ਦੱਖਣੀ ਕੈਲੀਫੋਰਨੀਆ ’ਚ ਭੂਚਾਲ ਨਾਲ ਇਮਾਰਤਾਂ ਡਿੱਗਿਆਂ

ਦੱਖਣੀ ਕੈਲੀਫੋਰਨੀਆ ’ਚ ਦੋ ਦਹਾਕਿਆਂ ’ਚ ਸਭ ਤੋਂ ਭਿਆਨਕ ਭੂਚਾਲ ਸ਼ੁੱਕਰਵਾਰ ਨੂੰ ਆਇਆ ਜਿਸ ਦੀ ਤੀਬਰਤਾ 7.1 ਮਾਪੀ ਗਈ। ਜ਼ੋਰਦਾਰ ਭੂਚਾਲ ਕਾਰਨ ਲੋਕ ਝੰਬੇ ਗਏ ਜੋ ਇਕ ਦਿਨ ਪਹਿਲਾਂ ਆਏ ਤੇਜ਼ ਭੂਚਾਲ ਤੋਂ ਡਰੇ ਹੋਏ ਸਨ। ਭੂਚਾਲ ਦਾ ਕੇਂਦਰ ਲਾਸ ਏਂਜਲਸ ਦੇ 150 ਮੀਲ ਉੱਤਰ-ਪੂਰਬ ’ਚ ਘੱਟ ਅਬਾਦੀ ਵਾਲਾ ਇਲਾਕਾ ਸੀ। ਐਮਰਜੈਂਸੀ ਵਰਕਰਾਂ ਅਤੇ ਸੁਰੱਖਿਆ ਬਲਾਂ ਨੂੰ ਤੁਰੰਤ ਘਟਨਾ ਸਥਾਨ ਵੱਲ ਰਵਾਨਾ ਕਰ ਦਿੱਤਾ ਗਿਆ। ਹੰਗਾਮੀ ਸੇਵਾਵਾਂ ਦੇ ਕੈਲੀਫੋਰਨੀਆ ਦਫ਼ਤਰ ਦੇ ਡਾਇਰੈਕਟਰ ਮੁਤਾਬਕ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਟਰੋਨਾ ਕਸਬੇ ’ਚ ਕਈ ਇਮਾਰਤਾਂ ਡਿੱਗ ਗਈਆਂ ਹਨ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਉਨ੍ਹਾਂ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਦੀਆਂ ਕਈ ਰਿਪੋਰਟਾਂ ਆਈਆਂ ਹਨ। ਖ਼ਿੱਤੇ ’ਚ ਬਿਜਲੀ, ਪਾਣੀ ਅਤੇ ਸੰਚਾਰ ਲਾਈਨਾਂ ਟੁੱਟ ਗਈਆਂ ਹਨ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕਿਹਾ ਕਿ ਉਨ੍ਹਾਂ ਵ੍ਹਾਈਟ ਹਾਊਸ ਤੋਂ ਹੰਗਾਮੀ ਸਹਾਇਤਾ ਦੀ ਮੰਗ ਕੀਤੀ ਹੈ ਅਤੇ ਵਸੀਲੇ ਵੱਡੇ ਪੱਧਰ ’ਤੇ ਸਰਗਰਮ ਹੋ ਗਏ ਹਨ। ਬਾਅਦ ’ਚ ਉਨ੍ਹਾਂ ਸਾਂ ਬਰਨਾਰਡਿਨੋ ਕਾਊਂਟੀ ਅਤੇ ਕੇਰਨ ਕਾਊਂਟੀ ’ਚ ਐਮਰਜੈਂਸੀ ਲਾਉਣ ਦਾ ਐਲਾਨ ਕਰ ਦਿੱਤਾ। ਲੋਕਾਂ ਦੀ ਸਹਾਇਤਾ ਲਈ ਸੁਰੱਖਿਆ ਬਲਾਂ ਦੇ ਜਵਾਨ ਅਤੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ।

Previous articleਮੈਨੂੰ ਸ਼ੋਇਬ ਦੀਆਂ ਪ੍ਰਾਪਤੀਆਂ ’ਤੇ ਮਾਣ: ਸਾਨੀਆ
Next articleਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਮੁੜ ਹੰਗਾਮਾ; ਤਿੰਨ ਫੱਟੜ