ਦੋਸਤਾਂ ਦੀ ਦੁਨੀਆਂ

ਗੁਰਮਾਨ ਸੈਣੀ

(ਸਮਾਜ ਵੀਕਲੀ)

ਜਦੋਂ ਭਬਾਤ ਵਾਲਾ ਸਾਡਾ ਦੋਸਤ ਸੰਜੇ ਆਪਣੇ ਬੀਜ ਬਿਜਾਈ ਦੇ ਕੰਮ ਵਿੱਚ ਬਹੁਤਾ ਰੁਝ ਗਿਆ ਤਾਂ ਇੱਕ ਦਿਨ ਉਸਦਾ ਮੈਨੂੰ ਫੋਨ ਆਇਆ।
” ਹਾਂ ਪ੍ਰਧਾਨ ! ਕੀਆ ਚਲ ਰਿਆ ? ‘
‘ ਹੁਕਮ ਕਰ ਯਾਰ ਭਗਤ ‘

ਮੈਂ ਕਿਹਾ।

” ਮੈਂ ਤੋ ਯਾਰ ਬੀਜ ਬੀਜਾਈ ਮਾ ਹੀ ਬਹੁਤ ਬੀਜੀ ਆਂ , ਤਾਏ ਨੂੰ ਲਿਜਾਣਾ ਤਾ ਦੰਦਾਂ ਵਾਲੇ ਡਾਕਟਰ ਪਾ ।”

” ਜ਼ੀਰਕਪੁਰ ਨੀ ਦਿਖਾਇਆ ਕਿਸੀ ਨੂੰ ? ” ਮੈਂ ਆਖਿਆ।

” ਵਹਾਂ ਤੋਂ ਯਾਰ ਵਾ ਲੜ ਪਿਆ ਡਾਕਟਰ ਗੈਲ।”

25 ਮਾ ਲੇ ਜੀਂ, ਆਪਣੇ ਜਾਣਕਾਰ ਗੁਪਤੇ ਪਾ।”

ਮੈਂ ਗੱਡੀ ਚੱਕੀ ਹਰ ਉਸਦੇ ਪਿੰਡ ਪਹੁੰਚ ਗਿਆ। ਘਰ ਤੋਂ ਤਾਏ ਨੂੰ ਗੱਡੀ ਵਿੱਚ ਬਿਠਾਇਆ ਤੇ ਗੱਡੀ ਤੋਰ ਲਈ। ਪਿੰਡ ਵਾਲਾ ਬਰੌਟਾ ਲੰਘ ਕੇ ਕਮੇਟੀ ਦੇ ਪਾਰਕ ਦੇ ਬਾਹਰਵਾਰ ਤਾਏ ਨੇ ਗੱਡੀ ਖਿਲਾਰਨ ਲਈ ਆਖਿਆ।

” ਕੀ ਗੱਲ ? ”

” ਇੱਕ ਦੋ ਜਣੇ ਜਾਹਾਂਗੇ ਮੇਰੀ ਗੈਲ।”

ਦੇਖਿਆ ਤਾਂ ਤਾਏ ਦੇ ਯਾਰਾਂ ਦੀ ਜੁੰਡਲੀ ਪਾਰਕ ਦੇ ਬਾਹਰ ਥੜੇ ਤੇ ਬੈਠੀ ਸੀ।
ਗੱਡੀ ਰੁਕਦਿਆਂ ਹੀ ਤਾਏ ਦਾ ਇਸ਼ਾਰਾ ਮਿਲਣ ਤੇ ਦੋ ਜਣੇ ਤਾਕੀ ਖੋਲ ਕੇ ਪਿਛਲੀ ਸੀਟ ਤੇ ਵਿਰਾਜ ਗਏ। ਜਿਵੇਂ ਕਿਸੇ ਕੰਪਨੀ ਦੀ ਗੱਡੀ ਆਪਣੇ ਵਰਕਰਾਂ ਨੂੰ ਲੈਣ ਆਈ ਹੋਵੇ।

ਗੱਡੀ ਮੈਂ ਪੰਚਕੂਲਾ ਦੇ 25 ਸੈਕਟਰ ਆਪਣੇ ਜਾਣਕਾਰ ਦੰਦਾਂ ਵਾਲੇ ਗੁਪਤੇ ਡਾਕਟਰ ਕੋਲ ਲਿਆ ਖਲਾਰੀ। ਮੈਂ ਤੇ ਤਾਇਆ ਜਦੋਂ ਉਤਰ ਕੇ ਪਹਿਲੀ ਮੰਜ਼ਲ ਤੇ ਡਾਕਟਰ ਦੇ ਕਲੀਨਿਕ ਤੇ ਜਾਣ ਲੱਗੇ ਤਾਂ ਉਸਦੇ ਆੜੀ ਚੁੱਪ ਕਰਕੇ ਮਾਰਕੀਟ ਘੁੰਮਣ ਨਿਕਲ ਗਏ ਜਿਵੇਂ ਸਭ ਕੁਝ ਤੈਅ ਹੋਵੇ।

ਡਾਕਟਰ ਨੂੰ ਆਪਣੇ ਦੋਸਤ ਹਰਵਿੰਦਰ ਦਾ ਹਵਾਲਾ ਦਿੰਦਿਆਂ ਮੈਂ ਦੱਸਿਆ ਕਿ ਇਹ ਉਸਦੇ ਮਾਮੇ ਦੇ ਮੁੰਡੇ ਦਾ ਤਾਇਆ ਹੈ। ਡਾਕਟਰ ਨੇ ਚੈਕਿੰਗ ਸ਼ੁਰੂ ਕੀਤੀ। ਸੰਦ ਮੂੰਹ ਵਿੱਚ ਪਾ ਕੇ ਮੂੰਹ ਖੋਲਿਆ। ਹੋਰ ਜਾਂਚ ਲਈ ਥੋੜਾ ਮੂੰਹ ਹੋਰ ਖੋਲਣ ਲਈ ਆਖ ਕੇ ਡਾਕਟਰ ਨੇ ਮੂੰਹ ਖੋਲ੍ਹਣ ਵਾਲਾ ਸ਼ਿਕੰਜਾ ਹੋਰ ਟਾਈਟ ਕੀਤਾ ਤਾਂ ਤਾਇਆ ਕੁਰਲਾ ਉਠਿਆ। ਡਾਕਟਰ ਨੇ ਸ਼ਿਕੰਜਾ ਖੋਲਿਆ ਤਾਂ ਤਾਇਆ ਉਸ ਨਾਲ ਲੜ ਪਿਆ।

” ਸਾਲੇ ਮੂੰਹ ਮਾ ਬੈਠੋ ਕਾ ਈ ਕਰਾ ਗਾ ਪ੍ਰੇਸਨ। ”

ਡਾਕਟਰ ਨੇ ਮੇਰੇ ਮੂੰਹ ਵੱਲ ਦੇਖਿਆ।
ਮੈਂ ਡਾਕਟਰ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ।

ਗੱਲ ਨਾ ਬਣੀ ਤੇ ਕਰਾਰ ਟੁੱਟ ਗਿਆ।

ਮੈਂ ਬੁੜਬੁੜ ਕਰਦੇ ਤਾਏ ਨੂੰ ਲੈਕੇ ਪੌੜੀਆਂ ਉਤਰ ਆਇਆ।

ਸਾਡੇ ਕਾਰ ਤੀਕ ਪਹੁੰਚਣ ਤੇ ਉਸਦੇ ਆੜੀ ਕਿਸੇ ਗੁਪਤ ਏਜੰਡੇ ਵਾਂਗ ਇੱਕਦਮ ਗੱਡੀ ਕੋਲ ਪਹੁੰਚ ਗਏ। ਮੈਨੂੰ ਲੱਗਿਆ ਕਿ ਪੂਰਾ ਮਹਿਕਮਾ ਹੀ ਜਿਵੇਂ ਮਿਲਟਰੀ ਵਾਂਗ ਟ੍ਰੇਂਡ ਹੋਵੇ।

ਕਾਰ ਸਟਾਰਟ ਕਰ ਕੇ ਮੈਂ ਵਾਪਸੀ ਲਈ ਪਿੰਡ ਦੇ ਰਾਹ ਪਾ ਲਈ। ਪਿੰਡ ਨੂੰ ਮੁੜਨ ਵਾਲੀ ਸੜਕ ਤੋਂ ਪਹਿਲਾਂ ਹੀ ਉਨ੍ਹਾਂ ਮੈਨੂੰ ਅੱਗੇ ਚੱਲਣ ਦਾ ਇਸ਼ਾਰਾ ਕੀਤਾ। ਮੈਂ ਜਾਣਿਆ ਕਿ ਉਹ ਗੁਰਦੁਆਰੇ ਨਾਢਾ ਸਾਹਿਬ ਮੱਥਾ ਟੇਕ ਕੇ ਜਾਣਾ ਚਾਹੁੰਦੇ ਹਨ। ਪਰ ਮੇਰੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਉਨ੍ਹਾਂ ਮੈਨੂੰ ਗੁਰਦੁਆਰੇ ਦੇ ਸਾਹਮਣੇ ਲੰਘਦਿਆਂ ਵੀ ਨਹੀਂ ਖਿਲਾਰਿਆ।

ਘੱਗਰ ਦਾ ਪੁਰਾਣਾ ਪੁਲ ਪਾਰ ਕਰਦਿਆਂ ਹੀ ਉਨ੍ਹਾਂ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਦੇਖਦਿਆਂ ਹੀ ਦੇਖਦਿਆਂ ਉਹ ਤਿੰਨੇ ਗੱਡੀ ਤੋਂ ਉਤਰ ਕੇ ਸੱਪ ਵਾਂਗੂੰ ਅਲੋਪ ਹੋ ਗਏ। ਜਦੋਂ ਪਰਤੇ ਤਾਂ ਸਾਰਿਆਂ ਦੀਆਂ ਕੱਛਾਂ ਵਿੱਚ ਦੇਸੀ ਦਾਰੂ ਦੀਆਂ ਦੋ ਦੋ ਬੋਤਲਾਂ ਸਨ। ਮੈਂ ਬੜਾ ਹੈਰਾਨ ਹੋਇਆ। ਮੈਂ ਤਾਂ ਕਦੇ ਇੱਥੇ ਕੋਈ ਠੇਕਾ ਨਹੀਂ ਦੇਖਿਆ।

ਗੱਡੀ ਵਿੱਚ ਬੈਠਦਿਆਂ ਹੀ ਤਾਏ ਨੇ ਆਖਿਆ ,” ਹਾਂ ! ਭਤੀਜ , ਲਾਵਾ ਪੈੱਗ। ਬ੍ਰਹਮ ਬੂਟੀ ਆ, ਪੂਰੀ।”

ਮੈਂ ਨਾ ਵਿੱਚ ਸਿਰ ਮਾਰਦਿਆਂ ਗੱਡੀ ਜ਼ੀਰਕਪੁਰ ਦੇ ਰਾਹ ਪਾ ਲਈ।

ਬੀਜ ਬਿਜਾਈ ਤੋਂ ਬਾਅਦ ਮੈਂ ਤੇ ਸੰਜੇ ਕੱਠੇ ਹੋਏ। ਦੌਰ ਦੇ ਦੂਜੇ ਗੇੜ ਤੋਂ ਬਾਅਦ ਸੰਜੇ ਦੱਸ ਰਿਹਾ ਸੀ।
” ਯੋ ਤੋ ਕੁਛ ਬੀ ਨੀ, ਕਈਂ ਖਲਾੜੀ ਤੋ ਉਰਾ ਜ਼ੀਰਕਪੁਰ ਤੇ ਪੈਦਲ ਆ ਜਾਂ।”
ਮੈਂ ਬਹੁਤ ਦੇਰ ਇਹੋ ਸੋਚ ਸੋਚ ਹੱਸਦਾ ਰਿਹਾ ਕਿ ਉਹ ਦੰਦਾਂ ਦਾ ਇਲਾਜ ਕਰਵਾਉਣ ਆਏ ਸੀ ਕਿ ਖੇਪ ਲੈਣ।

ਗੁਰਮਾਨ ਸੈਣੀ
ਰਾਬਤਾ :8360487488

 

 

 

 

इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly

Previous articleਛੱਪੜ, ਲਹਿਰ ਤੇ ਹੜ੍ਹ
Next articleਕਾਂਸ਼ੀ ਰਾਮ ਚੰਨ ਦਾ ਗੀਤ ‘ਫਾਦਰ ਇਜ਼ ਗੋਡ’ ਹੋਇਆ ਰਲੀਜ਼