ਦ੍ਰਾਵਿੜ ਤੇ ਯੁਵੀ ਤੋਂ ਸਿੱਖੇ ਕ੍ਰਿਕਟ ਦੇ ਗੁਰ: ਸ਼ੁਭਮਨ ਗਿੱਲ

ਕ੍ਰਿਕਟਰ ਸ਼ੁਭਮਨ ਗਿੱਲ ਦੇ ਸਟ੍ਰੋਕਸ ਭਾਵੇਂ ਵਿਰਾਟ ਕੋਹਲੀ ਵਾਂਗ ਹੋਣ ਪਰ ਕ੍ਰਿਕਟ ਪ੍ਰਤੀ ਉਸ ਦਾ ਰਵੱਈਆ ਰਾਹੁਲ ਦ੍ਰਾਵਿੜ ਤੋਂ ਪ੍ਰਭਾਵਿਤ ਹੈ ਜਿਸ ਨੇ ਇਸ ਨੌਜਵਾਨ ਖਿਡਾਰੀ ਨੂੰ ਹਰ ਹਾਲਤ ਵਿੱਚ ਆਪਣੇ ਸੁਭਾਵਿਕ ਖੇਡ ’ਤੇ ਡਟੇ ਰਹਿਣ ਦੀ ਸਲਾਹ ਦਿੱਤੀ ਹੈ। ਦੋ ਹਫ਼ਤਿਆਂ ਬਾਅਦ 20 ਸਾਲਾਂ ਦੇ ਹੋਣ ਜਾ ਰਿਹਾ ਗਿੱਲ ਸਿਰਫ਼ ਦੋ ਇਕ ਰੋਜ਼ਾ ਮੈਚ ਖੇਡਣ ਦੇ ਬਾਵਜੂਦ ਚਰਚਾ ਵਿਚ ਬਣਿਆ ਹੋਇਆ ਹੈ। ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ ਵੈਸਟ ਇੰਡੀਜ਼ ਦੌਰੇ ਲਈ ਟੀਮ ਵਿੱਚ ਉਸ ਦੀ ਚੋਣ ਨਾ ਹੋਣ ’ਤੇ ਹੈਰਾਨੀ ਜ਼ਾਹਿਰ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੇ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣੇ ਗਿੱਲ ਨੇ ਕਿਹਾ, ‘‘ਰਾਹੁਲ ਸਰ ਭਾਰਤੀ ਅੰਡਰ-19 ਟੀਮ ਅਤੇ ਫਿਰ ਭਾਰਤ ‘ਏ’ ਦੇ ਸਮੇਂ ਤੋਂ ਮੇਰੇ ਕੋਚ ਹਨ। ਉਨ੍ਹਾਂ ਕੋਲੋਂ ਸਭ ਤੋਂ ਚੰਗੀ ਸਲਾਹ ਜੋ ਮੈਨੂੰ ਮਿਲੀ, ਉਸ ਨੂੰ ਮੈਂ ਹਮੇਸ਼ਾਂ ਧਿਆਨ ’ਚ ਰੱਖਦਾ ਹਾਂ। ਉਹ ਕਹਿੰਦੇ ਸਨ ਕਿ ਹਾਲਾਤ ਕੁਝ ਵੀ ਹੋਣ, ਮੈਨੂੰ ਆਪਣਾ ਸਭ ਤੋਂ ਵਧੀਆ ਸੁਭਾਵਿਕ ਖੇਡ ਨਹੀਂ ਬਦਲਣਾ ਹੈ।’’ ਉਸ ਨੇ ਕਿਹਾ, ‘‘ਮੈਂ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਦੋਹਰੇ ਸੈਂਕੜੇ ਨੂੰ ਲਾਲ ਗੇਂਦ ਦੇ ਕ੍ਰਿਕਟ ’ਚ ਆਪਣੀ ਸਭ ਤੋਂ ਵਧੀਆ ਪਾਰੀ ਆਖਾਂਗਾ।’’ ਇਹ ਪੁੱਛਣ ’ਤੇ ਕਿ ਜੇਕਰ ਸੁਭਾਵਿਕ ਖੇਡ ਦਿਖਾਉਣ ’ਤੇ ਵੀ ਵਧੀਆ ਨਤੀਜੇ ਨਾ ਨਾ ਮਿਲੇ ਤਾਂ ਉਸ ਨੇ ਕਿਹਾ, ‘‘ਜੇਕਰ ਤਕਨੀਕੀ ਰੂਪ ਤੋਂ ਮੈਨੂੰ ਮਜ਼ਬੂਤ ਬਨਣਾ ਹੈ ਤਾਂ ਆਪਣੇ ਬੇਸਿਕ ਖੇਡ ਦੇ ਅੰਦਰ ਹੀ ਸਾਰੇ ਬਦਲਾਅ ਹੋਣੇ ਚਾਹੀਦੇ ਹਨ।’’ ਉਸ ਨੇ ਕਿਹਾ, ‘‘ਰਾਹੁਲ ਸਰ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਆਪਣਾ ਖੇਡ ਬਦਲਿਆ ਤਾਂ ਉਹ ਸੁਭਾਵਿਕ ਨਹੀਂ ਹੋਵੇਗਾ ਅਤੇ ਉਸ ਤੋਂ ਸਫ਼ਲਤਾ ਨਹੀਂ ਮਿਲੇਗੀ। ਉਸ ਦਾ ਫੋਕਸ ਚੁਣੌਤੀਆਂ ਦਾ ਮਾਨਸਿਕ ਰੂਪ ਤੋਂ ਸਾਹਮਣਾ ਕਰਨ ’ਤੇ ਹੀ ਰਹੇਗਾ।’’ ਫ਼ਰੰਟਫੁੱਟ ’ਤੇ ਗਿੱਲ ਦੇ ਕਵਰ ਡਰਾਈਵਰ ਦੀ ਤੁਲਨਾ ਕੋਹਲੀ ਦੇ ਸਟ੍ਰੋਕ ਨਾਲ ਕੀਤੀ ਜਾਂਦੀ ਹੈ ਪਰ ਉਸ ਨੇ ਕਿਹਾ ਕਿ ਇਹ ਉਸ ਦਾ ਸੁਭਾਵਿਕ ਸ਼ਾਟ ਹੈ। ਉਸ ਨੇ ਕਿਹਾ, ‘‘ਮੈਂ ਸਪਿੰਨਰਾਂ ਖ਼ਿਲਾਫ਼ ਹਮਲਾਵਰ ਖੇਡਦਾ ਹਾਂ। ਬਚਪਨ ਤੋਂ ਹੀ ਮੈਂ ਸਪਿੰਨਰਾਂ ਨੂੰ ਖ਼ੂਬ ਧੋਤਾ ਹੈ। ਸਪਿੰਨਰਾਂ ਦੀ ਮਦਦਗਾਰ ਵਿਕਟ ’ਤੇ ਖੇਡਦੇ ਹੋਏ ਮੈਂ ਇਹ ਸਟ੍ਰੋਕ ਖੇਡਣ ਵਿਚ ਮੁਹਾਰਤ ਹਾਸਲ ਕੀਤੀ।’’ ਵੈਸਟ ਇੰਡੀਜ਼ ਵਿੱਚ ਲਿਸਟ ‘ਏ’ ਮੈਚਾਂ ਵਿੱਚ ‘ਪਲੇਅਰ ਆਫ਼ ਦਿ ਸੀਰੀਜ਼’ ਰਹੇ ਗਿੱਲ ਨੇ ਕਿਹਾ, ‘‘ਉਸ ਲੜੀ ਨਾਲ ਮੇਰਾ ਆਤਮਵਿਸ਼ਵਾਸ ਵਧਿਆ। ਮੈਂ ਇਸ ਤਰ੍ਹਾਂ ਦੀਆਂ ਪਾਰੀਆਂ ਨੂੰ ਦੱਖਣ ਅਫ਼ਰੀਕਾ ‘ਏ’ ਖ਼ਿਲਾਫ਼ ਵੱਡੇ ਸਕੋਰ ਵਿਚ ਬਦਲਣਾ ਚਾਹੁੰਦਾ ਹਾਂ।’’ ਉਸ ਨੇ ਕਿਹਾ, ‘‘ਮੈਦਾਨ ਤੋਂ ਬਾਹਰ ਆਉਣ ’ਤੇ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਬਾਰੇ ਕੀ ਕਿਹਾ ਜਾ ਰਿਹਾ ਹੈ। ਮੈਦਾਨ ’ਤੇ ਉਤਰਨ ਤੋਂ ਬਾਅਦ ਇਹ ਸਭ ਭੁੱਲ ਜਾਂਦੇ ਹਨ। ਤੁਸੀਂ ਸਿਰਫ਼ ਮੈਚ ਜਿੱਤਣ ’ਤੇ ਫੋਕਸ ਕਰਦੇ ਹੋ।’’ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਇਕ ਕਰੋੜ 80 ਲੱਖ ਰੁਪਏ ਵਿੱਚ ਖਰੀਦੇ ਗਏ ਗਿੱਲ ਨੂੰ ਦਬਾਅ ਦਾ ਸਾਹਮਣਾ ਕਰਨਾ ਯੁਵਰਾਜ ਸਿੰਘ ਨੇ ਸਿਖਾਇਆ। ਗਿੱਲ ਨੇ ਕਿਹਾ, ‘‘ਯੁਵੀ ਭਾਜੀ ਨੇ ਮੈਨੂੰ ਦਬਾਅ, ਸ਼ੋਹਰਤ ਤੇ ਸੁਰਖੀਆਂ ਵਿਚਾਲੇ ਆਮ ਬਣੇ ਰਹਿਣ ਦੀ ਸਲਾਹ ਦਿੱਤੀ। ਪੰਜਾਬ ਟੀਮ ਵਿੱਚ ਮੇਰੇ ਸੀਨੀਅਰ ਖਿਡਾਰੀ ਗੁਰਕੀਰਤ ਸਿੰਘ ਮਾਨ ਨੇ ਵੀ ਕਾਫੀ ਮੱਦਦ ਕੀਤੀ।’’

Previous articleਕੈਪਟਨ ਵੱਲੋਂ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਦੀ ਮੰਗ
Next articleਬਾਂਗੜ ਦੀ ਥਾਂ ਰਾਠੌੜ ਹੋਣਗੇ ਬੱਲੇਬਾਜ਼ੀ ਕੋਚ