰ ਮੁਹੰਮਦ ਸ਼ਹਿਜ਼ਾਦ ਨੇ ਵੀ ਧੋਨੀ ਦੀ ਪ੍ਰਸ਼ੰਸਾ ਕੀਤੀ।

Previous articleਰੋਹਿਤ ਤੇ ਰਾਹੁਲ ਦੇ ਸੈਂਕੜੇ; ਭਾਰਤ ਦੀ ਜਿੱਤ
Next articleਇੰਗਲੈਂਡ ਵਿੱਚ ਪੰਜਾਬੀ ਵਿਅਕਤੀ ਦਾ ਕਤਲ