ਧਨੇਰ ਕੇਸ: ਪੱੱਕੇ ਮੋਰਚੇ ਲਈ ਅੱਜ ਫ਼ੈਸਲੇ ਦੀ ਘੜੀ

ਲੋਕ ਘੋਲਾਂ ਦੇ ਆਗੂ ਮਨਜੀਤ ਧਨੇਰ ਨੂੰ ਕਤਲ ਦੇ ਇਕ ਕੇਸ ਵਿਚ ਹੋਈ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਕਈ ਕਿਸਾਨ ਧਿਰਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਿਮਦਪੁਰ ਮੰਡੀ ਵਿਚ ਲਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਭਲਕੇ ਇਸ ਮੋਰਚੇ ਦਾ ਛੇਵਾਂ ਦਿਨ ਅਹਿਮ ਹੋਵੇਗਾ। ਇਸ ਦੌਰਾਨ ਮੋਰਚੇ ਦੇ ਆਗੂਆਂ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦਰਮਿਆਨ ਮੀਟਿੰਗ ਹੋਣ ਜਾ ਰਹੀ ਹੈ। ਭਾਵੇਂ ਪ੍ਰਬੰਧਕ ਮੰਗ ਮੰਨੇ ਜਾਣ ਲਈ ਆਸਵੰਦ ਹਨ ਪਰ ਮੰਗ ਦੀ ਪੂਰਤੀ ਨਾ ਹੋਣ ’ਤੇ ਸਰਕਾਰ ਨਾਲ ਟੱਕਰ ਲੈਣ ਲਈ ਭਲਕੇ ਵੱਡਾ ਇਕੱਠ ਵੀ ਜੁਟਾ ਰਹੇ ਹਨ, ਜਿਨ੍ਹਾਂ ਦੀ ਪਹਿਲਕਦਮੀ ਮੋਤੀ ਮਹਿਲ ਵੱਲ ਵਹੀਰਾਂ ਘੱਤਣ ਦੀ ਹੋਵੇਗੀ। ਸਥਾਨਕ ਪ੍ਰਸ਼ਾਸਨ ਵੀ ਇਸ ਕਾਫ਼ਲੇ ਨੂੰ ਸ਼ਹਿਰ ਵੱਲ ਜਾਣ ਤੋਂ ਰੋਕਣ ਲਈ ਪਹਿਲਾਂ ਤੋਂ ਤਾਇਨਾਤ ਪੁਲੀਸ ਫੋਰਸ ਦੀ ਨਫ਼ਰੀ ਭਲ਼ਕੇ ਹੋਰ ਵਧਾ ਰਿਹਾ ਹੈ। ਕਿਸਾਨ ਦਲੀਲ ਦੇ ਰਹੇ ਹਨ ਕਿ ਮਨਜੀਤ ਧਨੇਰ ਨੂੰ ਕਥਿਤ ਤੌਰ ’ਤੇ ਝੂਠਾ ਫਸਾਇਆ ਗਿਆ ਹੈ। ਇਸੇ ਕਰਕੇ ਮੋਰਚਾ ਲੱਗਾ ਹੈ ਤਾਂ ਜੋ ਧਨੇਰ ਨੂੰ ਜੇਲ੍ਹ ਜਾਣ ਤੋਂ ਬਚਾਇਆ ਜਾ ਸਕੇ। ਕਿਸਾਨ ਨੇਤਾ ਜੋਗਿੰਦਰ ਉਗਰਾਹਾਂ, ਸੁਖਦੇਵ ਕੋਕਰੀ, ਜਗਮੋਹਣ ਉੱਪਲ ਨੇ ਕਿਹਾ ਕਿ ਰਾਜਪਾਲ ਕੋਲ ਅਜੇ ਵੀ ਸਜ਼ਾ ਮੁਆਫ਼ੀ ਦਾ ਪੂਰਨ ਅਧਿਕਾਰ ਹੈ।
ਇਸ ਮੌਕੇ ਰਾਮ ਸਿੰਘ ਮਟੋਰੜਾ, ਗੁਰਮੇਲ ਸਿੰਘ ਢਕੜੱਬਾ, ਚਮਕੌਰ ਸਿੰਘ ਨੈਣੇਵਾਲ, ਸ਼ਿੰਗਾਰਾ ਮਾਨ, ਬਨਾਰਸੀ ਦਾਸ, ਗੁਰਮੇਲ ਠੁੱਲੀਵਾਲ, ਰਾਮ ਸਿੰਘ ਹਠੂਰ, ਅਜਮੇਰ ਅਕਲੀਆ ਤੇ ਗੁਰਦੀਪ ਰਾਮਪੁਰਾ ਨੇ ਵੀ ਵਿਚਾਰ ਪੇਸ਼ ਕੀਤੇ।

Previous articleਕਰਜ਼ਾ ਮੁਆਫ਼ੀ ਲਈ ਕਿਸਾਨਾਂ ਵੱਲੋਂ ਧਰਨੇ ਸ਼ੁਰੂ
Next articleਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਦਾ ਸਵੀਡਿਸ਼ ਰਾਈਟਸ ਪੁਰਸਕਾਰ ਨਾਲ ਸਨਮਾਨ