ਦੌਰ-ਏ-ਸੋਸ਼ਲ ਮੀਡੀਆ

ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ।

         ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ  ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।

        ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਇੱਕ ਮੁਫ਼ਤ ਸੰਚਾਰ ਮਾਧਿਅਮ ਹੈ, ਜਿਸ ਦੁਆਰਾ ਕੋਈ ਵੀ ਇਨਸਾਨ ਆਪਣੀ ਨਿੱਜੀ ਅਵਾਜ਼ ਬਹੁਗਿਣਤੀ ਅਵਾਮ ਤੱਕ ਪਹੁੰਚ ਸਕਦਾ ਹੈ। 20ਵੀ ਸਦੀ ਦੇ ਆਖ਼ਰੀ ਦਹਾਕੇ ਦੌਰਾਨ  geocities.com(1994), theglobe.com(1995), tripod.com, bolt.com(1996) ਵਰਗੀਆਂ ਵੈੱਬਸਾਈਟ ਨੇ ਆਮ ਲੋਕਾਂ ਨੂੰ ਚੈਟ ਰੂਮ ਦੇ ਜ਼ਰੀਏ ਆਪਸ ਵਿੱਚ ਵਾਰਤਾਲਾਪ ਕਰਨ ਦਾ ਵਿਕਲਪ ਦਿੱਤਾ। “ਕਲਾਸਮੈਟ”(1995) ਅਤੇ “ਪਲੈਨਟਆਲ”(1996) ਨੇ ਵੀ ਹੋਰ ਸੁਧਰੇ ਰੂਪ ਵਿੱਚ ਸੋਸ਼ਲ ਮੀਡੀਆ ਦੇ ਸੰਸਾਰ ਵਿੱਚ ਆਪਣੀ ਹਾਜ਼ਰੀ ਲਗਵਾਈ। ਪਰ ਸਭ ਤੋਂ ਜ਼ਿਆਦਾ ਪਰਪੱਕ ਸੋਸ਼ਲ ਮੀਡੀਆ ਵੈੱਬਸਾਈਟ “ਸਿਕਸ ਡਿਗਰੀ” (1997) ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਸ ਐਪਲੀਕੇਸ਼ਨ ਨੇ ਬਹੁਤ ਵਿਸ਼ੇਸ਼ਤਾ ਵਾਲੇ ਪ੍ਰੋਫਾਈਲ ਬਣਾਉਣ ਦੀ ਸੁਵਿਧਾ ਆਪਣੇ ਵਰਤੋਂ ਕਾਰਾ ਨੂੰ ਦਿੱਤੀ। ਇਸ ਤੋਂ ਬਾਅਦ “ਅੋਪਨ ਡੇਅਰੀ”(1998), “ਮਿਕਸਇਨ”(1999), “ਮੇਕਆਟ ਆਫ਼ ਕਲੱਬ”(2000), “ਫਰੈਂਡਸਟਰ”(2002), “ਮਾਈ ਸਪੇਸ”(2003), “ਉਰਕੁਟ”(2004) ਨੇ ਆਪਣੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦੇ ਤੌਰ ਤੇ ਪੂਰੀ ਦੁਨੀਆ ਵਿੱਚ ਛਾਪ ਛੱਡੀ। ਇਸ ਵਿਚੋਂ ਇਕ-ਦੋ ਨੂੰ ਛੱਡ ਕੇ ਬਾਕੀ ਅੱਜ ਦੀ ਤਰੀਕ ਵਿੱਚ ਵੈੱਬਸਾਈਟ ਬੰਦ ਹੋ ਚੁੱਕੀਆਂ ਹਨ।

ਇੱਕ ਰਿਪੋਰਟ ਅਨੁਸਾਰ ਪੂਰੀ ਦੁਨੀਆ ਦੀ ਕੁੱਲ ਅਬਾਦੀ ਨਵੰਬਰ 2019 ਦੇ ਅੱਧ ਤੱਕ 7.7 ਅਰਬ ਸੀ ਜਿਸ ਵਿੱਚੋਂ 4.4 ਅਰਬ ਲੋਕਾਂ ਕੋਲ ਤੱਕ ਇੰਟਰਨੈੱਟ ਪਹੁੰਚ ਹੈ। ਇਨ੍ਹਾਂ ਹੀ ਲੋਕਾਂ ਵਿੱਚੋ 3.49 ਅਰਬ ਲੋਕ ਸੋਸ਼ਲ ਮੀਡੀਆ ਐਕਟਿਵ ਯੂਜ਼ਰ ਹਨ। ਔਸਤਨ ਇੱਕ ਇਨਸਾਨ ਦੇ ਸੱਤ ਸੋਸ਼ਲ ਮੀਡੀਆ ਅਕਾਊਂਟ ਹਨ। ਔਸਤਨ ਹਰ ਸੋਸ਼ਲ ਮੀਡੀਆ ਵਰਤੋਂਕਾਰ ਪੂਰੇ ਦਿਨ ਵਿੱਚ 142 ਮਿੰਟ ਆਪਣੇ ਸੋਸ਼ਲ ਮੀਡੀਆ ਉੱਪਰ ਬਿਤਾਉਂਦਾ ਹੈ। ਸਭ ਤੋਂ ਪਹਿਲੀ ਸੋਸ਼ਲ ਮੀਡੀਆ ਵੈੱਬਸਾਈਟ “ਸਿਕਸ ਡਿਗਰੀ” ਨੂੰ ਕਿਹਾ ਜਾ ਸਕਦਾ ਹੈ ਜਿਸ ਨੇ ਆਪਣੇ ਵਰਤੋਂਕਾਰਾਂ ਸੁਚੱਜੇ ਰੂਪ ਵਿੱਚ ਪ੍ਰੋਫਾਈਲ ਬਣਾਉਣ ਦੀ ਸੁਵਿਧਾ ਦਿੱਤੀ। ਸਿਕਸ ਡਿਗਰੀ 1997 ਤੋਂ 2001 ਤੱਕ ਚੱਲ ਸਕੀ ਕਿਉਂਕਿ ਉਸ ਸਮੇਂ ਇੰਟਰਨੈੱਟ ਨੂੰ ਵਰਤਣ ਵਾਲੇ ਲੋਕਾਂ ਦੀ ਗਿਣਤੀ ਮਹਿਜ਼ 2 ਫ਼ੀਸਦੀ ਸੀ। ਇਸ ਤੋਂ ਬਾਅਦ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਦੀ ਸੁਵਿਧਾ ਪ੍ਰਦਾਨ ਕਰਨ ਵਾਲੀਆ ਕਈ ਐਪਲੀਕੇਸ਼ਨਾਂ ਆਈਆਂ ਤੇ ਪਤਾ ਨਹੀਂ ਕਦੋਂ ਅਲੋਪ ਹੋ ਗਈਆਂ ਪਰੰਤੂ ਕਈ ਐਪਲੀਕੇਸ਼ਨ ਆਪਣੇ ਵਿਸ਼ੇਸ਼ ਗੁਣਾ ਅਤੇ ਸੁਵਿਧਾਵਾਂ ਕਾਰਨ ਆਮ ਲੋਕਾਂ ਵਿੱਚ ਕਾਫ਼ੀ ਹਰਮਨ ਪਿਆਰੀ ਹੋਈਆ ਅਤੇ ਪੂਰੀ ਦੁਨੀਆ ਵੱਡੀ ਗਿਣਤੀ ਅੱਜ ਇੰਨਾ ਦੀ ਵਰਤੋ ਕਰ ਰਹੀ ਹੈ। ਸੋ, ਆਓ, ਅੱਜ ਅਸੀ ਮੌਜੂਦਾ ਸਮੇਂ ਦੇ ਕੁੱਝ ਪ੍ਰਚਲਿਤ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਵੇਂ ਇਨ੍ਹਾਂ ਦੀ ਖੋਜ ਹੋਈ, ਕਿਵੇਂ ਇਨ੍ਹਾ ਦਾ ਨਾਮ ਰੱਖਿਆ ਗਿਆ, ਪ੍ਰਸਿੱਧੀ ਦਾ ਕਾਰਨ, ਪਹਿਲੀ ਪੋਸਟ ਕਿਸ ਨੇ ਅੱਪਲੋਡ ਕੀਤੀ, ਮੋਜੂਦਾ ਸਮੇਂ ਕਿੰਨੇ ਐਕਟਿਵ ਯੂਜ਼ਰ ਹਨ ਅਤੇ ਹੋਰ ਰੋਚਕ ਤੱਥ ਆਦਿ।

 ਫੇਸਬੁੱਕ: ਮਾਰਕ ਜੁਕਰਬਰਗ ਨੇ ਆਪਣੇ ਦੋਸਤਾ ਨਾਲ ਮਿਲ ਕੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿਖੇ ਪੜਾਈ ਕਰਦਿਆਂ ਇੱਕ ‘ਫੇਸਮਾਸ਼’ ਨਾਮ ਦੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਜੁਲਾਈ 2003 ਵਿੱਚ ਬਣਾਈ, ਇਸ ਵੈੱਬਸਾਈਟ ਉੱਪਰ  ਵਿਦਿਆਰਥੀਆ ਦੀਆ ਤਸਵੀਰਾ ਦੀ ਤੁਲਨਾ ਕਰਨ ਨੂੰ ਕਿਹਾ ਜਾਂਦਾ ਅਤੇ ਫਿਰ ਵਰਤੋਂਕਾਰ ਇਹ ਫ਼ੈਸਲਾ ਕਰਦੇ ਕਿ ਕਿਹੜੀ ਤਸਵੀਰ ਜ਼ਿਆਦਾ ਆਕਰਸ਼ਕ ਹੈ। ਯੂਨੀਵਰਸਿਟੀ ਦੀਆ ਵਿਦਿਆਰਥਣਾਂ ਦੇ ਇੰਤਰਾਜ਼ ਕਰਨ ਤੋਂ ਬਾਅਦ ਯੂਨੀਵਰਸਿਟੀ ਪ੍ਰਬੰਧਕਾ ਨੇ ਇਸ ਵੈੱਬ ਪੋਰਟਲ ਨੂੰ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਫਰਵਰੀ 4, 2004 ਵਿੱਚ “ਦੀ ਫੇਸਬੁੱਕ” ਦੀ ਖੋਜ ਮਾਰਕ ਜੁਕਰਬਰਗ ਦੁਆਰਾ ਕੀਤੀ ਗਈ । ਫੇਸਬੁੱਕ ਦੇ ਨਾਮ ਦਾ ਵਿਚਾਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭਰਵਾਈਆਂ ਜਾਂਦੀਆ ਪੇਪਰ ਸ਼ੀਟਾਂ ਤੋਂ ਲਿਆ ਗਿਆ। ਪਹਿਲਾ-ਪਹਿਲ ਇਹ ਸਿਰਫ਼ ਯੂਨੀਵਰਸਿਟੀ ਵਿਦਿਆਰਥੀਆ ਲਈ ਹੀ ਬਣਾਈ ਗਈ ਸੀ। ਇਹ ਵੈੱਬਸਾਈਟ 24 ਨਾਲ ਘੰਟਿਆਂ ਵਿੱਚ ਹੀ 1200 ਵਿਦਿਆਰਥੀ ਜੁੜ ਗਏ। ਇਸ ਦੌਰਾਨ ਹੀ ਮਾਰਕ ਦੇ ਸੀਨੀਅਰ ਵਿਦਿਆਰਥੀਆ ਨੇ ਮਾਰਕ ਉੱਪਰ ਆਪਣੇ ਵਿਚਾਰ/ਖੋਜ ਚੋਰੀ ਕਰਨ ਦਾ ਅਰੋਪ ਲਾਇਆ ਗਿਆ ਜਿਸ ਨੂੰ ਅਦਾਲਤ ਵਿੱਚ ਨਿਪਟਾ ਲਿਆ ਗਿਆ। 2005 ਵਿੱਚ ਮਾਰਕ ਨੇ “ਦੀ ਫੇਸਬੁੱਕ” ਨੂੰ ਫੇਸਬੁੱਕ ਵਿੱਚ ਤਬਦੀਲ ਕਰ ਦਿੱਤਾ। ਇਹ ਵੈੱਬਸਾਈਟ ਬਹੁਤ ਜਲਦ ਹੀ ਅਮਰੀਕਾ ਦੀਆ ਹੋਰਨਾ ਯੂਨੀਵਰਸਿਟੀਆਂ ਤੱਕ ਆਪਣਾ ਪਸਾਰ ਕਰਨ ਵਿੱਚ ਕਾਮਯਾਬ ਹੋ ਗਈ। 2006 ਵਿੱਚ ਇਸ ਨੂੰ ਪੂਰੀ ਦੁਨੀਆ ਲਈ ਓਪਨ ਕਰ ਦਿੱਤਾ ਗਿਆ ਜਿਸ ਦੇ ਲਈ ਦੋ ਸ਼ਰਤਾਂ ਸਨ ਪਹਿਲੀ ਤਾਂ ਇਸ ਨਾਲ ਜੁੜਨ ਦੇ ਚਾਹਵਾਨ ਇਨਸਾਨ ਕੌਲ ਆਪਣਾ ਇੱਕ ਯੋਗ ਈਮੇਲ ਪਤਾ ਹੋਵੇ ਅਤੇ ਉਸ ਦੀ ਉਮਰ 13 ਸਾਲ ਤੋਂ ਉੱਪਰ ਹੋਵੇ। ਫੇਸਬੁੱਕ ਅੱਜ ਦੇ ਸਮੇ 40 ਤੋਂ ਉੱਪਰ ਭਾਸ਼ਾਵਾਂ ਵਿੱਚ ਉਪਲਬਧ ਹੈ। ਇੱਕ ਰਿਪੋਰਟ ਮੁਤਾਬਿਕ ਇਸ ਉੱਪਰ ਹਰੇਕ ਇਨਸਾਨ ਦੇ ਔਸਤਨ 155 ਦੋਸਤ ਹਨ ਅਤੇ ਕੁੱਲ ਮਹੀਨਾਵਾਰ 2.45 ਅਰਬ ਐਕਟਿਵ ਵਰਤੋਂਕਾਰ ਹਨ। ਸਭ ਤੋਂ ਵੱਧ ਪੁਰਤਗਾਲੀ ਫੁੱਟਬਾਲ ਖਿਡਾਰੀ ਕ੍ਰਿਸਟੀਨੋ ਰੋਨਾਲਡੋ ਦੇ ਫੋਲੋਵਰ ਹਨ, ਜਿੰਨਾ ਦੀ ਗਿਣਤੀ 12.5 ਕਰੋੜ ਤੋਂ ਵੱਧ ਹੈ। ਤਕਰੀਬਨ ਇੱਕ ਮਿੰਟ ਵਿੱਚ 1.5 ਲੱਖ ਸੰਦੇਸ਼ ਭੇਜੇ ਜਾਂਦੇ ਹਨ। ਫੇਸਬੁੱਕ ਦੇ ਇਸ ਸਾਲ ਦੀ ਪਹਿਲੀ ਛਿਮਾਹੀ ਦੇ ਅੰਤ ਤੱਕ ਇੱਕ ਰਿਪੋਰਟ ਅਨੁਸਾਰ 2.37 ਅਰਬ ਐਕਟਿਵ ਯੂਜ਼ਰ ਦੱਸੇ ਗਏ, ਇਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਇਸ ਉੱਪਰ ਤਕਰੀਬਨ 3 ਕਰੋੜ ਇਸ ਸੰਸਾਰ ਤੋਂ ਵਿਦਾ ਹੋ ਚੁੱਕੇ ਇਨਸਾਨਾਂ ਦੇ ਪ੍ਰੋਫਾਈਲ ਵੀ ਹਨ। ਸਭ ਤੋਂ ਵੱਧ ਲਾਇਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਮਿਸ਼ੈਲ ਓਬਾਮਾ ਦੀ ਉਸ ਤਸਵੀਰ ਨੂੰ ਮਿਲੇ ਹਨ ਜਿਹੜੀ ਕਿ ਉਨ੍ਹਾ ਨੇ 2012 ਵਿੱਚ ਦੂਜੀ ਵਾਰ ਚੋਣ ਜਿੱਤਣ ਮਗਰੋਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਪੋਸਟ ਕੀਤੀ ਜਿਸ ਨੂੰ ਕੁੱਲ 45 ਲੱਖ ਲਾਇਕ ਮਿਲੇ। ਫੇਸਬੁੱਕ ਉੱਪਰ ਪਹਿਲਾ ਪ੍ਰੋਫਾਈਲ ਮਾਰਕ ਜ਼ੁਕਰਬਰਗ ਨੇ ਆਪਣਾ ਬਣਾਇਆ। ਫੇਸਬੁੱਕ ਦੇ ਸੰਸਥਾਪਕ ਮਾਰਕ ਯੁਕਰਬਰਗ ਦੀ ਨੈੱਟ ਵਰਥ ਮਾਰਚ 2019 ਦੇ ਸਮੇਂ 62.3 ਅਰਬ ਸੀ । ਇਕ ਰੋਚਕ ਤੱਥ ਇਹ ਵੀ ਹੈ ਕਿ ਮਾਰਕ ਦੀ ਸਲਾਨਾ ਤਨਖ਼ਾਹ ਮਹਿਜ਼ ਇੱਕ ਅਮਰੀਕਨ ਡਾਲਰ ਹੈ ਪਰ ਜਦੋਂ ਨੈੱਟ ਵਰਥ ਬਿਲੀਅਨ ਵਿੱਚ ਹੋਵੇ ਤਾਂ ਤਨਖ਼ਾਹ ਨਾਲ ਕੁੱਝ ਫ਼ਰਕ ਵੀ ਨਹੀਂ ਪੈਂਦਾ। ਫੇਸਬੁੱਕ ਉੱਪਰ ਪ੍ਰਤੀ ਸਕਿੰਟ ਛੇ ਪ੍ਰੋਫਾਈਲ ਨਵੇਂ ਬਣਾਏ ਜਾਂਦੇ ਹਨ ਅਤੇ 35 ਕਰੋੜ ਫ਼ੋਟੋ ਹਰ ਦਿਨ ਅੱਪਲੋਡ ਕੀਤੀਆਂ ਜਾਂਦੀਆਂ ਹਨ।

ਪਿਛਲੇ ਸਮੇਂ ਦੌਰਾਨ ਫੇਸਬੁੱਕ ਨੂੰ ਅਦਾਲਤ ਨੇ ਆਪਣੇ ਵਰਤੋਂਕਾਰਾਂ ਦਾ ਡਾਟਾ ਦਾ ਅਦਾਨ ਪ੍ਰਦਾਨ ਕਰਨ ਲਈ ਭਾਰੀ ਜੁਰਮਾਨਾ ਵੀ ਲਾਇਆ । ਚੀਨ ਦੇਸ਼ ਨੇ 2009 ਤੋਂ ਫੇਸਬੁੱਕ ਨੂੰ ਆਪਣੇ ਦੇਸ਼ ਵਿੱਚ ਬੈਨ ਕੀਤਾ ਹੋਇਆ ਹੈ। ਫੇਸਬੁੱਕ ਉੱਪਰ ਇਕ ਅੰਦਾਜ਼ੇ ਮੁਤਾਬਿਕ 6 ਲੱਖ ਤੋਂ ਵੱਧ ਸਾਈਬਰ ਹਮਲੇ ਇੱਕ ਘੰਟੇ ਵਿੱਚ ਹੁੰਦੇ ਹਨ। ਇੱਕ ਹੋਰ ਰੋਚਕ ਜਾਣਕਾਰੀ ਸੁਣਨ ਨੂੰ ਮਿਲਦੀ ਹੈ ਕਿ ਅਮਰੀਕਾ ਵਿੱਚ ਇੱਕ ਚੋਰ ਕਿਸੇ ਦੇ ਘਰ ਚੋਰੀ ਕਰਨ ਗਿਆ ਅਤੇ ਚੋਰੀ ਕਰਨ ਤੋਂ ਬਾਅਦ ਉਸ ਘਰ ਵਿੱਚ ਕੰਪਿਊਟਰ ਉੱਪਰ ਆਪਣਾ ਫੇਸਬੁੱਕ ਅਕਾਊਂਟ ਖੋਲ੍ਹਣ ਤੋ ਬਾਅਦ ਲਾਗ ਆਊਟ ਕਰਨਾ ਭੁੱਲ ਗਿਆ ਅਤੇ ਫੜਿਆ ਗਿਆ। ਫੇਸਬੁੱਕ  ਤੇ ਬਿਨਾਂ ਕਿਸੇ ਫ਼ੀਸ ਤੇ ਰਜਿਸਟਰਡ ਕੀਤਾ ਜਾ ਸਕਦਾ ਹੈ ਅਤੇ ਫੇਸਬੁੱਕ ਆਪਣੀ ਕਮਾਈ ਇਸ਼ਤਿਹਾਰ ਰਾਹੀ ਕਰਦਾ ਹੈ।

ਯੂ-ਟਿਊਬ : ਇਹ ਇੱਕ ਵੀਡੀਓ ਸ਼ੇਅਰਿੰਗ ਵੈੱਬੱਸਾਈਟ ਹੈ। ਇਸ ਦੀ ਖੋਜ ਸੰਯੁਕਤ ਰੂਪ ਵਿੱਚ ‘ਪੇਅਪਾਲ’ ਕੰਪਨੀ ਵਿੱਚ ਕੰਮ ਕਰ ਚੁੱਕੇ ਤਿੰਨ ਦੋਸਤਾਂ ਚਾਡ ਹਾਰਲੀ, ਜਾਵੇਦ ਕਾਰੀਮ ਅਤੇ ਸਟੀਵ ਚੈਨ ਨੇ 2005  ਵਿੱਚ ਕੀਤੀ। ਯੂ-ਟਿਊਬ ਸ਼ਬਦ ਦੇ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਭਾਵ ‘ਤੁਹਾਡਾ ਟੀ.ਵੀ ‘ ਕੀਤਾ ਜਾਂਦਾ ਹੈ। ਇਸ ਦੇ ਖੋਜ ਕਰਤਾਵਾਂ ਦੇ ਦਿਮਾਗ਼ ਵਿੱਚ ਇਸ ਦੀ ਖੋਜ ਕਰਨ ਦਾ ਖ਼ਿਆਲ ਪਹਿਲਾ-ਪਹਿਲ  ਆਪਣੀਆਂ ਨਿੱਜੀ ਵੀਡੀਉਜ਼  ਇੰਟਰਨੈੱਟ ਤੇ ਸ਼ੇਅਰ ਕਰਨ ਲਈ ਆਇਆ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਮਾਗ ਅੰਦਰ ਇਹ ਵੀ ਖ਼ਿਆਲ ਸੀ ਕਿ ਕਿਸੇ ਵੀ ਕੁਦਰਤੀ ਅਣਹੋਣੀ ਆਉਣ ਸਮੇਂ ਉਹ ਦ੍ਰਿਸ਼ ਕਿਸੇ ਨਾ ਕਿਸੇ ਇਨਸਾਨ ਦੇ ਕੈਮਰੇ ਵਿੱਚ ਕੈਦ ਹੋ ਜਾਂਦੇ ਹਨ ਪਰ ਅਜਿਹਾ ਕੋਈ ਸਾਂਝਾ ਪਲੇਟਫ਼ਾਰਮ ਨਾ ਹੋਣ ਦੀ ਸੂਰਤ ਵਿੱਚ ਉਹ ਦੁਨੀਆ ਸਾਹਮਣੇ ਨਹੀਂ ਆ ਪਾਉਂਦੇ ਇਸ ਹੀ ਮੁਸ਼ਕਿਲ ਨੂੰ ਦੂਰ ਕਰਨ ਲਈ ਯੂ-ਟਿਊਬ ਹੋਂਦ ਵਿੱਚ ਆਈ । ਇਹ ਤਿੰਨੇ ਦੋਸਤ ਇਸ ਤੋਂ ਪਹਿਲਾ ਇਕ ‘ਟਿਊਨ-ਇਨ-ਹੂਕਅੱਪ’ ਡੇਟਿੰਗ ਵੈੱਬਸਾਈਟ ਦਾ ਨਿਰਮਾਣ ਕਰ ਚੁੱਕੇ ਸਨ ਜੋ ਕਿ ਬਹੁਤੀ ਸਫਲ ਨਹੀਂ ਹੋ ਸਕੀ ਸੀ। 14 ਫਰਵਰੀ 2005  ਵੈਲੇਨਟਾਈਨ ਵਾਲੇ ਦਿਨ ਯੂ-ਟਿਊਬ ਨੂੰ ਰਜਿਸਟਰ ਕਰਵਾਇਆ ਗਿਆ ਅਤੇ ਅਪ੍ਰੈਲ 2005  ਵਿੱਚ ਇਸ ‘ਤੇ ਜਨਤਕ ਤੌਰ ਤੇ ਵੀਡੀਉਜ਼ ਅੱਪਲੋਡ ਕਰਨ ਦੀ ਸੁਵਿਧਾ ਦਿੱਤੀ ਗਈ। ਸਭ ਤੋ ਪਹਿਲੀ ਵੀਡੀਉ ਜਾਵੇਦ ਕਾਰੀਮ ਦੁਆਰਾ 23 ਅਪ੍ਰੈਲ 2005  ਨੂੰ ਅੱਪਲੋਡ ਕੀਤੀ ਗਈ ਜਿਸ ਦਾ ਸਿਰਲੇਖ ਸੀ ‘ਮੀ ਐਂਟ ਦੀ ਯੂ’ ਜਿਹੜੀ ਕਿ ਕੈਲੇਫੋਰਨੀਆ ਦੇ ‘ਸੇਨ ਡਿਆਗੂ ਯੂ’ ਉੱਤੇ ਅਧਾਰਿਤ ਸੀ , ਜਿਸ ਨੂੰ ਕਿ ਬਹੁਤ ਪਸੰਦ ਕੀਤਾ ਗਿਆ।  ਯੂ-ਟਿਊਬ ਬਹੁਤ ਜਲਦੀ ਹੀ ਲੋਕ-ਪ੍ਰਿਆ ਹੋ ਗਈ ਜਿਸ ਕਾਰਨ ਇਸ ਨੂੰ ਦੁਨੀਆ ਦੀ ਮੰਨੀ-ਪ੍ਰਮੰਨੀ ਕੰਪਨੀ ‘ਗੂਗਲ’ ਨੇ ੨੦੦੬ 1.65  ਅਰਬ ਅਮਰੀਕਨ ਡਾਲਰ  ਵਿੱਚ ਖ਼ਰੀਦ ਲਿਆ।

ਬਰਾਜ਼ੀਲ ਫੁੱਟਬਾਲ ਖਿਡਾਰੀ ਰੋਨਾਲੀਡਨਹੋ ਦੀ ਨਾਈਕ ਕੰਪਨੀ ਦੁਆਰਾ ਸਪਾਂਸਰ ਵੀਡੀਉ ‘ਟੱਚ ਆਫ਼ ਗੋਲਡ’ ਇੱਕ ਮਿਲੀਅਨ ਵੀਊ ਪ੍ਰਾਪਤ ਕਰਨ ਵਾਲੀ ਪਹਿਲੀ ਵੀਡੀਉ ਅਕਤੂਬਰ 2005  ਵਿੱਚ ਬਣੀ। ਜਦੋਂ ਕਿ ‘ਯੂ ਟਿਊਬ ਰੀਵਾਈਡ ਕੰਟਰੋਲ ‘ ਨਾਮਕ ਵੀਡੀਉ ਨੂੰ ਸਭ ਤੋ ਜ਼ਿਆਦਾ ਨਾਪਸੰਦ ਕਰਨ ਵਾਲੀ ਵੀਡੀਉ ਬਣਨ ਦੀ ਨਮੋਸ਼ੀ ਝੱਲਣੀ ਪਈ।ਯੂ ਟਿਊਬ ਉੱਪਰ ਡੀਪਾਸਿਟੋ ਫੀਟ ਡੈਡੀ ਯੈਂਕੀ ਨਾਮਕ ਵੀਡੀਉ 80 ਕਰੋੜ ਵਿਊਜ਼ ਪ੍ਰਾਪਤ ਕਰਕੇ ਸਭ ਤੋਂ ਲੋਕਪ੍ਰਿਆ ਵੀਡੀਉ ਬਣੀ ਹੋਈ ਹੈ।ਅੱਜ ਦੇ ਸਮੇਂ ਤਕਰੀਬਨ ਹਰੇਕ ਵਿਸ਼ੇ ਜਿਵੇਂ ਪੜਾਈ-ਲਿਖਾਈ, ਖੇਡਾਂ, ਧਰਮ, ਕਲਾਂ, ਰਾਜਨੀਤੀ, ਫ਼ੈਸ਼ਨ, ਵਿਗਿਆਨ, ਸਿਹਤ, ਸੰਗੀਤ, ਖੇਤੀਬਾੜੀ, ਐਨੀਮੇਸ਼ਨ, ਕਾਰਟੂਨ, ਕੁਕਿੰਗ ਆਦਿ ਨਾਲ ਸਬੰਧਿਤ ਅਣਗਿਣਤ ਚੈਨਲ ਸਫਲਤਾਪੂਰਵਕ  ਯੂ-ਟਿਊਬ ਉੱਤੇ ਚੱਲ ਰਹੇ ਹਨ । ਯੂ-ਟਿਊਬ ਯੂਜ਼ਰ ਨੂੰ ਵੀਡੀਉ ਅੱਪਲੋਡ ਕਰਨ ਦੇ ਨਾਲ-ਨਾਲ ਲਾਇਕ, ਕੁੰਮੇਟ, ਸ਼ੇਅਰ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਤੁਹਾਨੂੰ ਆਪਣੀ ਵੀਡੀਉਜ਼ ਅੱਪਲੋਡ ਕਰਨ ਲਈ ਆਪਣੀ ਜ਼ੀ-ਮੇਲ ਆਡੀ ਦੀ ਵਰਤੋ ਕਰਕੇ ਯੂ-ਟਿਊਬ ਤੇ ਆਪਣਾ ਇੱਕ ਚੈਨਲ ਬਣਾਉਣਾ ਹੋਵੇਗਾ ਜੋ ਕਿ ਯੂ ਟਿਊਬ ਦੀ ਮੁਫ਼ਤ ਸੁਵਿਧਾ ਹੈ ਅਤੇ ਜੇਕਰ ਤੁਹਾਡੇ ਚੈਨਲ ਉੱਤੇ ਸ਼ੇਅਰ ਕੀਤੀਆਂ ਵੀਡੀਉਜ਼ ਹੋਰ ਵਰਤੋਂਕਾਰਾਂ ਨੂੰ ਪਸੰਦ ਆਉਣ ਲੱਗ ਜਾਣ ਤਾਂ ਤੁਹਾਨੂੰ ਉਸ ਦਾ ਵਿੱਤੀ ਲਾਭ ਵੀ ਮਿਲੇਗਾ ਸ਼ਰਤ ਬੱਸ ਇੰਨੀ ਹੀ ਹੈ ਕਿ ਤੁਹਾਡੇ ਵੀਡੀਓਜ਼ ਦੇ ਕੁੱਲ ਵਿਊਜ਼ ਦੀ ਗਿਣਤੀ ਦਸ ਹਜ਼ਾਰ ਦੇ ਅੰਕੜੇ ਨੂੰ ਪਾਰ ਕਰਨੀ ਚਾਹੀਦੀ ਹੈ।ਤੁਸੀਂ ਕਿਸੇ ਵੀ ਵੀਡੀਉਜ਼ ਨੂੰ ਆਪਣੀ ਮਰਜ਼ੀ ਅਨੁਸਾਰ ਜਦੋਂ ਮਰਜ਼ੀ ਕਿਸੇ ਵੀ ਸਥਾਨ ਤੇ ਜਿੰਨੀ ਵਾਰ ਦੁਬਾਰਾ-ਦੁਬਾਰਾ ਵੇਖ ਸਕਦੇ ਹੋ ਇਸ ਲਈ ਤਾਂ ਇਸ ਨੂੰ ਭਵਿੱਖ ਦਾ ਟੀ.ਵੀ ਵੀ ਆਖਿਆ ਜਾਣ ਲੱਗ ਪਿਆ ਹੈ। ਗੂਗਲ ਦੇ ਸੀ.ਈ.ਉ ਸੁੰਦਰ ਪਿਚਾਈ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ , “YouTube Is Far Bigger Than TV” । ਇੱਕ ਸਰਵੇ ਮੁਤਾਬਿਕ ਯੂ-ਟਿਊਬ ਉੱਤੇ 2 ਅਰਬ ਐਕਟਿਵ ਯੂਜ਼ਰ ਹਨ ਅਤੇ ਤਕਰੀਬਨ 500 ਘੰਟਿਆਂ ਦੀ ਵੀਡੀਉਜ਼ ਹਰ ਮਿੰਟ ਇਸ ਤੇ ਅੱਪਲੋਡ ਕੀਤੀਆ ਜਾਂਦੀਆਂ ਹਨ। ਇੱਕ ਅਰਬ ਘੰਟੇ ਦੀ ਯੂ ਟਿਊਬ ਵੀਡੀਉਜ਼ ਨੂੰ ਪ੍ਰਤੀ ਦਿਨ ਵੇਖਿਆ ਜਾਂਦਾ ਹੈ।

ਟਵਿੱਟਰ: ਟਵਿੱਟਰ ਇੱਕ ਹੋਰ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਹੈ। ਜਿਸ ਦੀ ਖੋਜ ਸੰਯੁਕਤ ਰੂਪ ਵਿੱਚ ਜੈੱਕ ਡੋਰਸੀ, ਇਵਾਨ ਵਿਲੀਅਮਜ਼, ਬਿਜ਼ ਸਟੋਨ ਅਤੇ ਨੋਹ ਗਾਲਜ਼ ਨੇ 2006 ਵਿੱਚ ਕੀਤੀ। ਪਹਿਲਾ ਇਸ ਦਾ ਨਾਮ “ਫਰੈਂਡਸ ਟਾਕਰ” ਹੋਣ ਵਾਲਾ ਸੀ ਪਰ ਫਿਰ ਟਵਿੱਟਰ ਰੱਖਿਆ ਗਿਆ।ਇਸ ਦੇ ਲੋਗੋ ਵਿੱਚ ਵਿਖਾਈ ਦੇਣ ਵਾਲੇ ਪੰਛੀ ਦਾ ਨਾਮ ਲੈਰੀ ਬਰਡ ਹੈ ਜੋ ਕਿ ਪ੍ਰਸਿੱਧ ਬਾਸਕਟਬਾਲ ਖਿਡਾਰੀ ਲੈਰੀ ਬਰਡ ਦੇ ਨਾਮ ਤੋਂ ਰੱਖਿਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 2013 ਤੱਕ ਟਵਿੱਟਰ ਨੂੰ ਕੋਈ ਵਿਤੀ ਫ਼ਾਇਦਾ ਨਹੀ ਹੋਇਆ ਪਰ ਫਿਰ ਵੀ ਇਸ ਦੇ ਡਿਵੈਲਪਰ ਨੇ ਇਸ ਨੂੰ ਚਲਾਈ ਰੱਖਿਆ, ਜਿਸ ਦਾ ਲਾਭ ਹੁਣ ਉਨ੍ਹਾ ਨੂੰ ਮਿਲ ਰਿਹਾ ਹੈ।ਟਵਿੱਟਰ ਦੀ ਪ੍ਰਸਿੱਧੀ ਦਾ ਕਾਰਨ ਇਸ ਗੱਲ ਤੋਂ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਫੇਸਬੁੱਕ ਨੇ ਇਸ ਨੂੰ ਦੋ ਵਾਰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀ ਹੋ ਸਕੇ।ਚੀਨ ਵਿੱਚ ਟਵਿੱਟਰ ਉੱਪਰ ਪ੍ਰਤੀਬੰਧ ਹੈ ਉਨ੍ਹਾ ਨੇ ਆਪਣਾ ਟਵਿੱਟਰ ਵਾਗ ਸੋਸ਼ਲ ਮੀਡੀਆ ਪਲੇਟਫ਼ਾਰਮ “ਵੈਬੋ” ਈਜਾਦ ਕੀਤਾ ਹੋਇਆ ਹੈ। ਇਸ ਉੱਪਰ ਸਭ ਤੋਂ ਪਹਿਲਾ ਟਵੀਟ ਇਸ ਦੇ ਖੋਜ ਕਰਤਾ ਜੈੱਕ ਡੋਰਸੀ ਨੇ 21 ਮਾਰਚ 2006 ਵਿਚ ਦੁਪਹਿਰ ਦੇ 2.50 ਵਜੇ ਕੀਤਾ ਜਿਸ ਦੇ ਸ਼ਬਦ ਸਨ, “Just Setting up my twitter”। ਟਵਿੱਟਰ  ਉੱਪਰ ਕੈਟੀ ਪੈਰੀ ਅਮਰੀਕਨ ਗਾਇਕਾ ਦੇ ਸਭ ਤੋਂ ਵੱਧ ਫਲੋਵਰ ਹਨ।ਤੁਸੀ ਆਪਣੇ ਵਲੋ ਕੀਤੇ ਗਏ ਪਹਿਲੇ ਟਵੀਟ ਨੂੰ firsttweets.com ਉੱਪਰ ਜਾ ਕੇ ਵੇਖ ਸਕਦੇ ਹੋ। ਅਮਰੀਕਨ ਕੇਂਦਰੀ ਖ਼ੁਫ਼ੀਆ ਏਜੰਸੀ (391) ਤਕਰੀਬਨ 5੦ ਲੱਖ ਟਵੀਟਸ ਸੁਰੱਖਿਆ ਕਾਰਨਾਂ ਕਰਕੇ ਹਰ ਰੋਜ਼ ਪੜ੍ਹਦੀ ਹੈ । ਭਾਰਤ ਦੇ ਸਿਆਸਤਦਾਨਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਟਵਿੱਟਰ ਦੀ ਵਰਤੋਂ ਖ਼ੂਬ ਕਰਦੇ ਹਨ। ਟਵਿੱਟਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਹੈ ਕਿ ਇਸ ਮਾਧਿਅਮ ਉੱਪਰ ਸਿਆਸੀ ਇਸ਼ਤਿਹਾਰ ਤੇ ਪਾਬੰਦੀ ਰਹੇਗੀ ਪਰ ਨਾਲ ਹੀ ਸਮਾਜਿਕ ਸੁਨੇਹਾ ਦੇਣ ਵਾਲੀਆ ਪੋਸਟ ਨੂੰ ਇਸ ਵਿੱਚੋਂ ਛੋਟ ਦਿੱਤੀ ਗਈ ਹੈ। ਟਵਿੱਟਰ ਦੇ ਐਕਟਿਵ ਯੂਜ਼ਰ ਦੀ ਗਿਣਤੀ ਇੱਕ ਰਿਪੋਰਟ ਅਨੁਸਾਰ ਜੁਲਾਈ 2019 ਦੇ ਅੰਤ ਤੱਕ 33 ਕਰੋੜ ਸੀ।

ਇੰਸਟਾਗਰਾਮ: ਇੰਸਟਾਗ੍ਰਾਮ ਦੀ ਖੋਜ ਕੇਵਿਨ ਸਿਸਟਰੋਮ ਅਤੇ ਮਾਈਕ ਕਰੀਗਰ ਨੇ ਸੰਯੁਕਤ ਰੂਪ ਵਿੱਚ 2010 ਵਿੱਚ ਕੀਤੀ । ਪਹਿਲਾ ਪਹਿਲ ਇਸ ਨੂੰ ਸਿਰਫ ਐਪਲ ਸਟੋਰ ਉੱਪਰ ਹੀ ਉਪਲਬਧ ਕਰਵਾਇਆ ਗਿਆ ਪਰ ਇੱਕ ਸਾਲ ਬਾਅਦ ਐਡਰਾਇਡ ਪਲੇਟਫ਼ਾਰਮ ਉੱਪਰ ਵੀ ਇਹ ਉਪਲਬਧ ਹੋ ਗਿਆ 2012 ਵਿੱਚ ਇਸ ਦੀ ਵੈੱਬਸਾਈਟ ਵੀ ਜਾਰੀ ਕੀਤੀ ਗਈ। ਸਭ ਤੋਂ ਪਹਿਲੀ ਪੋਸਟ ਇਸ ਉੱਪਰ ਮਾਈਕ ਕਰੀਜ਼ਰ ਦੁਆਰਾ 16 ਜੁਲਾਈ, 2010 ਨੂੰ ਸ਼ਾਮ 5:26 ਵਜੇ ਪੋਸਟ ਕੀਤੀ ਗਈ ਜੋ ਕਿ  ਦੱਖਣੀ ਬੀਚ ਹਾਰਬਰ ਦੀ ਤਸਵੀਰ ਸੀ।ਇੰਸਟਾਗ੍ਰਾਮ ਦੋ ਸ਼ਬਦਾਂ ਦੇ ਮੇਲ ਤੋਂ ਬਣਾਇਆ ਗਿਆ ਸ਼ਬਦ ਹੈ ਇਹ ਹਨ ਇੰਸਟਾ ਅਤੇ ਗ੍ਰਾਮ, ਜਿਸ ਵਿੱਚ ਇੰਸਟਾ ਇੰਸਟੈਨਟ ਕੈਮਰਾ ਸ਼ਬਦ ਤੋਂ ਲਿਆ ਗਿਆ ਹੈ ਅਤੇ ਗ੍ਰਾਮ ਟੈਲੀਗਰਾਮ ਤੋਂ ਲਿਆ ਗਿਆ ਸ਼ਬਦ ਹੈ। ਇੰਸਟਾਗ੍ਰਾਮ ਦੀ ਪ੍ਰਸਿੱਧੀ ਕਾਰਨ ਹੀ ਫੇਸੱਬੁਕ ਨੇ ਇਸ ਨੂੰ ਅਪ੍ਰੈਲ 9, 2012 ਵਿੱਚ ਇੱਕ ਬਿਲੀਅਨ ਅਮਰੀਕਨ ਡਾਲਰ ਵਿੱਚ ਖ਼ਰੀਦ ਲਿਆ। ਇੰਸਟਾਗ੍ਰਾਮ ਉੱਪਰ ਹੈਰਾਨੀ ਵਾਲੀ ਗਾਲ ਇਹ ਹੈ ਕਿ ਇਸ ਨੂੰ ਸਭ ਉੱਪਰ ਜ਼ਿਆਦਾ ਮਹਿਲਾ ਵਰਤੋਂਕਾਰ ਹਨ ਜਿਹੜੇ ਕਿ ਇਸ ਦੇ ਕੁੱਲ ਵਰਤੋਂਕਾਰਾ ਦੀ 68 ਫ਼ੀਸਦੀ ਹੈ। ਚੀਨ, ਉੱਤਰੀ ਕੋਰੀਆ ਅਤੇ ਤੁਰਕੀ ਵਿੱਚ ਇੰਸਟਾ ਉੱਪਰ ਵੀ ਬੈਨ ਲੱਗਾ ਹੋਇਆ ਹੈ। ਪੁਰਤਗਾਲੀ ਫੁੱਟਬਾਲ ਖਿਡਾਰੀ ਇੰਸਟਾ ਉੱਪਰ ਵੀ ਸਭ ਤੋ ਲੋਕਪ੍ਰਿਆ ਸ਼ਖ਼ਸੀਅਤ ਹਨ ਜਿਸ ਦੇ ਕਿ 19 ਕਰੋੜ ਫੋਲੋਵਰ ਹਨ। ਉਸ ਨੂੰ ਪ੍ਰਤੀ ਪ੍ਰਯੋਜਿਤ ਪੋਸਟ ‘ਤੇ 6.73 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਇੰਸਟਾਗ੍ਰਾਮ ਦੇ ਇਸ ਸਾਲ ਦੀ ਪਹਿਲੀ ਛਿਮਾਹੀ ਦੇ ਅੰਤ ਤੱਕ ਇੱਕ ਰਿਪੋਰਟ ਅਨੁਸਾਰ 1 ਅਰਬ ਐਕਟਿਵ ਯੂਜ਼ਰ ਦੱਸੇ ਗਏ। ਇੰਸਟਾਗ੍ਰਾਮ ਉੱਪਰ ਸਭ ਤੋਂ ਜ਼ਿਆਦਾ ਲਾਇਕ ਪ੍ਰਾਪਤ ਕਰਨ ਵਾਲੀ ਤਸਵੀਰ ਇੱਕ ਅੰਡੇ ਦੀ ਹੈ ਜਿਸ ਨੂੰ ਕਿ ਵਰਲਡ ਰਿਕਾਰਡ ਐਗ ਨਾਮਕ ਅਕਾਊਂਟ ਤੋਂ ਅੱਪਲੋਡ ਕੀਤਾ ਗਿਆ ਸੀ। ਜਿਸ ਨੂੰ ਕਿ ਹੁਣ ਤੱਕ 5.3 ਕਰੋੜ ਵਿਊਜ਼ ਮਿਲ ਚੁੱਕੇ ਹਨ।

ਲਿੰਕਡਨ: ਲਿੰਕਡਨ ਇੱਕ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ਹੈ ਜੋ ਵੈੱਬਸਾਈਟਾਂ ਅਤੇ ਮੋਬਾਈਲ ਐਪਸ ਉੱਪਰ ਕੰਮ ਕਰਦਾ ਹੈ। 28 ਦਸੰਬਰ, 2002 ਨੂੰ ਇਸ ਦੀ ਖੋਜ ਹੋਈ ਅਤੇ 5 ਮਈ, 2003 ਨੂੰ ਇਸ ਨੂੰ ਅਧਿਕਾਰਤ ਰੂਪ ਵਿੱਚ ਲਾਂਚ ਕੀਤਾ ਗਿਆ, ਇਹ ਮੁੱਖ ਤੌਰ ਤੇ ਪੇਸ਼ੇਵਾਰ ਨੈੱਟਵਰਕਿੰਗ ਲਈ ਵਰਤੀ ਜਾਂਦੀ ਹੈ, ਜਿਸ ਵਿੱਚ ਰੁਜ਼ਗਾਰ ਮਾਲਕ ਨੌਕਰੀਆਂ ਦੀਆ ਪੋਸਟਾਂ ਅਤੇ ਨੌਕਰੀ ਲੱਭਣ ਵਾਲੇ ਆਪਣੀਆਂ ਸੀਵੀਜ਼ ਪੋਸਟ ਕਰਦੇ ਹਨ। ਕੰਪਨੀ ਦੀ ਸਥਾਪਨਾ ਦਸੰਬਰ 2002 ਵਿੱਚ ਰੀਡ ਹਾਫ਼ ਮੈਨ ਅਤੇ ਉਸ ਦੇ ਸਾਥੀ ਜੋ ਕਿ ਪੇਪਾਲ ਅਤੇ ਸੋਸ਼ਲਲੈੱਟ ਡਾਟ ਕਾਮ ਨਾਮਕ ਕੰਪਨੀਆਂ ਦੇ ਕਰਮਚਾਰੀ ਸਨ ਨੇ ਸਾਂਝੇ ਰੂਪ ਵਿੱਚ ਕੀਤੀ (ਐਲੇਨ ਬਲਿ, ਏਰਿਕ ਲਾਇ, ਜੀਨ-ਲੂਕ ਵੈਲਲੈਂਟ, ਲੀ ਹੋਵਰ, ਕੌਨਸਟੈਂਟਿਨ ਗੁਰੀਕਕੇ, ਸਟੀਫਨ ਬਿਟਜ਼ਲ, ਡੇਵਿਡ ਈਵਜ਼, ਇਆਨ ਮੈਕਨੀਸ਼, ਯਾਨ ਪੁਜਾਂਟੇ, ਕ੍ਰਿਸ ਸਚੇਰੀ)।ਪ੍ਰਸਿੱਧ ਕੰਪਿਊਟਰ ਸਾਫ਼ਟਵੇਅਰ ਕੰਪਨੀ ਮਾਈਕਰੋਸਾਫ਼ਟ ਨੇ ਦਸੰਬਰ 8, 2016 ਵਿੱਚ ਲਿੰਕਡਨ ਨੂੰ 26.2 ਅਰਬ ਅਮਰੀਕੀ ਡਾਲਰ ਵਿੱਚ ਖ਼ਰੀਦ ਲਿਆ। ਇੱਕ ਸਰਵੇ ਮੁਤਾਬਿਕ ਹਰੇਕ ਸਕਿੰਟ ਵਿੱਚ ਦੋ ਨਵੇਂ ਲੋਕ ਲਿੰਕਡਇਨ ਨਾਲ ਜੁੜ ਰਹੇ ਹਨ। ਲਿੰਕਡਨ ਤੋਂ ਭਾਵ ਹੈ ਕਿ ਆਪਸ ਵਿੱਚ ਜੁੜਨਾ। ਭਾਵ ਪੇਸ਼ਾਵਰ ਲੋਕ ਇਸ ਮੰਚ ਉੱਪਰ ਇੱਕ ਦੂਜੇ ਨਾਲ ਜੁੜ ਰਹੇ ਹਨ।ਇਸ ਦੇ ਸਭ ਤੋਂ ਜ਼ਿਆਦਾ ਵਰਤੋਂਕਾਰ ਅਮਰੀਕਾ ਵਿੱਚ ਹਨ। ਇਸ ਉੱਪਰ 30 ਲੱਖ ਤੋਂ ਉੱਪਰ ਪੇਸ਼ਾਵਰ ਕੰਪਨੀਆ ਹਨ ਜੋ ਕਿ ਹਮੇਸ਼ਾ ਆਪਣੇ-ਆਪਣੇ ਖੇਤਰ ਨਾਲ ਸਬੰਧਿਤ ਪੇਸ਼ੇਵਾਰ ਲੋਕਾਂ ਦੀ ਭਾਲ ਵਿੱਚ ਰਹਿੰਦੀਆਂ ਹਨ। ਇਸ ਸੋਸ਼ਲ ਮੀਡੀਆ ਪਲੇਟਫ਼ਾਰਮ ਨੂੰ ਸਭ ਤੋ ਜ਼ਿਆਦਾ ਸੰਜੀਦਾ ਲੋਕਾਂ ਦੇ ਵਰਤਣ ਦਾ ਮਾਧਅਿਮ ਕਿਹਾ ਜਾ  ਸਕਦਾ ਹੈ। ਇਸ ਸਾਲ ਦੀ ਪਹਿਲੀ ਛਿਮਾਹੀ ਦੇ ਅੰਤ ਤੱਕ ਇੱਕ ਰਿਪੋਰਟ ਅਨੁਸਾਰ ਲਿੰਕਡਨ ਦੇ 31 ਕਰੋੜ ਐਕਟਿਵ ਯੂਜ਼ਰ ਸੀ।

ਵ੍ਹਟਸਐਪ: ਵ੍ਹਟਸਐਪ ਦੀ ਖੋਜ ਯਾਹੂ ਵਿੱਚ ਕੰਮ ਕਰ ਚੁੱਕੇ ਕਰਮਚਾਰੀ ਜੈਨ ਕੌਮ ਅਤੇ ਬਰੈਨ ਐਕਟਨ ਨੇ ਸਾਂਝੇ ਰੂਪ ਵਿੱਚ 2009 ਵਿੱਚ ਕੀਤੀ। ਵ੍ਹਟਸਐਪ  ਦੇ ਨਾਮ ਤੋਂ ਭਾਵ ਕੀਤਾ ਜਾਂਦਾ ਹੈ ਕਿ ਹੋਰ ਕੀ ਹੋ ਰਿਹਾ ਹੈ ਜਾਂ ਹੋਰ ਕੀ ਕਰ ਰਹੇ ਹੋ? ਵਟਸਐਪ ਦੇ ਇਹ ਦੋਵੇਂ ਮਾਲਕ ਪਹਿਲਾ=ਪਹਿਲ ਆਪਣਾ ਇਹ ਵਿਚਾਰ ਲੈ ਕੇ ਫੇਸਬੁੱਕ ਅਤੇ ਟਵਿੱਟਰ ਕੋਲ ਗਏ ਪਰ ਦੋਨਾਂ ਨੇ ਇਸ ਪ੍ਰੋਜੈਕਟ ਵਿੱਚ ਰੁਚੀ ਨਹੀਂ ਵਿਖਾਈ। ਫਿਰ ਜਦੋ ਵਟਸਐਪ ਵਿਸ਼ਵ ਪ੍ਰਸਿੱਧ ਹੋ ਗਿਆ ਤਾਂ ਫੇਸਬੁੱਕ ਨੇ ਇਸ ਨੂੰ 2014 ਵਿੱਚ 19 ਅਰਬ ਅਮਰੀਕੀ ਡਾਲਰ ਵਿੱਚ ਖ਼ਰੀਦਿਆ। ਹੋਰਨਾ ਸੋਸ਼ਲ ਮੀਡੀਆ ਦੇ ਮੁਕਾਬਲੇ ਵਟਸਐਪ ਆਪਣੇ ਵਰਤੋਂਕਾਰਾਂ ਦੀ ਵਾਰਤਾਲਾਪ ਜਾਂ ਮੀਡੀਆ ਫਾਈਲਜ਼ ਆਪਣੇ ਸਰਵਰ ਤੇ ਨਾ ਰੱਖ ਕੇ ਵਰਤੋਂਕਾਰ ਦੇ ਫ਼ੋਨ ਉੱਪਰ ਸਟੋਰ ਕਰਦਾ ਹੈ ਜੇਕਰ ਤੁਹਾਡਾ ਫ਼ੋਨ ਵਿੱਚੋ ਕਿਸੇ ਵੀ ਕਾਰਨ ਇਹ ਡਾਟਾ ਡਿਲੀਟ ਹੋ ਗਿਆ ਤਾਂ ਤੁਸੀ ਸਦਾ ਲਈ ਆਪਣਾ ਡਾਟਾ ਪ੍ਰਾਪਤ ਨਹੀ ਕਰ ਸਕੋਗੇ। ਵਟਸਐਪ ਦੀ ਇਕ ਹੋਰ ਖ਼ਾਸੀਅਤ ਹੈ ਕਿ ਇਸ ਉੱਪਰ ਮੌਜੂਦਾ ਸਮੇਂ ਤੱਕ ਕੋਈ ਵੀ ਇਸ਼ਤਿਹਾਰ ਨਹੀ ਆਉਂਦਾ ਪਰੰਤੂ ਨੇੜੇ ਭਵਿੱਖ ਵਿੱਚ ਇਸ ਦੇ ਸਟੇਟਸ ਉੱਪਰ ਤੁਹਾਨੂੰ ਵਪਾਰਕ ਇਸ਼ਤਿਹਾਰ ਵਿਖਾਈ ਦੇਣਗੇ ਅਤੇ ਵਪਾਰਕ ਲੋੜਾਂ ਲਈ ਵਰਤਣ ਲਈ ਇਸ ਦੀ ਕੀਮਤ ਵੀ ਦੇਣੀ ਪੈ ਸਕਦੀ ਹੈ। ਭਾਰਤ ਵਿੱਚ ਇਸ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਸਾਲ ਦੀ ਮੁਫ਼ਤ ਸੇਵਾ ਲੈਣ ਤੋਂ ਬਾਅਦ ਸਾਲਾਨਾ 50 ਰੁਪਏ ਫ਼ੀਸ ਰੱਖੀ ਗਈ ਸੀ ਪਰੰਤੂ ਸਾਲ ਪੂਰਾ ਹੋਣ ਉੱਪਰੰਤ ਇਸ ਛੋਟ ਨੂੰ ਹਮੇਸ਼ਾ ਵਧਾ ਦਿੱਤਾ ਜਾਂਦਾ ਸੀ ਅਤੇ ਹੁਣ ਦੇ ਸਮੇਂ ਇਹ ਬਿਲਕੁਲ ਮੁਫ਼ਤ ਸੇਵਾ ਹੈ। ਇੱਕ ਰਿਪੋਰਟ ਅਨੁਸਾਰ ਜੁਲਾਈ 2019 ਤੱਕ ਵ੍ਹਟਸਐਪ ਦੇ ਐਕਟਿਵ ਯੂਜ਼ਰ ਦੀ ਗਿਣਤੀ 1.6 ਅਰਬ ਸੀ।

ਸਨੈਪਚੈਟ : ਸਨੈਪਚੈਟ ਇਕ ਮਲਟੀਮੀਡੀਆ ਮੈਸੇਜਿੰਗ ਐਪਲੀਕੇਸ਼ਨ ਹੈ, ਜੋ ਵਿਸ਼ਵ-ਵਿਆਪੀ ਤੌਰ ‘ਤੇ ਵਰਤੀ ਜਾਂਦੀ ਹੈ, ਜਿਸ ਨੂੰ ਕਿ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਇਵਾਨ ਸਪੀਗਲ, ਬੌਬੀ ਮਰਫੀ ਅਤੇ ਰੇਜੀ ਬ੍ਰਾਊਨ ਦੁਆਰਾ ਬਣਾਇਆ ਗਿਆ ਹੈ । ਇਨ੍ਹਾਂ ਤਿੰਨਾਂ ਨੇ ਕਈ ਮਹੀਨਿਆਂ ਇੱਕਠੇ ਮਿਲ ਕੇ ਕੰਮ ਕੀਤਾ ਅਤੇ 8 ਜੁਲਾਈ, 2011 ਨੂੰ ਆਈ.ਓ.ਐਸ ਓਪਰੇਟਿੰਗ ਸਿਸਟਮ ਤੇ ਸਨੈਪਚੈਟ ਨੂੰ “ਪਿਕਾਬੂ” ਵਜੋਂ ਲਾਂਚ ਕੀਤਾ, ਇਕ ਇੰਟਰਵਿਊ ਵਿਚ, ਸਪੀਗਲ ਨੇ ਦੱਸਿਆ ਕਿ ਉਹ ਤਕਰੀਬਨ 34 ਪ੍ਰੋਜੈਕਟਾਂ ਵਿਚ ਅਸਫਲ ਰਹੇ, ਜਦੋਂ ਤੱਕ ਉਨ੍ਹਾਂ ਨੂੰ ਸਨੈਪਚੈਟ ਦਾ ਵਿਚਾਰ ਨਹੀਂ ਮਿਲਿਆ। ਐਂਡਰਾਇਡ ਉਪਭੋਗਤਾਵਾਂ ਲਈ ਉਪਲਬਧ ਐਪ ਨੂੰ ਲਾਂਚ ਕਰਨ ਤੋਂ ਬਾਅਦ, ਪਿਕਾਬੂ ਦਾ ਨਾਮ ਸਤੰਬਰ 2011 ਵਿੱਚ ਸਨੈਪਚੈਟ ਰੱਖਿਆ ਗਿਆ ਸੀ, ਸਨੈਪਚੈਟ ਮੁੱਖ ਤੌਰ ਤੇ ਮਲਟੀਮੀਡੀਆ ਸੁਨੇਹੇ ਬਣਾਉਣ ਲਈ ਵਰਤੀ ਜਾਂਦੀ ਹੈ ਜੋ “ਸਨੈਪਸ” ਵਜੋਂ ਜਾਣਿਆ ਜਾਂਦਾ ਹੈ; ਫ਼ੋਟੋਆਂ ਵਿੱਚ ਇੱਕ ਫ਼ੋਟੋ ਜਾਂ ਇੱਕ ਛੋਟੀ ਜਿਹੀ ਵੀਡੀਓ ਹੋ ਸਕਦੀ ਹੈ, ਫ਼ਿਲਟਰ ਅਤੇ ਪ੍ਰਭਾਵ, ਟੈਕਸਟ ਸੁਰਖ਼ੀ ਅਤੇ ਡਰਾਇੰਗ ਸ਼ਾਮਲ ਕਰਨ ਲਈ ਸੰਪਾਦਿਤ ਕੀਤਾ ਜਾ ਸਕਦਾ ਹੈ। ਸਨੇਪਚੈਟ ਦੀ ਖਾਸੀਅਤ ਇਹ ਵੀ ਹੈ ਕਿ ਇਹ ਸੁਨੇਹੇ ਸਕਿੰਟਾਂ ਬਾਅਦ ਹੀ ਅਲੋਪ ਹੋ ਜਾਂਦੇ ਹਨ। 9 ਮਈ, 2012 ਦੀ ਆਪਣੀ ਪਹਿਲੀ ਬਲਾਗ ਪੋਸਟ ਵਿੱਚ, ਸੀਈਓ ਈਵਾਨ ਸਪੈਗਲ ਨੇ ਕੰਪਨੀ ਦੇ ਮਿਸ਼ਨ ਦਾ ਵਰਣਨ ਕੀਤਾ: “ਸਨੈਪਚੈਟ” ਰਵਾਇਤੀ ਕੋਡਕ ਪਲਾਂ ਨੂੰ ਕੈਮਰੇ ਵਿੱਚ ਰੂਪਮਾਨ ਕਰਨ ਬਾਰੇ ਨਹੀਂ ਹੈ, ਬਲਕਿ ਇਹ ਮਨੁੱਖੀ ਭਾਵਨਾਵਾਂ ਦੀ ਪੂਰੀ ਸ਼੍ਰੇਣੀ ਨਾਲ ਸੰਚਾਰ ਕਰਨ ਬਾਰੇ ਹੈ । ਜੂਨ 2013 ਵਿੱਚ ਸਨੈਪਚੈਟ ਨੇ 13 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ “ਸਨੈਪਕਿਡਜ਼” ਪੇਸ਼ ਕੀਤਾ। ਵੀਡੀਓ ਸਨੈਪ ਭੇਜਣ ਦੀ ਯੋਗਤਾ ਨੂੰ ਦਸੰਬਰ 2012 ਵਿੱਚ ਇੱਕ ਵਿਸ਼ੇਸ਼ਤਾ ਵਿਕਲਪ ਵਜੋਂ ਸ਼ਾਮਲ ਕੀਤਾ ਗਿਆ ਸੀ। ਇੱਕ ਸਰਵੇ ਅਨੁਸਾਰ ਸਨੈਪਚੈਟ ਵਿੱਚ ਰੋਜ਼ਾਨਾ 29.4 ਕਰੋੜ ਕਿਰਿਆਸ਼ੀਲ ਉਪਭੋਗਤਾ ਹਨ ਅਤੇ ਸਨੇਪਚੈਟ ਉੱਪਰ 21 ਲੱਖ ਸਨੈਪਸ ਇੱਕ ਘੰਟੇ ਵਿੱਚ ਬਣਾਈਆ ਜਾਂਦੀਆਂ ਹਨ।

ਟਿਕ-ਟੋਕ: ਮੌਜੂਦਾ ਸਮੇਂ ਜਿਸ ਸੋਸ਼ਲ ਮੀਡੀਆ ਐਪਲੀਕੇਸ਼ਨ ਦੀ ਸਭ ਤੋਂ ਵੱਧ ਚਰਚਾ ਹੈ, ਉਹ ਹੈ ਟਿਕ-ਟੋਕ। ਇਸ ਨੂੰ ਅਲੈਕਸ ਯੂਹ ਅਤੇ ਲੀਂਉ ਯੈਗ ਨੇ ਸਾਝੇ ਰੂਪ ਵਿੱਚ ਬਣਾਇਆ। ਟਿਕ-ਟੋਕ ਸ਼ਬਦ ਤੋਂ ਭਾਵ “ਹਿਲਾਉਣ ਵਾਲੀ ਆਵਾਜ਼” ਕੀਤਾ ਜਾਂਦਾ ਹੈ। ਇਸ ਦਾ ਪੁਰਾਣਾ ਨਾਮ “ਮਿਊਜ਼ੀਕਲੀ” ਸੀ। ਇਸ ਨੂੰ ਚੀਨ ਦੀ ਕੰਪਨੀ “ਬਾਈਟ ਡਾਂਸ” ਨੇ ਨਵੰਬਰ 2017 ਵਿੱਚ ਇੱਕ ਬਿਲੀਅਨ ਅਮਰੀਕੀ ਡਾਲਰ ਵਿੱਚ ਖ਼ਰੀਦਿਆ। “ਮਿਊਜ਼ਕਲੀ” ਅਤੇ ਆਪਣੀ ਚੱਲ ਰਹੀ ਸੋਸ਼ਲ ਮੀਡੀਆ ਐਪਲੀਕੇਸ਼ਨ “ਦੋਊਯਈਨ” ਦਾ ਆਪਸ ਵਿੱਚ ਰਲੇਵਾ ਕਰਕੇ ਉਨ੍ਹਾ ਨੇ ਟਿਕ-ਟੋਕ ਨੂੰ ਬਜ਼ਾਰ ਵਿੱਚ ਲੈ ਕੇ ਆਏ ਜੋ ਕਿ ਇੱਕ ਸਫਲ ਫ਼ੈਸਲਾ ਸਾਬਤ ਹੋਇਆ। ਐਪਲ ਸਟੋਰ ਅਤੇ ਐਡਰਾਇਡ ਸਟੋਰ ਉੱਪਰ ਇਹ ਐਪ ਹਮੇਸ਼ਾ ਟੋਪ ਡਾਊਨਲੋਡ ਐਪਸ ਵਿੱਚ ਸ਼ੁਮਾਰ ਰਹੀ ਹੈ, ਇਸ ਦੇ ਵਰਤੋਂ ਕਾਰ ਆਪਣੀ ਇੱਛਾ ਅਨੁਸਾਰ ਤਸਵੀਰਾਂ ਅਤੇ ਆਡੀਓ-ਵੀਡੀਉ ਟੂਲਜ਼ ਨਾਲ ਵੀਡੀਉ ਬਚਾ ਕੇ ਇਸ ਉਪਰ ਅੱਪਲੋਡ ਕਰ ਸਕਦੇ ਹਨ, ਇਹੀ ਸੁਵਿਧਾ ਇਸ ਦੇ ਪ੍ਰਸਿੱਧ ਹੋਣ ਦਾ ਕਾਰਨ ਬਣੀ। ਟਿਕ-ਟੋਕ ਦੇ 2019 ਦੀ ਪਹਿਲੀ ਛਿਮਾਹੀ ਦੇ ਅੰਤ ਤੱਕ ਇੱਕ ਸਰਵੇ ਅਨੁਸਾਰ 50 ਕਰੋੜ  ਐਕਟਿਵ ਯੂਜ਼ਰ ਪਾਏ ਗਏ ।

ਇਸ ਤੋਂ ਇਲਾਵਾ ਵੀ ਹੋਰ ਸੈਕੜੇ ਪ੍ਰਸਿੱਧ ਸੋਸ਼ਲ ਮੀਡੀਆ ਐਪਲੀਕੇਸ਼ਨ  ਜਿਵੇਂ ਫਲਿਕਰ, ਵੀਚੈਟ, ਟੈਲੀਗ੍ਰਾਮ, ਟੰਬਲਰ, ਰੈੱਡਇਟ, ਪਿਨਟਰਸਟ,  ਕਿਯੂਕਿਯੂ,  ਸਕਾਈਪ,  ਵਾਈਬਰ,  ਲਾਈਨ,  ਮਾਈ ਸਪੇਸ ਆਦਿ ਵੀ ਇੰਟਰਨੈੱਟ ਉਪਰ ਚੱਲ ਰਹੀਆਂ ਹਨ। ਸੋਸ਼ਲ ਮੀਡੀਆ ਤੇ ਹਰ ਸੂਚਨਾ ਸਹੀ ਨਹੀ ਹੁੰਦੀ, ਕੋਈ ਵੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾ ਇਸ ਸੂਚਨਾ ਦੀ ਘੋਖ-ਪੜਤਾਲ  ਕਰ ਲੈਣੀ ਚਾਹੀਦੀ ਹੈ । ਇਸ ਉੱਪਰ ਪੇਸ਼-ਵਿਚਾਰਾ, ਹਦਾਇਤਾਂ ਦੀ ਪ੍ਰਮਾਣਿਕਤਾ ਨਿਰੋਲ ਸੱਚ ਨਹੀ ਹੁੰਦੀ। ਪਿੱਛੇ ਜਿਹੇ ਅਜਿਹੀ ਇੱਕ ਪੋਸਟ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਜੋ ਕਿ ਸੱਚ ਨਹੀ ਸੀ, ਉਸ ਪੋਸਟ ਵਿੱਚ ਸਰਦਾਰ ਜਗਮੀਤ ਸਿੰਘ ਨੂੰ  ਕੈਨੇਡਾ ਚੋਣਾ ਪਿੱਛੋਂ ਡਿਪਟੀ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਜਾ ਰਹੀ ਸੀ, ਜਿਸ ਨੂੰ ਕਿ ਪੰਜਾਬੀਆ ਨੇ ਬਿਨਾਂ ਕਿਸੇ ਛਾਣ-ਬੀਣ ਤੋਂ ਬਗੈਰ ਖ਼ੂਬ ਵਾਇਰਲ ਕੀਤਾ। ਸੋਸ਼ਲ ਮੀਡੀਆ ਦੀ ਪੂਰੀ ਦੁਨੀਆ ਵਿੱਚ ਦੁਰਵਰਤੋਂ ਹੋ ਰਹੀ ਹੈ। ਨਾਮਵਰ ਸਖਸ਼ੀਅਤਾ ਦੇ ਮਰਨ ਜਾਂ ਦੁਰਘਟਨਾਗ੍ਰਸਤ ਹੋਣ ਦੀਆ ਅਫ਼ਵਾਹਾਂ ਵੀ ਆਮ ਵੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਉੱਪਰ ਫ਼ਰਜ਼ੀ ਅਕਾਊਂਟ, ਨਿੱਜਤਾ ਨੂੰ ਖ਼ਤਰਾ ਅਤੇ ਆਪਸੀ ਭਾਈਚਾਰੇ ਨੂੰ ਵੰਡਣ ਵਾਲੇ ਸੁਨੇਹੇ ਆਮ ਮਿਲਦੇ ਹਨ।

        ਸੋਸ਼ਲ ਮੀਡੀਆ ਸਮੇਂ ਦੀ ਬਰਬਾਦੀ ਵੀ ਬਣਦਾ ਜਾ ਰਿਹਾ ਹੈ ਅਤੇ ਕਈ ਵਿਦਵਾਨ ਤਾਂ ਇਸ ਨੂੰ ਨਿੱਤਾ ਪ੍ਰਤੀ, ਇਸ ਉੱਪਰ ਉਲਝੇ ਲੋਕਾਂ ਦੀਆ ਗਤੀਵਿਧੀਆ ਤੱਕ ਕੇ, ਚਾਹੇ ਫਿਰ ਉਹ ਆਮ ਲੋਕ ਹੋਣ, ਚਾਹੇ ਕਲਾਕਾਰ ਅਤੇ ਚਾਹੇ ਰਾਜਨੀਤਕ ਅਤੇ ਜਾਂ ਫਿਰ ਧਾਰਮਿਕ ਆਗੂ ਹੋਣ, ਇਸ ਨੂੰ ਕਲੇਸ਼ ਮੀਡੀਆ ਆਖਣ ਲੱਗ ਪਏ ਹਾਂ। ਪਿਛਲੇ ਸਮੇਂ ਦੌਰਾਨ ਅਸੀਂ ਪੰਜਾਬੀ ਕਲਾਕਾਰਾਂ ਨੂੰ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਪਰ ਇੱਕ-ਦੂਜੇ ਨੂੰ ਪ੍ਰਤੀ ਭੱਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਵੇਖਿਆ ਗਿਆ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੈ ਕਿਉਂਕਿ ਇਨ੍ਹਾਂ ਕਲਾਕਾਰਾਂ ਤੋਂ ਨੌਜਵਾਨ ਅਕਸਰ ਪ੍ਰੇਰਿਤ ਰਹਿੰਦਾ ਹੈ ਜਿਸ ਕਾਰਨ ਕਲਾਕਾਰਾ ਨੂੰ ਇਸ ਸਾਧਨ ਦੀ ਵਰਤੋਂ ਕਰਦੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ।ਅੱਜ ਦਾ ਨੌਜਵਾਨ ਇਸ ਉੱਪਰ ਹੱਦ ਤੋਂ ਵੱਧ ਸਮਾਂ ਗਵਾਉਣ ਲੱਗ ਪਿਆ ਹੈ। ਪਰਿਵਾਰ ਦਾ ਆਪਸ ਵਿੱਚ ਸੰਵਾਦ ਹੀ ਨਹੀਂ ਰਿਹਾ ਬਜ਼ੁਰਗ ਆਪਣੇ ਧੀਆ ਪੁੱਤਾਂ ਨਾਲ ਗੱਲਬਾਤ ਕਰਨ ਨੂੰ ਤਰਸਦੇ ਹਨ ।

ਉਹ ਲੋਕ ਜੋ ਸੋਸ਼ਲ ਮੀਡੀਆ ਦੇ ਆਦੀ ਹਨ, ਉਹ ਨਕਾਰਾਤਮਕ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹਨ ਜਿਵੇਂ ਅੱਖਾਂ ਵਿੱਚ ਦਬਾਅ, ਨਜ਼ਰ ਦੀ ਕੰਮਜ਼ੋਰੀ, ਯਾਦ-ਸ਼ਕਤੀ ਘਟਣਾ, ਪਰਿਵਾਰ ਵਿੱਚ ਸੰਵਾਦ ਬੰਦ ਹੋਣਾ ਜਾਂ ਨੀਂਦ ਦੀ ਘਾਟ। ਸੋਸ਼ਲ ਮੀਡੀਆ ਨੂੰ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਚੋਣਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਵਰਤਿਆ ਗਿਆ। ਇਸ ਦੇ ਉਲਟ ਮਲਾਲਾ ਯੂਸਫ਼ਯਈ ਅਤੇ ਗ੍ਰੇਟਾ ਥਨਬਰਗ ਵਰਗੀਆਂ ਘੱਟ ਉਮਰ ਦੀਆਂ ਕੁੜੀਆਂ ਨੇ ਆਪਣੀ ਅਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਚੁਣਿਆ ਅਤੇ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ। ਦਿੱਲੀ ਦੇ ਨਿਰਭੇਅ ਕੇਸ (2012) ਵਿੱਚ ਉਸ ਪੀੜਤ ਉੱਪਰ ਜ਼ੁਲਮ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਇੱਕ ਲੋਕ ਲਹਿਰ ਬਣਾਉਣ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਕਹਿ ਸਕਦੇ ਹਾਂ।

       ਪਿਛਲੇ ਸਮੇਂ ਤੋਂ ਆਮ ਵਰਤੋਂਕਾਰ ਆਪਣੀ ਸੋਸ਼ਲ ਮੀਡੀਆ ਉੱਪਰ ਅੱਪਲੋਡ ਕੀਤੀ ਜਾਣਕਾਰੀ ਦੀ ਨਿੱਜਤਾ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹੋਏ ਹਨ ਅਤੇ ਉਨ੍ਹਾਂ ਨੂੰ ਹੁਣ ਇਸ ਉੱਪਰ ਕੁੱਝ ਵੀ ਸੁਰੱਖਿਅਤ ਨਹੀਂ ਜਾਪ ਰਿਹਾ। ਸੋਸ਼ਲ ਮੀਡੀਆ ਤੋਂ ਮੁੱਢਲੀ ਜਾਣਕਾਰੀ ਇਕੱਠੀ ਕਰ ਕੇ ਹੈੱਕਰ ਵਰਤੋਂਕਾਰ ਦੇ ਹੋਰ ਵਿੱਤੀ ਲੈਣ-ਦੇਣ ਵਾਲੇ ਆਨਲਾਈਨ ਅਕਾਊਂਟ ਨੂੰ ਵੀ ਹੈੱਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਤੁਹਾਡੇ ਡਾਟੇ ਨੂੰ ਕਿਸ ਪ੍ਰਕਾਰ ਚੋਰੀ ਜਾਂ ਤੁਹਾਡੇ ਉੱਪਰ ਕਿਸ ਪ੍ਰਕਾਰ ਨਜ਼ਰ ਰੱਖੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਭਰਪੂਰ ਜਾਣਕਾਰੀ ਤੁਸੀਂ ਹਾਲੀਵੁੱਡ ਫ਼ਿਲਮ “ਦੀ ਗਰੇਟ ਹੈੱਕ” ਅਤੇ ਬਾਲੀਵੁੱਡ ਫ਼ਿਲਮ “ਦੀ ਰਿਟਰਨ ਆਫ਼ ਅਭਿਨੀਊ” ਵੇਖ ਕੇ ਪ੍ਰਾਪਤ ਕਰ ਸਕਦੇ ਹੋ। ਪਿੱਛੇ ਜਿਹੇ ਅਜਿਹੀਆਂ ਖ਼ਬਰਾਂ ਅਖ਼ਬਾਰਾਂ ਜਾਂ ਟੀਵੀ ਚੈਨਲਾਂ ਉੱਪਰ ਨਸ਼ਰ ਹੋਈਆ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੀਤੀਆਂ ਗਈਆਂ ਗਤੀਵਿਧੀਆਂ ਉੱਪਰ ਗੁਪਤ ਨਜ਼ਰ ਰੱਖੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹੀ ਕੁਵੈਤ ਦੇਸ਼ ਵਿੱਚ ਗ਼ੁਲਾਮਾ ਨੂੰ ਖ਼ਰੀਦਣ ਅਤੇ ਵੇਚਣ ਦੀਆ ਖ਼ਬਰਾਂ ਮੀਡੀਆ ਵਿੱਚ ਵੀ ਆਈਆਂ । ਭਾਰਤ ਸਰਕਾਰ ਨੇੜਲੇ ਭਵਿੱਖ ਯਾਨੀ ਕਿ ਜਨਵਰੀ 2020 ਵਿੱਚ ਸੋਸ਼ਲ ਮੀਡੀਆ ਨਿਯਮ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਇਸ ਸਮੇਂ 50 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ । ਅੱਜ ਦੇ ਸਮੇਂ ਦੁਨੀਆ ਦੀ ਕੀਮਤੀ ਚੀਜ਼ ਯੂਜ਼ਰ ਡਾਟਾ ਹੈ।

     ਸਮੇਂ ਦੀ ਲੋੜ ਹੈ ਕੀ ਇਸ ਨੂੰ ਸੁਚੱਜੇ ਢੰਗ ਨਾਲ ਸਮਾਜ ਦੀ ਬਿਹਤਰੀ ਲਈ ਵਰਤਿਆ ਜਾਵੇ। ਵਿਦਿਆਰਥੀ ਵੀ ਪੜਾਈ ਦੇ ਵਿੱਚ ਇਸ ਦੀ ਵਰਤੋ ਕਰਕੇ ਇੱਕ ਦੂਜੇ ਨਾਲ ਮਿਲ ਕੇ ਆਪਣੀਆਂਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ। ਇਸ ਦਾ ਫ਼ਾਇਦਾ ਇਹ ਵੀ ਹੈ ਇਸ ਨਾਲ ਕਈ ਦੂਰ ਬੈਠੇ ਮਿੱਤਰ ਸੱਜਣ ਜਿਹੜੇ ਕਈ-ਕਈ ਸਾਲ ਇੱਕ-ਦੂਜੇ ਨਾਲ ਕੋਈ ਰਾਬਤਾ ਨਹੀ ਹੋਇਆ ਸੀ ਉਹ ਵੀ ਇੱਕ-ਦੂਜੇ ਦੇ ਸੰਪਰਕ ਵਿੱਚ ਆ ਗਏ। ਇਸ ਦੀ ਸਹਾਇਤਾ ਨਾਲ ਹੀ ਗਵਾਚਿਆ ਹੋਏ ਵਿਅਕਤੀਆਂ ਦੀ ਸੂਚਨਾ ਵੀ ਅਸਾਨੀ ਨਾਲ ਮਿਲਦੀ ਰਹੀ ਹੈ ਕਈ ਜਾਣਕਾਰੀ ਭਰਪੂਰ ਪੇਜ ਇਨ੍ਹਾਂ ਨੈੱਟਵਰਕ ਤੇ ਬਣੇ ਹੋਏ ਹਨ ਜਿਨ੍ਹਾਂ ਤੋ ਅਸੀਂ ਆਪਣੀ ਲੋੜ ਮੁਤਾਬਿਕ ਸੂਚਨਾ ਲੈ ਸਕਦੇ ਹਨ। ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਅਦਾਰੇ, ਰਾਜਨੀਤਕ ਸ਼ਖ਼ਸੀਅਤਾਂ ਆਪਣੇ ਦੁਆਰਾ ਕੀਤੇ ਕੰਮਾਂ ਅਤੇ ਆਪਣੇ ਵਲੋ ਭਵਿੱਖ ਵਿੱਚ ਉਲੀਕੇ ਪ੍ਰੋਗਰਾਮਾਂ ਦਾ ਵੇਰਵਾ ਸ਼ੋਸ਼ਲ ਨੈੱਟਵਰਕ ਦੇ ਰਾਹੀ ਆਮ ਲੋਕਾਂ ਨਾਲ ਸਾਂਝਾ ਕਰ ਦੇ ਹਨ। ਤਕਰੀਬਨ ਸਾਰੇ ਅਖ਼ਬਾਰ ਅਤੇ ਟੀਵੀ ਚੈਨਲ ਆਪਣੀਆਂ ਅੱਪਡੇਟ 24 ਘੰਟੇ ਇਹਨਾਂ ਨੇਟਵਰਕਸ ਤੇ ਅੱਪਡੇਟ ਕਰ ਦੇ ਰਹਿੰਦੇ ਹਨ। ਸਮਾਜਿਕ ਸਮੱਸਿਆਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਸਭ ਤੋਂ ਤੇਜ਼ ਅਤੇ ਸਰਲ ਤਰੀਕਾ ਵੀ ਸ਼ੋਸ਼ਲ ਮੀਡੀਆ ਹੀ ਹੈ ਪਿਛਲੇ ਸਮੇਂ ਦੌਰਾਨ ਕਈ ਰਿਸ਼ਵਤ ਲੈਂਦੇ ਅਫ਼ਸਰ ਸ਼ੋਸ਼ਲ ਮੀਡੀਆ ਤੇ ਉਨ੍ਹਾਂ ਦੀ ਵਾਇਰਲ ਹੋਈ ਵੀਡੀਉ ਕਾਰਨ ਹੀ ਮੁਅੱਤਲ ਕੀਤੇ ਗਏ ਹਨ। ਅੱਜ ਦੇ ਵਿਗਿਆਨਕ ਯੁੱਗ ਵਿੱਚ ਇਹਨਾਂ ਸ਼ੋਸ਼ਲ ਮੀਡੀਆ ਸਾਧਨਾ ਦਾ ਉਪਯੋਗ ਸਮਾਜ ਨੂੰ ਚੰਗੀ ਸੇਧ ਦੇਣ ਲਈ ਵਰਤਣਾ ਚਾਹੀਦਾ ਹੈ। ਇਹ ਕਿਸੇ ਸਮਾਜਿਕ ਲਹਿਰ ਨੂੰ ਲੋਕ ਲਹਿਰ ਬਣਾਉਣ ਵਿੱਚ ਵੀ ਸਾਰਥਿਕ ਭੂਮਿਕਾ ਨਿਭਾ ਸਕਦਾ ਹੈ। ਸ਼ੋਸ਼ਲ ਮੀਡੀਆ ਦੀ ਉਸਾਰੂ ਉਦੇਸ਼ ਲਈ ਕੀਤੀ ਗਈ ਵਰਤੋਂ ਸਮਾਜ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ। ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵੀ ਇਸ ਦੇ ਸਾਰਥਿਕ ਨਤੀਜੇ ਲਿਆਉਣ ਲਈ ਇਸ ਦੀ ਸਾਕਰਤਮਕ ਵਰਤੋ ਤੇ ਜ਼ੋਰ ਦੇਣਾ ਚਾਹੀਦਾ ਹੈ। ਕਾਨੂੰਨੀ ਮਾਹਿਰਾਂ ਨੂੰ ਵੀ ਇਸ ਦੇ ਸੰਸਥਾਪਕਾਂ ਨਾਲ ਮਿਲ ਕੇ ਇਸ ਉੱਤੇ ਹੁੰਦੀ ਧੋਖਾਧੜੀ, ਫ਼ਰਜ਼ੀ ਅਕਾਊਂਟਸ ਤੇ ਨਕੇਲ ਪਾਉਣ ਦੇ ਨਾਲ ਨਾਲ ਇਸ ਦੇ ਵਰਤੋਂਕਾਰਾਂ ਦੀ ਨਿੱਜਤਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕਖ਼ਾਨਾ ਗਣੇਸ਼ਪੁਰ ਭਾਰਟਾ,
ਜ਼ਿਲ੍ਹਾ ਹੁਸ਼ਿਆਰਪੁਰ,
ਮੋ:94655-76022

Previous articleAfter Trump’s trip, Tata calls Motera ‘global landmark’
Next articleगुरु नानक देव यूनिवर्सिटी कॉलेज नकोदर में डा. आंबेडकर के जीवन व मिशन पर समागम