ਧਾਰਾ 370: ਯੂਰਪੀ ਯੂਨੀਅਨ ਦੇ ਵਫ਼ਦ ਵੱਲੋਂ ਮੋਦੀ ਦੀ ਹਮਾਇਤ

ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਪੁੱਜੇ ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਧਾਰਾ 370 ਨੂੰ ਭਾਰਤ ਦਾ ਅੰਦਰੂਨੀ ਮਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦਹਿਸ਼ਤਗਰਦਾਂ ਵੱਲੋਂ ਛੇ ਪਰਵਾਸੀ ਮਜ਼ਦੂਰਾਂ ਦੀ ਕੀਤੀ ਹੱਤਿਆ ਦੀ ਵੀ ਨਿਖੇਧੀ ਕੀਤੀ। ਸੰਸਦ ਮੈਂਬਰਾਂ ਨੇ ਮੰਨਿਆ ਕਿ ਖਿੱਤੇ ਦੀਆਂ ਮੁਸ਼ਕਲਾਂ ਨੂੰ ਅਕਸਰ ਅਤਿਵਾਦ ਨਾਲ ਜੋੜਿਆ ਜਾਂਦਾ ਤੇ ‘ਕਸ਼ਮੀਰ ਨੂੰ ਦੂਜਾ ਸੀਰੀਆ ਜਾਂ ਅਫ਼ਗ਼ਾਨਿਸਤਾਨ’ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਭਾਰਤ ਸਰਕਾਰ ਵੱਲੋਂ ਰਾਜ ਵਿੱਚ ਅਤਿਵਾਦ ਨੂੰ ਖ਼ਤਮ ਕਰਨ ਤੇ ਅਮਨ ਬਹਾਲੀ ਲਈ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕੀਤੀ। ਦੋ ਰੋਜ਼ਾ ਫੇਰੀ ਦੇ ਆਖਰੀ ਦਿਨ 23 ਮੈਂਬਰੀ ਵਫ਼ਦ ਵਿੱਚ ਸ਼ਾਮਲ ਫਰਾਂਸ ਦੇ ਹੈਨਰੀ ਮਾਲੋਸੇ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਜੇਕਰ ਅਸੀਂ ਧਾਰਾ 370 ਦੀ ਗੱਲ ਕਰੀਏ ਤਾਂ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ। ਸਾਨੂੰ ਵੱਡੀ ਚਿੰਤਾ ਅਤਿਵਾਦ ਦੀ ਹੈ, ਜੋ ਕਿ ਆਲਮੀ ਅਲਾਮਤ ਹੈ ਤੇ ਸਾਨੂੰ ਇਸ ਖ਼ਿਲਾਫ਼ ਲੜਨ ਲਈ ਭਾਰਤ ਨਾਲ ਖੜ੍ਹਨਾ ਚਾਹੀਦਾ ਹੈ।’ ਪੋਲੈਂਡ ਦੇ ਸੰਸਦ ਮੈਂਬਰ ਰਾਇਸਜ਼ਾਰਡ ਕਜ਼ਾਰਨੈਕੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਕੌਮਾਂਤਰੀ ਮੀਡੀਆ ਦੀ ਕਵਰੇਜ ਪੱਖਪਾਤੀ ਜਾਪਦੀ ਹੈ। ਯੂਕੇ ਨਾਲ ਸਬੰਧਤ ਨਿਊਟਨ ਡਨ ਨੇ ਫੇਰੀ ਨੂੰ ‘ਅੱਖਾਂ ਖੋਲ੍ਹਣ ਵਾਲੀ’ ਕਰਾਰ ਦਿੱਤਾ। ਫਰਾਂਸ ਦੇ ਥਿਏਰੀ ਮੈਰੀਆਨੀ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਭਾਰਤ ਆਇਆ ਹੈ ਤੇ ਮੌਜੂਦਾ ਫੇਰੀ ਦਾ ਮੰਤਵ ਭਾਰਤ ਦੇ ਅੰਦਰੂਨੀ ਮਸਲਿਆਂ ’ਚ ਦਖ਼ਲ ਦੇਣਾ ਨਹੀਂ, ਬਲਕਿ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਅੱਖੀਂ ਜਾਣਕਾਰੀ ਹਾਸਲ ਕਰਨਾ ਹੈ। ਮੈਰੀਆਨੀ ਨੇ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ‘ਸਾਨੂੰ ਫ਼ਾਸ਼ੀਵਾਦੀ ਦੱਸ ਕੇ ਸਾਡੇ ਅਕਸ ਨੂੰ ਦਾਗ਼ਦਾਰ ਕੀਤਾ ਗਿਆ ਹੈ। ਚੰਗਾ ਹੁੰਦਾ ਜੇਕਰ ਸਾਡੀ ਕਿਰਦਾਰਕੁਸ਼ੀ ਕਰਨ ਤੋਂ ਪਹਿਲਾਂ ਸਾਡੇ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਗਿਆ ਹੁੰਦਾ।’

Previous articleਪਾਕਿ ਵੱਲੋਂ ਬਾਬੇ ਨਾਨਕ ਦੀ ਯਾਦ ’ਚ ਸਿੱਕਾ ਜਾਰੀ
Next articleਕਰਤਾਰਪੁਰ ਲਾਂਘਾ: ਮੁੱਖ ਮੰਤਰੀ ਅੱਜ ਲੈਣਗੇ ਤਿਆਰੀਆਂ ਦਾ ਜਾਇਜ਼ਾ