ਧਾਰਾ 370 ਹਟਾ ਕੇ ਦੁਨੀਆ ਨੂੰ ਦੱਸ ਦਿੱਤਾ ਕਸ਼ਮੀਰ ਸਾਡਾ ਹੈ : ਅਮਿਤ ਸ਼ਾਹ

ਜਾਮਤਾੜਾ : ‘ਧਾਰਾ 370 ਅਤੇ 35ਏ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਅਤੇ ਦੁਨੀਆ ਨੂੰ ਇਹ ਦੱਸਿਆ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ। ਇਸ ਨੂੰ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ। ਸਰਕਾਰ ਦੇ ਇਸ ਮਜ਼ਬੂਤ ਫ਼ੈਸਲੇ ਦਾ ਪੂਰੇ ਦੇਸ਼ ਨੇ ਸਵਾਗਤ ਕੀਤਾ ਹੈ ਪਰ ਸਿਆਸੀ ਸੁਆਰਥ ਨਾਲ ਕੁਝ ਲੋਕ ਇਸ ਦਾ ਵੀ ਵਿਰੋਧ ਕਰਦੇ ਹਨ।’
ਇਹ ਗੱਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਝਾਰਖੰਡ ਦੇ ਜਾਮਤਾੜਾ ਵਿਚ ਜੋਹਾਰ ਜਨ ਆਸ਼ੀਰਵਾਦ ਯਾਤਰਾ ਦੇ ਸ਼ੁਭਆਰੰਭ ‘ਤੇ ਕਹੀਆਂ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਰਾਸ਼ਟਰ ਹਿੱਤ ਦੇ ਮੁੱਦਿਆਂ ‘ਤੇ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਕਰਨਾ ਮਾੜੀ ਰਾਜਨੀਤੀ ਹੈ।
ਸ਼ਾਹ ਨੇ ਕਿਹਾ ਕਿ ਰਾਸ਼ਟਰ ਨੂੰ ਮਾਣ ਦਾ ਅਹਿਸਾਸ ਕਰਵਾਉਣ ਵਾਲੀ ਸਰਜੀਕਲ ਸਟ੍ਰਾਈਕ ਤੋਂ ਲੈ ਕੇ ਏਅਰ ਸਟ੍ਰਾਈਕ ਤਕ ਦੇ ਕੇਂਦਰ ਸਰਕਾਰ ਦੇ ਫ਼ੈਸਲਿਆਂ ਦਾ ਕਾਂਗਰਸ ਨੇ ਵਿਰੋਧ ਕੀਤਾ ਹੈ। ਰਾਹੁਲ ਗਾਂਧੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਹਿੱਤ ਦੇ ਇਨ੍ਹਾਂ ਫ਼ੈਸਲਿਆਂ ਦੇ ਨਾਲ ਹਨ ਜਾਂ ਵਿਰੋਧ ਵਿਚ।

ਕਾਂਗਰਸ ਨੂੰ ਦਿੱਤੀ ਨਸੀਹਤ
ਸ਼ਾਹ ਨੇ ਲੱਗੇ ਹੱਥ ਕਾਂਗਰਸ ਨੂੰ ਨਸੀਹਤ ਵੀ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮੁੱਦੇ ‘ਤੇ ਕਾਂਗਰਸ ਮਾੜੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰੇ। ਇੰਦਰਾ ਗਾਂਧੀ ਦੇ ਸਮੇਂ ਬੰਗਲਾਦੇਸ਼ ਵੱਖ ਹੋਇਆ, ਉਦੋਂ ਭਾਜਪਾ ਨੇ ਦੇਸ਼ ਹਿੱਤ ਵਿਚ ਇੰਦਰਾ ਦਾ ਸਾਥ ਦਿੱਤਾ ਸੀ। ਜਦੋਂ ਪੀਐੱਮ ਨਰਸਿਮ੍ਹਾ ਰਾਓ ਸਨ ਤਾਂ ਅਟਲ ਬਿਹਾਰੀ ਵਾਜਪਾਈ ਨੇ ਯੂਐੱਨਓ ਵਿਚ ਕਸ਼ਮੀਰ ਨੂੰ ਲੈ ਕੇ ਭਾਰਤ ਦਾ ਪੱਖ ਰੱਖਿਆ ਸੀ।

ਮੋਦੀ ਨੇ ਝਾਰਖੰਡ ਦਾ ਨਕਸ਼ਾ ਬਦਲਿਆ
ਸ਼ਾਹ ਨੇ ਕਿਹਾ ਕਿ ਝਾਰਖੰਡ ਵੱਖਰੇ ਸੂਬੇ ਦੀ ਮੰਗ ਕਾਂਗਰਸ ਨੇ ਕਦੇ ਪੂਰੀ ਨਹੀਂ ਕੀਤੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਇਸ ਨੂੰ ਵੱਖਰਾ ਸੂਬਾ ਬਣਾਇਆ। ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦਾ ਨਕਸ਼ਾ ਬਦਲਿਆ। ਡਬਲ ਇੰਜਣ ਦੀ ਸਰਕਾਰ ਨਾਲ ਇਹ ਸੰਭਵ ਹੋਇਆ। 2014 ਵਿਚ ਬਹੁਮਤ ਦੀ ਸਰਕਾਰ ਬਣਨ ਨਾਲ ਸੂਬੇ ਵਿਚ ਕਾਫ਼ੀ ਪਰਿਵਰਤਨ ਹੋਏ। ਪਹਿਲਾਂ ਝਾਰਖੰਡ ਨਕਸਲਵਾਦ ਤੋਂ ਪ੍ਰਭਾਵਿਤ ਸੀ ਅਤੇ ਅੱਜ ਇਹ ਸੂਬਾ ਨਕਸਲਵਾਦ ਤੋਂ ਮੁਕਤ ਹੋਣ ਦੀ ਦਹਿਲੀਜ਼ ‘ਤੇ ਹੈ। ਝਾਰਖੰਡ ਵਿਚ ਰਘੁਵਰ ਦਾਸ ਦੀ ਅਗਵਾਈ ਵਿਚ ਮੋਹਰ ਲਗਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਸੂਬੇ ਦਾ ਵਿਕਾਸ ਹੋ ਰਿਹਾ ਹੈ। ਝਾਰਖੰਡ ਵਿਚ ਵੱਡੀ ਗਿਣਤੀ ਵਿਚ ਖਣਿਜ ਭੰਡਾਰ ਹਨ।

ਪੂਰੇ ਦੇਸ਼ ‘ਚ ਲਾਗੂ ਹੋਵੇ ਐੱਨਆਰਸੀ
ਜਾਮਤਾੜਾ ਤੋਂ ਬਾਅਦ ਸ਼ਾਹ ਰਾਂਚੀ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਪੁੱਜੇ। ਉਥੇ ਉਨ੍ਹਾਂ ਪੂਰੇ ਦੇਸ਼ ਵਿਚ ਐੱਨਆਰਸੀ ਲਾਗੂ ਕਰਨ ਦੀ ਜ਼ਰੂਰਤ ਦੱਸੀ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਸਖ਼ਤੀ ਜ਼ਰੂਰੀ ਹੈ। ਉਨ੍ਹਾਂ ਰਾਮ ਮੰਦਰ ‘ਤੇ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਕਾਂਗਰਸ ਦੀ ਬੇਨਤੀ ‘ਤੇ ਸੁਪਰੀਮ ਕੋਰਟ ਨੇ ਇਸ ‘ਤੇ ਫ਼ੈਸਲਾ ਕੁਝ ਸਮੇਂ ਲਈ ਟਾਲ਼ ਦਿੱਤਾ ਸੀ ਪਰ ਹੁਣ ਸਰਵਉੱਚ ਅਦਾਲਤ ਨੇ ਇਸ ਮੁੱਦੇ ‘ਤੇ ਛੇਤੀ ਫ਼ੈਸਲਾ ਦੇਣ ਦੀ ਗੱਲ ਕਹੀ ਹੈ। ਫ਼ੈਸਲਾ ਕਿਸੇ ਨੂੰ ਚੰਗਾ ਲੱਗੇਗਾ ਅਤੇ ਕਿਸੇ ਨੂੰ ਬੁਰਾ, ਪਰ ਇਹ ਕੋਰਟ ਦਾ ਫ਼ੈਸਲਾ ਹੋਵੇਗਾ।

Previous articleਭਗੌੜੇ ਜਾਕਿਰ ਨਾਈਕ ਖ਼ਿਲਾਫ਼ ਇਸ ਮਾਮਲੇ ‘ਚ ਹੋਏ ਗ਼ੈਰ ਜ਼ਮਾਨਤੀ ਵਾਰੰਟ ਜਾਰੀ
Next articleਖਾਧ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਸ਼ਿਕਾਇਤ ‘ਤੇ ਵੈਕਸ ਕੋਟੇਡ ਸੇਬ ਦੀ ਜਾਂਚ ਸ਼ੁਰੂ