ਦੋਗਾਣਾ ਗਾਇਕੀ ਦੇ ਇੱਕ ਯੁੱਗ ਦਾ ਅੰਤ

 

– ਡਾ. ਜਾਰਜ ਸਿੰਘ
  ਮੋਬਾਇਲ : 07447 947 722

 

ਕਲਾਕਾਰ, ਸਾਹਿਤਕਾਰ, ਗੀਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਪਰ (ਸਮਾਜ) ਪ੍ਰਤੀ ਇਮਾਨਦਾਰ ਅਤੇ ਜੁੰਮੇਵਾਰ ਕਲਾਕਾਰ, ਸਾਹਿਤਕਾਰ, ਗੀਤਕਾਰ ਸਿਰਜਣਹਾਰੇ ਜਿੱਥੇ ਸਮੇਂ ਸਮੇਂ ਤੇ ਸਮਾਜ ਨੂੰ ਦਸ਼ਾ ਅਤੇ ਦਿਸ਼ਾ ਨਿਰਦੇਸ਼ ਕਰਦੇ ਹਨ ਉਥੇ ਸਮਾਜ ਵਿਚਲੀਆਂ ਕੁਰੀਤੀਆਂ, ਬੁਰਾਈਆਂ ਨੂੰ ਆਪਣੀ ਸਿਰਜਣ ਪ੍ਰਕਿਰਿਆ ਦੁਆਰਾ ਕਲਾ ਦੁਆਰਾ ਸੁਚੇਤ ਹੀ ਨਹੀਂ ਸਗੋਂ ਚੇਤਨ ਰੂਪ ਵਿੱਚ ਜਾਗਰੁਕ ਵੀ ਕਰਦੇ ਹਨ।

ਪ੍ਰਤੀਬੱਧ ਕਲਾਕਾਰ, ਸਾਹਿਤਕਾਰ, ਗੀਤਕਾਰ ਸਰੀਰਕ ਰੂਪ ਵਿੱਚ ਮਰ ਕੇ ਵੀ ਆਪਣੀ ਕਲਾ ਅਤੇ ਸਿਰਜਣਾ ਦੇ ਮਾਧਿਅਮ ਰਾਹੀਂ ਸਮਾਜ ਵਿੱਚ ਸਦਾ ਹੀ ਅਮਰ ਰਹਿੰਦੇ ਹਨ। ਅੱਜ ਸਾਡੇ ਵਿੱਚ ਇਸ ਸਦੀ ਦਾ ਮਹਾਨ ਕਲਾਕਾਰ ਸਰਦਾਰ ਕਰਤਾਰ ਸਿੰਘ ਰਮਲਾ ਸਾਡੇ ਵਿੱਚ ਸਰੀਰਿਕ ਰੂਪ ਵਿੱਚ ਨਹੀਂ ਰਿਹਾ ਪਰ

ਉਹ ਆਪਣੇ ਜਿੰਦਗੀ ਦੇ ਗਾਇਕੀ ਦੇ ਅੱਧੀ ਸਦੀ ਦੇ ਸ਼ਾਨਾਮਤੇ ਸਫਰ ਵਿੱਚ ਗਾਏ ਗੀਤਾਂ ਰਾਹੀਂ ਸਦਾ ਅਮਰ ਰਹਿਣਗੇ ਕਿਉਂਕਿ ਉਸ ਦੇ ਗੀਤਾਂ ਦੀ ਚੋਣ ਵਿੱਚ ਸਮਾਜ ਦੀ ਕੁਰੀਤੀਆਂ ਦੇ ਖਿਲਾਫ ਵਿਅੰਗਮਈ ਸਰਭਾਰੂ ਰਹੀ। ਸਰਦਾਰ ਕਰਤਾਰ ਸਿੰਘ ” ਰਮਲਾ” ਜੀ ਦਾ ਜਨਮ ਨੌ ਅਗਸਤ ਉੱਨੀ ਸੌ ਸੰਤਾਲੀ (09-09-1947) ਪਿੰਡ ਹੰਦਾਲ ਪਿਤਾ ਗਿਆਨੀ ਪਿਆਰਾ ਸਿੰਘ ਦੇ ਘਰ ਮਾਤਾ ਕਰਮ ਕੌਰ ਜੀ ਦੀ ਕੁੱਖੋਂ ਹੋਇਆ। ਹੰਦਾਲ ਪਿੰਡ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਿਆ। ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਉਮਰ ਦੇਸ਼ ਦੀ ਵੰਡ ਸਮੇਂ ਸਿਰਫ ਚਾਰ ਮਹੀਨਿਆਂ ਦੀ ਹੀ ਸੀ ਜਦੋਂ ਅੰਗਰੇਜਾਂ ਦੀ ਪਾੜੌ ਅਤੇ ਰਾਜ ਕਰੋ ਦੀ ਨੀਤੀ ਭਾਰਤ ਦੇ ਦੋ ਟੋਟੇ ਹਿੰਦੋਸਤਾਨ ਅਤੇ ਪਾਕਿਸਤਾਨ ਕਰਨ ਕਰਕੇ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਫਿਰਕਾਪ੍ਰਸਤੀ ਜਾਨੂੰਨੀ ਲੜਾਈ ਵਿੱਚ ਇਕ ਦੂਜੇ ਦੀ ਸਦੀਆਂ ਦੀ ਭਾਈਚਾਰਕ ਸਾਂਝ ਨੂੰ ਭੁੱਲ ਕੇ ਇਕ ਦੂਜੇ ਦੀ ਜਾਨ ਦੇ ਪਿਆਰੇ ਹੋ ਗਏ ਸਨ। ਸਰਦਾਰ ਕਰਤਾਰ ਸਿੰਘ ਰਮਲਾ ਜੀ ਨੂੰ ਉਸ ਦੇ ਮਾਂ-ਬਾਪ ਫਿਰਕਾਪ੍ਰਸਤੀ ਦੀ ਵੱਡ-ਟੁੱਕ ਤੋਂ ਬਚਾ ਕੇ ਕਪੜਿਆਂ ਵਿੱਚ ਲਪੇਟ ਕੇ ਗੱਡੇ ਤੇ ਲੱਦ ਸਮਾਨ ਵਿੱਚ ਰੱਖ ਕੇ ਲਿਆਏ ਸਨ। ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਹਿਜਰਤ ਕਰਦਿਆਂ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਪਿਤਾ ਸਰਦਾਰ ਗਿਆਨੀ ਪਿਆਰਾ ਸਿੰਘ ਕੁਝ ਸਮਾਂ ਮਾਝੇ ਵਿੱਚ ਰਹੇ ਅਤੇ ਜਲਦੀ ਹੀ ਉਹ ਫਰੀਦਕੋਟ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਆ ਵੱਸੇ। ਸਰਦਾਰ ਗਿਆਨੀ ਪਿਆਰਾ ਸਿੰਘ ਨੂੰ ਇਥੇ ਹੀ ਜਮੀਨ ਅਲਾਟ ਹੋਈ ਅਤੇ ਇਥੇ ਹੀ ਉਹ ਖੇਤੀ ਕਰਨ ਲਗ ਪਏ। ਸਰਦਾਰ ਗਿਆਨੀ ਪਿਆਰਾ ਸਿੰਘ ਆਪ ਬਹੁਤ ਸੰਗੀਤ ਦਾ ਡੂੰਘਾ ਗਿਆਨ ਰਖਦੇ ਸਨ। ਸਰਦਾਰ ਗਿਆਨੀ ਪਿਆਰਾ ਸਿੰਘ ਵੱਖ-ਵੱਖ ਰਾਗਾਂ ਦੀ ਬੜੀ ਬਰੀਕੀ ਨਾਲ ਪਰਖ ਕਰ ਲਿਆ ਕਰਦੇ ਸਨ। ਗਿਆਨੀ ਪਿਆਰਾ ਸਿੰਘ ਸੰਗੀਤ ਦੇ ਨਾਲ -ਨਾਲ ਸਾਹਿਤਕ ਰਸੀਏ ਵੀ ਸਨ। ਵਾਰਿਸ਼ ਸ਼ਾਹ ਦੀ ਹੀਰ, ਕਿੱਸਾ ਰੂਪ ਬਸੰਤ, ਪੂਰਨ ਭਗਤ, ਸੋਹਣੀ ਮਹੀਵਾਲ, ਮਿਰਜਾ ਸਾਹਿਬਾਂ, ਲੈਲਾ ਮਜਨੂੰ ਦੁੱਲਾ ਭੱਟੀ, ਰਾਜਾ ਰਸਾਲੂ, ਦਹੂਦ ਬਾਦਸ਼ਾਹ ਆਦਿ ਉਸ ਸਮੇਂ ਦੇ ਪ੍ਰਚਲਿਤ ਕਿੱਸਿਆ ਨੂੰ ਗਿਆਨੀ ਪਿਆਰਾ ਸਿੰਘ ਖੇਤੀ ਬਾੜੀ ਦੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਪੜ੍ਹਦੇ ਰਹਿੰਦੇ ਸਨ। ਸਰਦਾਰ ਕਰਤਾਰ ਸਿੰਘ ਰਮਾਲ ਜੀ ਉਸ ਸਮੇਂ ਸਕੂਲ ਵਿੱਚ ਪੜ੍ਹਦੇ ਸਨ। ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਨੇਮ ਨਾਲ ਕਿੱਸਿਆਂ ਨੂੰ ਗਈ ਰਾਤ ਤੱਕ ਆਪਣੀ ਟੂਣੇਹਾਰੀ ਜਾਦੂਮਾਈ ਆਵਾਜ ਵਿੱਚ ਆਪਣੇ ਪਿਤਾ ਜੀ ਨੂੰ ਸੁਣਾਇਆ ਕਰਦੇ ਸਨ। ਇਹ ਸਾਰੇ ਕਿੱਸੇ ਸਰਦਾਰ ਕਰਤਾਰ ਸਿੰਘ ਰਮਲਾ ਅਠੱਵੀਂ-ਜਮਾਤ ਬਾਰ-ਬਾਰ ਪੜ੍ਹ ਚੁੱਕੇ ਸਨ। ਬਹੁਤੇ ਕਿੱਸੇ ਤਾਂ ਉਨ੍ਹਾਂ ਨੂੰ ਜੁਬਾਨੀ ਯਾਦ ਹੋ ਗਏ। ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਦੱਸਣ ਅਨੁਸਾਰ ਕਈ ਵਾਰ ਰਾਤ ਨੂੰ ਕਿੱਸਾ ਪੜ੍ਹਦਿਆਂ ਜਾਂ ਉਚੀ ਸੁਰ ਵਿੱਚ ਗਾ ਕੇ ਸੁਣਾਦਿਆਂ ਨੀਂਦਰੇ ਵਿੱਚ ਆਵਾਜ਼ ਦੀ ਉੱਚੀ ਨੀਵੀਂ ਸੁਰ ਹੋ ਜਾਣ ਕਾਰਨ ਪਿਤਾ ਜੀ ਵੱਲੋਂ ਬੇਠੀ ਮਹਿਫਲ ਵਿੱਚ ਕੁਟਾਪਾ ਚਾੜ੍ਹ ਦਿੱਤਾ ਜਾਂਦਾ ਸੀ। ਸ਼ਾਇਦ ਇਸੇ ਕਰਕੇ ਮੁਢਲੇ ਰੂਪ ਵਿੱਚ ਉਹ ਆਪਣੇ ਪਿਤਾ ਸਰਦਾਰ ਪਿਆਰਾ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਹਨ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਦਾ ਬਚਪਨ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਵਿੱਚ ਹੀ ਬੀਤਿਆ। ਉਨ੍ਹਾਂ ਦੇ ਘਰ ਦੇ ਹਾਲਾਤ ਆਰਥਿਕ ਤੌਰ ਤੇ ਸੁਖਾਵੇਂ ਨਾ ਹੋਣ ਕਾਰਨ ਉਹ ਅੱਠਵੀਂ ਜਮਾਤ ਤੋਂ ਅੱਗੇ ਨਾ ਪੜ੍ਹਾਈ ਜਾਰੀ ਰੱਖ ਸਕੇ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਦੋ ਭਰਾ ਅਤੇ ਦੋ ਹੀ ਭੈਣਾਂ ਸਨ। ਸਰਦਾਰ ਗਿਆਨੀ ਪਿਆਰਾ ਸਿੰਘ ਕਰਤਾਰ ਸਿੰਘ ਰਮਲਾ ਜੀ ਨੂੰ ਖੇਤੀਬਾੜੀ ਵਿੱਚ ਹੱਥ ਵਟਾਉਣ ਲਈ ਜੋਰ ਪਾਉਣ ਲੱਗੇ ਪਰ ਬਚਪਨ ਵਿੱਚ ਸਾਰੀ-ਸਾਰੀ ਰਾਤ ਮਿੱਟੀ ਦੇ ਤੇਲ ਦੇ ਦੀਵੇ ਦੀ ਲੌਅ ਵਿੱਚ ਪੜ੍ਹੇ ਅਤੇ ਪੜ੍ਹ ਕੇ ਸੁਣਾਏ ਕਿੱਸਿਆਂ ਦਾ ਇਸ਼ਕ ਸਿਰ ਚੜ੍ਹ ਕੇ ਬੋਲਣ ਲੱਗਾ ਤੇ ਇਕ ਰਾਤ ਅਚਨਚੇਤ ਬਿਨ੍ਹਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੱਸਿਆਂ ਸਰਦਾਰ ਕਰਤਾਰ ਸਿੰਘ ਰਮਲਾ ਦਾ ਬਾਗੀ ਸਨ ਘਰੋਂ ਸਾਰਿਆਂ ਨੂੰ ਸੁੱਤਾ Îਛੱਡ ਅਣਦੱਸੇ ਅਣਵੇਖੇ ਰਾਹਾਂਦਾ ਰਾਹੀ ਹੋ ਗਿਆ। ਉਸ ਨੇ ਪੇਟ ਦੀ ਅੱਗ ਬੁਝਾਉਣ ਲਈ ਦਿਹਾੜੀਆਂ ਵੀ ਕੀਤੀਆਂ। ਅਚਨਚੇਤ ਇਕ ਦਿਨ ਭੰਵਰ ਸਾਹਿਬ ਦੇ ਦਰਬਾਰ ਵਿੱਚ ਜਾ ਸਿਜਦਾ ਕੀਤਾ। ਭੰਵਰਾ ਸਾਹਿਬ ਸਾਹਿਬ ਦੀ ਸੰਗਤ ਤੇ ਪ੍ਰੇਰਣਾ ਕਾਰਨ ਸਰਦਾਰ ਕਰਤਾਰ ਸਿੰਘ ਹੌਲੀ-ਹੌਲੀ ਗਾਉਣ ਵਾਲਿਆਂ ਦੀ ਸੰਗਤ ਕਰਨ ਲਗ ਪਿਆ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਦੀਦਾਰ ਸੰਧੂ, ਮੁਹੰਮਦ ਸਦੀਕ, ਚਾਂਦੀ ਰਾਮ, ਨਰਿੰਦਰ ਬੀਬਾ, ਪੋਹਲੀ ਆਦਿ ਕਲਾਕਾਰ ਨਾਲ ਕੰਮ ਕੀਤਾ। ਮੁਹੰਮਦ ਸਦੀਕ ਜੀ ਨੇ ਤੂੰਬੀ ਵਜਾਉਣਾ ਅਤੇ ਪੱਗ ਬੰਨਣੀ ਸਰਦਾਰ ਕਰਤਾ ਸਿੰਘ ਰਮਲਾ ਜੀ ਤੋਂ ਸਿੱਖੀ। ਵੱਖ-ਵੱਖ ਕਲਾਕਾਰਾਂ ਨਾਲ ਸਟੇਜਾਂ ਤੇ ਜਾਂਦਿਆਂ ਸਰਦਾਰ ਕਰਤਾਰ ਸਿੰਘ ‘ਰਮਲਾ’ ਜੀ ਆਪਣੀ ਪਛਾਣ ਬਣਾ ਚੁੱਕੇ ਸਨ। ਪੰਜਾਬੀ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਨਾਲ ਵੀ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਸੰਗਤ ਕੀਤੀ। ਬਾਬੂ ਮਾਨ ਸਿੰਘ ਮਰਾਂੜਾਂਵਾਲੇ ਦੇ ਬਹੁਤੇ ਗੀਤ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਦਸਣ ਅਨੁਸਾਰ ਉਨ੍ਹਾਂ ਦੀ ਤੂੰਬੀ ਦੀ ਸੁਰ ਨਾਲ ਹੀ ਲਿਖੇ ਗਏ ਜਿਵੇਂ ‘ ਬੱਗੀ ਤਿੱਤਰੀ ਕਮਾਦੋਂ ਨਿਕਲੀ’ ਆਦਿ ਪਰ ਸਮੇਂ ਦੇ ਬੀਤਣ ਨਾਲ ਜਾਂ ਅਵਚੇਤਨ ਹੀ ਜੱਟਵਾਦ ਦੇ ਪ੍ਰਭਾਵ ਕਾਰਨ ਬਾਬੂ ਮਾਨ ਸਿੰਘ ਮਰਾੜਾਂਵਾਲਾ ਗੀਤਾਂ ਦੀ ਸਿਰਜਣ ਪ੍ਰਕਿਰਿਆ ਸਹਿਯੋਗੀ ਸਾਥੀ ਸਰਦਾਰ ਕਰਤਾਰ ਸਿੰਘ ਰਮਲਾ ਜੀ ਦਾ ਨਾਮ ਲੈਣ ਜਾ ਯੋਗਦਾਨ ਮਹਿਸੂਸ ਨਹੀਂ ਕਰਦੇ ਹਨ ਸ਼ਾਇਦ ਮਾਨਸਿਕਤਾ ਵਿੱਚ ਜੱਟਵਾਦ ਦੀ ਹਊਮੇ ਦਾ ਸ਼ਿਕਾਰ ਹਨ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਰਾਜਿੰਦਰ ਰਾਜਨ ਨਾਲ ਕੀਤੀ। ਉਨ੍ਹਾਂ ਦਾ ਪਹਿਲਾ ਗੀਤ ‘ ਇਸ਼ਕ ਬਰਾਂਡੀ ਚੜ੍ਹ ਗਈ’ ਉਸ ਸਮੇਂ ਮਸ਼ਹੂਰ ਹੋ ਗਿਆ ਅਤੇ ਇਸ ਸ਼ੁਰੂਆਂਤ ਨਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਆਪਣੇ ਸਮਕਾਲੀ ਕਲਾਕਾਰ ਸਾਥੀਆਂ ਵਿੱਚ ਆਪਣੀ ਵਲਿੱਖਣ ਸ਼ਖਸੀਅਤ ਅਤੇ ਜਾਦੂਮਈ ਅਵਾਜ ਦਾ ਅਹਿਸਾਸ ਕਰਵਾਇਆ।
ਰਾਜਿੰਦਰ ਰਾਜਨ ਤੋਂ ਬਾਅਦ ਉਨ੍ਹਾਂ ਨੇ ਸੁਖਵਿੰਦਰ ਸੁੱਖੀ ਨਾਲ ਤਿੰਨ ਸਾਲ ਗਾਇਆ। ” ਬਾਪੂ ਦਾ ਖੂੰਡਾ, ‘ ਅੱਜ ਬਣ ਜੇ ਭਾਂਵੇ ਕੱਲ ਬਣ ਜੇ’ ਆਦਿ ਮਸ਼ਹੂਰ ਦੋ ਗਾਣੇ ਗਾਏ। ਸਰਦਾਰ ਸਿੰਘ ਰਮਲਾ ਜੀ ਅਤੇ ਸੁਖਵਿੰਦਰ ਸੁੱਖੀ ਦੀ ਪਹਿਲੀ ਟੇਪ ਰੀਕਾਰਡਿੰਗ ਨੇ ਦੋਨਾ ਕਲਾਕਾਰਾਂ ਨੂੰ ਉਸ ਸਮੇਂ ਦੇ ਦੋ ਗਾਣਿਆਂ ਦੇ ਬਾਦਸ਼ਾਹ ਦੀਦਾਰ ਸੰਧੂ, ਮੁਹੰਮਦਸਦੀਕ, ਪਰਮਿੰਦਰ ਪੋਹਲੀ, ਨਰਿੰਦਰ ਬੀਬਾ, ਸੁਰਿੰਦਰ ਕੌਰ ਦੀ ਲਾਇਨ ਵਿੱਚ ਜਾ ਖੜਾ ਕੀਤਾ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਦਾ ਇਸ ਸਮੇਂ ਦੌਰਾਨ ਸਤਿਵੀਰ ਕੌਰ ਵਾਸੀ ਬਾਘਾ ਪੁਰਾਣਾ ਨਾਲ ਵਿਆਹ ਹੋ ਚੁੱਕਾ ਸੀ। ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਪਤਨੀ ਦੀ ਵਹਿਮੀ ਮਾਨਸਿਕਤਾ ਦਾ ਗ੍ਰਹਿਣ ਸਰਦਾਰ ਕਰਤਾਰ ਸਿੰਘ ਰਮਲਾ ਅਤੇ ਸੁਖਵਿੰਦਰ ਸੁੱਖੀ ਦੇ ਦੋ ਗਾਣਿਆਂ ਅਤੇ ਖੁੱਲੇ ਅਖਾੜਿਆਂ ਤੇ ਆਜਿਹਾ ਲਗਾ ਕੇ ਇਹ ਮਹਾਨ ਕਲਾਕਾਰ ਤਿੰਨ ਸਾਲ ਤੋਂ ਵੱਧ ਸਮਾਂ ਇਕੱਠਿਆਂ ਕੰਮ ਨਾ ਕਰ ਸਕੇ। ਇਹ ਦੋਵੇਂ ਅਲੱਗ ਅਲੱਗ ਕੰਮ ਕਰਨ ਲੱਗੇ। ਸਰਦਾਰ ਕਰਤਾਰ ਸਿੰਘ ਰਮਲਾ ਨਵੇਂ ਕਲਾਕਾਰ ਸਾਥੀ ਦੀ ਭਾਲ ਵਿੱਚ ਰੁਝ ਗਿਆ। ਇਸੇ ਸਮੇਂ ਦੌਰਾਨ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਵਹਿਮੀ ਪਤਨੀ ਤੋਂ ਛੁੱਟਕਾਰਾ ਪਾਉਣ ਲਈ ਕੋਰਟ ਵਿੱਚ ਤਲਾਕ ਦੀ ਅਰਜੀ ਦਾਇਰ ਕੀਤੀ ਪਰ ਘਰਵਾਲੀ ਸਤਿਵੀਰ ਦੇ ਨਾਨਕਿਆਂ ਅਤੇ ਪੰਚਾਇਤ ਦੇ ਕਹਿਣ ਅਨੁਸਾਰ ਕੋਰਟ ਦਾਇਰ ਤਲਾਕ ਦੇ ਪੇਪਰ ਵਾਪਿਸ ਲੈ ਲਏ ਅਤੇ ਮਹੀਨਾਵਾਰ ਸਤਿਵੀਰ ਕੌਰ ਨੂੰ ਖਰਚਾ ਦੇਣ ਦਾ ਪ੍ਰਣ ਕਰ ਲਿਆ। ਸ਼ਾਇਦ ਇਹ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਜਿੰਦਗੀ ਦੀ ਮਹਾਨ ਗਲਤੀ ਸੀ ਜਾਂ ਉਸ ਨੇ ਪੰਚਾਇਤ ਨੂੰ ਰੱਬ ਦਾ ਰੂਪ ਮੰਨ ਕੇ ਤਲਾਕ ਨਾ ਦੇਣ ਅਤੇ ਪੇਕਿਆਂ ਦੇ ਬੈਠੀ ਸਤਵੀਰ ਕੌਰ ਨੂੰ ਖਰਚਾ ਦੇਣਾ ਕਬੂਲ ਕਰ ਲਿਆ। ਤਲਾਕ ਕੋਰਟ ਵਿੱਚ ਨਾ ਦੇਣ ਅਤੇ ਪੰਚਾਇਤ ਦੀ ਗੱਲ ਮੰਨ ਲੈਣ ਦਾ ਖੁਮਇਆਜਾ ਸਾਰੀ ਉਮਰ ਭੁਗਤਣਾ। ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਪਤਨੀ ਨੇ ਲਗਾਤਾਰ ਵਰ੍ਹਿਆਂ ਦੇ ਵਰੇ ਖਰਚਾ ਵੀ ਲਿਆ ਵਿਆਹ ਹੋਰ ਨਵੇਂ ਸਿਰਿਓ ਕਰਵਾ ਲਿਆ ਫਿਰ ਨਵੇਂ ਘਰਵਾਲੇ ਦੀ ਮੌਤ ਤੋਂ ਬਾਅਦ ਫਿਰ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੂੰ ਖਰਚੇ ਲਈ ਚੂੰਡਣ ਲਗ ਪਏ।

ਘਰੇਲੂ ਕਲੇਸ਼ ਅਤੇ ਮਾਨਸਿਕ ਟੁੱਟ ਭੱਜ ਦੇ ਬਾਵਜੂਦ ਆਪਣੇ ਸੀਨ੍ਹੇ ਦਾ ਦਰਦ ਲੁਕਾ ਕੇ ਸਰਦਾਰ ਕਰਤਾਰ ਸਿੰਘ ਰਮਲਾ ਗੀਤਾਂ ਰਾਹੀਂ, ਅਖਾੜਿਆਂ ਰਾਹੀਂ ਲੋਕਾਂ ਦੀਆਂ ਖੁਸ਼ੀਆਂ ਵਿਆਹ ਸ਼ਾਦੀਆਂ ਵਿੱਚ ਉਨ੍ਹਾਂ ਦਾ ਮੰਨੋਰੰਜਨ ਕਰਨ ਲਈ ਨਵੇਂ ਤੋਂ ਨਵੇਂ ਦੋਗਣਿਆਂ ਰਾਹੀਂ ਨਵੇਂ ਕਲਾਕਾਰ ਸਾਥੀ ਦੀ ਭਾਲ ਜਾਰੀ ਰੱਖੀ ਅਤੇ ਨੰਗੇ ਪੈਰੀਂ ਕੰਡਿਆਂ ਵਾਲੇ ਟਰੇਕ ਤੇ ਦੋੜਦਾ ਰਿਹਾ।
ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਸੁਖਵੰਤ ਸੁਖੀ ਤੋਂ ਬਾਅਦ ਉਸ ਦੀ ਵੱਡੀ ਭੈਣ ਕੁਲਦੀਪ ਕੌਰ ਨਾਲ ਆਪਣੀ ਜੋੜੀ ਬਣਾਈ ਅਤੇ ਇਹ ਜੋੜੀ ਵੀ ਇਕ ਸਾਲ ਤੋਂ ਵੱਧ ਨਾ ਚੱਲ ਸਕੀ।
ਸਰਦਾਰ ਕਰਤਾਰ ਸਿੰਘ ਰਮਲਾ ਜੀ ਅਤੇ ਕੁਲਦੀਪ ਕੌਰ ਨੇ ਉਸ ਸਮੇਂ ਤੇ ਅੱਜ ਦੀ 50ਸਾਲਾਂ ਬਾਅਦ ਲੋਕਮਾਨਸਿਕਤਾ ਤੇ ਰਾਜ ਕਰਨ ਵਾਲਾ ਦੋਗਾਣਾ ‘ ਪੇਕਿਆਂ’ ਦਾ ਪਿੰਡ ਹੋਵੇ ਆਦਿ ਗੋਲਡਨ ਦੋਗਾਣਾ ਦਿੱਤਾ।

ਉਸ਼ ਕਿਰਨ ਨਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਇਕ ਸਾਲ ਹੀ ਇਕਠਿਆਂ ਕੰਮ ਕੀਤਾ ਅਤੇ ਇਨ੍ਹਾਂ ਦਾ ‘ ਆਸ਼ੇ ਮਗਰ ਟਰਾਲੀ’ ਦੋਗਾਣਾ ਬੜਾ ਮਕਬੂਲ ਹੋਇਆ।
ਪਰਮਜੀਤ ਕੌਰ ਸੰਧੂ ਨਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਲੰਮਾਂ ਸਮਾਂ ਗਾਇਆ। ਦਸ ਸਾਲ ਦੇ ਅਰਸੇ ਦੌਰਾਨ ਕਰਤਾਰ ਸਿੰਘ ਰਮਲਾ ਜੀ ਅਤੇ ਪਰਮਜੀਤ ਕੌਰ ਸੰਧੂ ਨੇ ਅਣਗਿਣਤ ਮਸ਼ਹੂਰ ਦੋ ਗਾਣੇ ਲੋਕ ਮਾਨਸਿਕਤਾ ਨੂੰ ਦਿੱਤੇ। ਇਨ੍ਹਾਂ ਮਹਾਨ ਕਲਾਕਾਰਾਂ ਦਾ ਚਾਲੀ ਸਾਲ ਪਹਿਲਾਂ ਗਾਇਆ ਦੋਗਾਣਾ ” ਭੱਖੜੇ ਦੇ ਕੰਡੇ ਵਾਂਗੂ ਖੁੱਭਿਆ ਪਿਆ” ਅੱਜ ਵੀ ਸਮਾਜ ਵਿਚ ਵਿਆਹ ਸ਼ਾਦੀਆਂ ਆਦਿ ਤੇ ਬੜੇ ਚਾਅ ਨਾਲ ਸੁਣਿਆ ਜਾਂਦਾ ਹੈ। ਪਰਮਜੀਤ ਕੌਰ ਸੰਧੂ ਨਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਗ੍ਰਹਿਸਤ ਵੀ ਧਾਰਣ ਕੀਤਾ ਅਤੇ ਇਨ੍ਹਾਂ ਦੋਹਾਂ ਦੇ ਵਿਆਹ ਤੋਂ ਦੋ ਲੜਕੀਆਂ ਪੈਦਾ ਹੋਈਆਂ ਮੈਂਡੀ ਸੰਧੂ ਅਤੇ ਸੈਂਡੀ ਸੰਧੂ ਸੰਗੀਤ ਦੇ ਖੇਤਰ ਵਿੱਚ ਕਿਸੇ ਜਾਣ-ਪਛਾਣ ਦੀਆਂ ਮੁਥਾਜ ਨਹੀਂ ਹਨ। ਮੈਂਡੀ ਸੰਧੂ ਅਤੇ ਸੈਂਡੀ ਸੰਧੂ ਆਪਣੀ ਗਾਇਕੀ ਦੀ ਕਲਾਤਮਕਤਾ ਨੂੰ ਨਿਖਾਰਨ ਵਿੱਚ ਆਪਣੇ ਪਿਤਾ ਸਰਦਾਰ ਕਰਤਾਰ ਸਿੰਘ ਰਮਲਾ ਅਤੇ ਮਾਤਾ ਪਰਮਜੀਤ ਕੌਰ ਸੰਧੂ ਦਾ ਮਹਾਨ ਯੋਗਦਾਨ ਮੰਨਦੀਆਂ ਹਨ।

ਪਰਮਜੀਤ ਕੌਰ ਸੰਧੂ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਹਰਨੀਤ ਕੌਰ ਨੀਤੂ ਨਾਲ ਲਗਭਗ ਇਕ ਸਾਲ ਹੀ ਗਾਇਆ। ਹਰਨੀਤ ਕੌਰ ਨੀਤੂ ਸਟੇਜਾਂ ਅਤੇ ਅਖਾੜਿਆਂ ਵਿੱਚ ਸਰਦਾਰ ਕਰਤਾਰ ਸਿੰਘ ਰਮਲਾ ਜੀ ਨਾਲ ਗਾਉਂਦੀ ਪਰ ਸਰਦਾਰ ਕਰਤਾਰ ਸਿੰਘ ਰਮਲਾ ਜੀ ਨਾਲ ਇਸ ਗਾਇਕਾ ਦਾ ਕੋਈ ਵੀ ਗੀਤ ਰੀਕਾਰਡਿੰਗ ਨਹੀਂ ਹੋਇਆ। ਸੁਨੀਤਾ ਰੱਤੂ ਨਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਇਕ ਸਾਲ ਹੀ ਗਾਇਆ ਅਤੇ ਇਨ੍ਹਾਂ ਦੇ ਸਮੇਂ ਦੌਰਾਨ ਇਨ੍ਹਾਂ ਦਾ ਗੀਤ ‘ ਛੱਡ ਰੋਜ ਦੀਆਂ ਮੁਲਾਕਾਤਾਂ’ ਬੜਾ ਮਕਬੂਲ ਹੋਇਆ।
ਪਰਮਜੀਤ ਕੌਰ ਸੰਧੂ ਤੋਂ ਬਾਅਦ ਸਿਰਫ ਇਕ ਮਨਜੀਤ ਕੌਰ ਗਾਇਕਾ ਨਾਲ ਹੀ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਲਗਭਗ ਦਸ ਸਾਲ ਗਾਇਆ।
ਸਰਦਾਰ ਕਰਤਾਰ ਸਿੰਘ ਰਮਲਾ ਜੀ ਅਤੇ ਮਨਜੀਤ ਕੌਰ ਦਾ ਦੋਗਾਣਾ ਤੀਹ ਸਾਲ ਪਹਿਲਾ ਗਾਇਆ ਗੀਤ ‘ ਸੁਪਨਾ ਹੀ ਹੋ ਗਈ ਪਾਲੀਏ’ ਅੱਜ ਵੀ ਲੋਕ ਮਾਨਸਿਕਤਾ ਸਜਰਾ ਅਤੇ ਸਦਾਬਹਾਰ ਗੀਤਾ ਹੈ।

ਤੇਜਵੀਰ ਰਾਜੂ ਨਾਲ ਲਗਭਗ ਪੰਜ ਸਾਲ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਗਾਇਆ ਅਤੇ ਲੋਕਾਂ ਦਾ ਮੰਨੋਰੰਜਨ ਕਰਦੇ ਰਹੇ।
ਨਵਜੋਤ ਰਾਣੀ ਦਾ ਜਿਕਰ ਕਰਦਿਆਂ ਅਤਿ ਸਤਿਕਾਰ ਨਾਲ ਇਨ੍ਹਾਂ ਦੀ ਸੇਵਾ ਭਾਵਨਾ ਅਤੇ ਕੁਰਬਾਨੀ ਅੱਗੇ ਮਾਣ ਨਾਲ ਸਿਰ ਝੁੱਕ ਜਾਂਦਾ ਹੈ। ਨਵਜੋਤ ਰਾਣੀ ਉਸ ਸਮੇਂ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਜਿੰਦਗੀ ਵਿੱਚ ਆਈ ਜਦੋਂ ਸਰਦਾਰ ਕਰਤਾਰ ਸਿੰਘ ਰਮਲਾ ਆਰਥਿਕ, ਮਾਨਸਿਕ ਅਤੇ ਸਰੀਰਕ ਪੱਖੋਂ ਸੰਘਰਸ਼ ਕਰ ਰਿਹਾ ਸੀ। ਇਸ ਸਮੇਂ ਦੌਰਾਨ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਘੇਰ ਲਿਆ। ਉਨ੍ਹਾਂ ਨੂੰ ਸਾਂਭਣ ਵਾਲਾ ਬਾਰਾਂ-ਬਾਰਾਂ ਕੋਹ ਤੱਕ ਨਹੀਂ ਲਭਦਾ ਸੀ। ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਦੇ ਬੱਚਿਆਂ ਅਤੇ ਰਿਸ਼ਤੇਦਾਰਾਂ ਇਸ ਸਮੇਂ ਦੌਰਾਨ ਸਰਦਾਰ ਕਰਤਾਰ ਸਿੰਘ ਰਮਲਾ ਜੀ ਦਾ ਸਾਥ ਅਤੇ ਸੇਵਾ ਕਰਨ ਦੀ ਬਜਾਏ ਪੈਸਿਆਂ ਦੀ ਮੰਗ ਕਰਦੇ ਰਹੇ ਅਤੇ ਆਲੇ ਦੁਆਲੇ ਉਨ੍ਹਾਂ ਨੂੰ ਬਦਨਾਮ ਕਰਦੇ ਰਹੇ। ਕੰਵਲਜੀਤ ਸਿੰਘ ਘੁੰਮਣ ਵਰਗੇ ਸਰੋਤੇ ਉਨ੍ਹਾਂ ਦੇ ਰਿਕਾਰਡ ਸਾਂਭਦੇ ਰਹੇ।

ਅੰਧਰੰਗ ਵਰਗੀ ਬਿਮਾਰੀ ਤੋਂ ਨਿਜਾਤ ਦਿਵਾਉਣ ਅਤੇ ਬਿਮਾਰੀ ਦੇ ਨੌ ਮਹੀਨਿਆਂ ਤੋਂ ਬਾਅਦ ਨਵਜੋਤ ਰਾਣੀ ਨੇ ਉਨ੍ਹਾਂ ਨੂੰ ਮੁੜ ਤੰਦਰੁਸਤ ਕਰ ਦਿਤਾ। ਇਸ ਮਾੜੇ ਸਮੇਂ ਦੌਰਾਨ ਨਵਜੋਤ ਰਾਣੀ ਨੇ ਵਿਆਜੂ ਪੈਸੇ ਲੈ ਕੇ ਵੀ ਉਨ੍ਹਾਂ ਦੀ ਦੇਖਭਾਲ ਅਤੇ ਸਿਹਤ ਦੀ ਤੰਦਰੁਸਤੀ ਲਈ ਚੰਗੀ ਤੋਂ ਚੰਗੇਰੀ ਖੁਰਾਕ ਦਾ ਖਿਆਲ ਰੱਖਿਆ।

ਇਕ ਇੰਟਰਵਿਊ ਵਿੱਚ ਖੁਦ ਕਰਤਾਰ ਸਿੰਘ ਰਮਲਾ ਜੀ ਖੁਦ ਇਕਬਾਲ ਕਰਦੇ ਹਨ ਕਿ ਨਵਜੋਤ ਰਾਣੀ ਦੇ ਨਿਰਸਵਾਰਥ ਸੇਵਾ ਭਾਵਨਾ ਅਤੇ ਦੇਖਭਾਲ ਕਾਰਨ ਫਿਰ ਉਹ ਜੁਆਨ ਹੋ ਗਏ ਅਤੇ ਕਨੇਡਾ ਤੱਕ ਵੀ ਅਖਾੜੇ ਲਾ ਕੇ ਆਏ।

ਨਵਜੋਤ ਰਾਣੀ ਅਤੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ। ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਇਹ ਦੋਗਾਣਾ ਜੋੜੀ ਲੋਕਾਂ ਦੇ ਖੁਸ਼ੀ ਦੇ ਮੌਕਿਆਂ ਤੇ ਮੰਨੋਰੰਜਨ ਦਾ ਸ਼ਿੰਗਾਰ ਬਣਦੇ ਰਹੇ।

ਮੈਨੂੰ ਵੀ ਯਾਦ ਹੈ ਕਿ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਨਵਜੋਤ ਰਾਣੀ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਆਖਿਆ ਸੀ, ਰਾਣੀ ਤੂੰ ਜਿੰਦਗੀ ਦੀ ਸਿੱਖਰ ਦੁਪਹਿਰ ਵੇਲੇ ਆਉਂਦੀ ਹੁਣ ਤਾਂ ਰੁੱਤਾਂ ਹੀ ਬਦਲ ਗਈਆਂ ਏਨੀ ਆਖ ਕੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਉਦਾਸ ਹੋ ਗਏ। ਨਵਜੋਤ ਰਾਣੀ ਨੇ ਉਸ ਸਮੇਂ ਭਾਵੁਕ ਹੋ ਕੇ ਨਿਡਰ ਆਵਾਜ ਵਿੱਚ ਆਖਿਆ ਰਮਲਾ ਸਾਹਿਬ ਮੈਂ ਰੁੱਤਾਂ ਦੇ ਵਹਿਣ ਹੀ ਮੋੜ ਦਿਆਂਗੀ। ਸੱਚਮੁਚ ਨਵਜੋਤ ਰਾਣੀ ਨੇ ਰੁਤਾਂ ਦੇ ਵਹਿਣ ਹੀ ਨਹੀਂ ਮੋੜੇ ਸਗੋਂ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੂੰ ਮੁੜ ਜੁਆਨ ਕਰ ਦਿੱਤਾ ਅਤੇ ਫਿਰ ਰਮਲਾ ਸਾਹਿਬ ਚਾਲੀ ਸਾਲ ਪਹਿਲਾਂ ਵਾਲੇ ਅੰਦਾਜ ਵਿੱਚ ਸਟੇਜਾਂ ਅਤੇ ਅਖਾੜਿਆਂ ਵਿੱਚ ਲੋਕਾਂ ਦੀ ਪਸੰਦ ਬਣ ਗਏ।

ਨਵਜੋਤ ਰਾਣੀ ਨਾਲ ਗਾਉਂਦਿਆਂ ਸਰਦਾਰ ਕਰਤਾਰ ਸਿੰਘ ਰਮਲਾ ਜੀ ਨੇ ਅਨੇਕਾਂ ਹੀ ਗਾਣੇ ਆਪਣੇ ਚਹੇਤਿਆਂ ਦੀ ਝੋਲੀ ਵਿੱਚ ਪਾਏ। ਇਸ ਮਹਾਨ ਕਲਾਕਾਰ ਜੋੜੀ ਦਾ ਪਹਿਲਾ ਦੋਗਾਣਾ ‘ ਸ਼ੀਸ਼ਾ’ ਰੀਕਾਰਡ ਹੋਇਆ। ਇਸ ਤੋਂ ਬਾਅਦ ਅਨੇਕਾਂ ਹੀ ਪ੍ਰਚਲਿਤ ਦੋਗਾਣੇ ਜਿਵੇਂ ” ਜੈਤੋ ਵਾਲਾ ਫਾਟਕ” ਆਸ਼ਕਾਂ ਤੋਂ ਰਹਿ ਬੱਚ ਕੇ ਰਾਣੀਏ, ਟਰਾਲਾ, ਕੰਧ ਤੋਂ ਸਿੱਟਾਂ ਗੰਡਾਸਾ ਬੋਚੀਂ ਵੇ ਮਿੱਤਰਾਂ ਆਦਿ ਦੋਗਾਣਿਆਂ ਨਾਲ ਕਤਰਾਰ ਸਿੰਘ ਰਮਲਾ ਸਚਮੁੱਚ ਮੁੜ ਚਾਲ੍ਹੀ ਸਾਲ ਪਹਿਲਾ ਵਾਲੇ ਰੰਗ ਵਿੱਚ ਆ ਗਏ। ਪੰਜਾਬ ਦੇ ਵੱਖ-ਵੱਖ ਜਿਲਿਆ ਤੋਂ ਇਲਾਵਾ ਵਿਦੇਸ਼ਾ ਵਿੱਚ ਵੀ ਜਿਵੇਂ ਕੇਨੇਡਾ ਵਰਗੇ ਦੇਸ਼ਾ ਵਿੱਚ ਵੀ ਨਵਜੋਤ ਰਾਣੀ ਅਤੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਅਖਾੜਿਆਂ ਤੇ ਲੋਕ ਹੁੰਮ ਹੁਮਾ ਕੇ ਪਹੁੰਚਦੇ ਰਹੇ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਦੁਆਰਾ ਗਾਏ ਗੀਤਾਂ ਵਿੱਚ ਸਮਾਜ ਵਿਚਲੀਆਂ ਬੁਰਾਈਆਂ ਨੂੰ ਵਿਅੰਗ ਵੱਜੋਂ ਪੇਸ਼ ਕਰਕੇ ਲੋਕਾਂ ਨੂੰ ਚੇਤੰਨ ਰੂਪ ਵਿੱਚ ਜਾਗਰੂਕ ਕੀਤਾ ਜਾਂਦਾ ਸੀ। ਭਾਵੇਂ ਸਮੇਂ-ਸਮੇਂ ਤੇ ਅਖੋਤੀ ਅਲੋਚਕਾਂ ਨੇ ਕਰਤਾਰ ਸਿੰਘ ਰਮਲਾ ਦੁਆਰਾ ਗਏ ਗੀਤਾਂ ਨੂੰ ਅਸ਼ਲੀਲ ਆਖਿਆ ਪਰ ਸਮਿਆਂ ਦੇ ਵਹਿਣ ਵਿੱਚ ਅਖੋਤੀ ਅਲੋਚਕ ਗੁਆਚ ਗਏ ਪਰ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੁਆਰਾਂ ਗਏ ਗੀਤ ਲੋਕ ਮਾਨਸਿਕਤਾ ਦਾ ਅੰਗ ਬਣ ਗਏ। ਸਰਦਾਰ ਕਰਤਾਰ ਸਿੰਘ ਰਮਲਾ ਜੀ ਇਕ ਵਧੀਆ ਕਲਾਕਾਰ ਦੇ ਨਾਲ-ਨਾਲ ਇਕ ਇਮਾਨਦਾਰ ਸਹਿਰਦ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਇਨਸਾਨ ਵੀ ਸਨ। ਸਰਦਾਰ ਕਰਤਾਰ ਸਿੰਘ ਰਮਲਾ ਜੀ ਯਾਰਾਂ ਦੇ ਯਾਰ ਸਨ। ਜਗਦੇਵ ਟਹਿਣਾ ਜੀ ਅਤੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਦੋਸਤੀ ਦੀ ਮਿਸਾਲ ਲੋਕ ਅਕਸਰ ਦਿੰਦੇ ਹਨ। ਜਗਦੇਵ ਟਹਿਣਾ ਜੀ ਦਾ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਸਰੋਤੇ ਸਦਾ ਰਿਣੀ ਰਹਿਣਗੇ ਕਿਉਂਕਿ ਜਗਦੇਵ ਟਹਿਣਾ ਜੀ ਨੇ ਸਰਦਾਰ ਕਰਤਾਰ ਸਿੰਘ ਰਮਲਾ ਅਤੇ ਨਵਜੋਤ ਰਾਣੀ ਦੇ ਸਟੇਜ ਅਤੇ ਅਖਾੜਿਆਂ ਦੀ ਹਰ ਵੀਡਿਓ ਸਰੋਤਿਆਂ ਨਾਲ ਸਾਂਝੀ ਕੀਤੀ। ਜਗਦੇਵ ਟਹਿਣਾ ਜੀ ਨੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੇ ਪਿਛਲੇ ਚਾਲੀ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਸਟੇਜਾਂ ਅਖਾੜਿਆਂ ਅਤੇ ਗੀਤਾਂ ਦੀਆਂ ਵੀਡੀਓ ਲੱਭ-ਲੱਭ ਕੇ ਮਿਹਨਤ ਕਰਕੇ ਸਰੋਤਿਆਂ ਤੱਕ ਆਪਣੇ ਯੂ ਟਿਊਬ ਚੈਨਲ ਰਾਹੀਂ ਪਹੁੰਚਾਈਆਂ।

ਸਰਦਾਰ ਕਰਤਾਰ ਸਿੰਘ ਰਮਲਾ ਜੀ ਆਪਣੇ ਸਾਥੀ ਕਲਾਕਾਰ ਬੀਬੀਆਂ ਨਾਲ ਬੜੇ ਅਦਬ ਅਤੇ ਸਤਿਕਾਰ ਨਾਲ ਪੇਸ਼ ਆਇਆ ਕਰਦੇ ਸਨ। ਆਪਣੇ ਸਾਜਿੰਦਿਆਂ ਨੂੰ ਸਮੇਂ ਸਿਰ ਉਨ੍ਹਾਂ ਦਾ ਮਿਹਨਤਾਨਾ ਦੇਣਾ, ਗੀਤਕਾਰਾਂ ਨੂੰ ਹਰ ਸਮੇਂ ਲੋੜ ਪੈਣ ਤੇ ਮਦਦ ਕਰਨਾ ਅਤੇ ਸਟੇਜ ਤੇ ਚਲਦੇ ਅਖਾੜੇ ਸਮੇਂ ਹਰ ਗਰੀਬ ਤੋਂ ਗਰੀਬ ਸਰੋਤੇ ਦੇ ਅਦਬ ਦਾ ਖਿਆਲ ਰੱਖਣਾ, ਬਿਨਾ ਬੌਂਸਰਾ ਦੇ ਪ੍ਰੋਗਰਾਮਾਂ ਤੇ ਜਾਣਾ, ਸਟੇਜਾਂ ਅਤੇ ਅਖਾੜਿਆਂ ਦੇ ਮੁੱਕਣ ਅਨੁਸਾਰ ਆਪਣੇ ਚਹੇਤਿਆਂ ਨਾਲ ਫੋਟੋ ਕਰਵਾਉਣ ਲਈ ਉਨ੍ਹਾਂ ਨੂੰ ਸਮਾਂ ਦੇਣਾ ਅਤੇ ਸਰੋਤਿਆਂ ਨੂੰ ਰੱਬ ਦਾ ਰੂਪ ਸਮਝਣਾ ਆਦਿ ਉਸ ਦੇ ਮਹਾਨ ਗੁਣ ਸਨ ਸ਼ਾਇਦ ਇਸੇ ਕਰਕੇ ਸਰੋਤੇ ਸਰਦਾਰ ਕਰਤਾਰ ਸਿੰਘ ਰਮਲਾ ਜੀ ਦਾ ਹੱਥ ਫੜ ਕੇ ਫੋਟੋ ਕਰਵਾਉਣ ਅਤੇ ਸੈਲਫੀਆਂ ਲੈਣ ਲਗ ਪੈਂਦੇ ਸਨ।
ਭਾਵੇਂ ਅੱਜ ਸਾਡੇ ਵਿੱਚ ਸਰਦਾਰ ਕਰਤਾਰ ਸਿੰਘ ਰਮਲਾ ਜੀ ਸਰੀਰਿਕ ਰੂਪ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਹਾਨ ਦੇਣ ( ਸਮਾਜ ਦੀਆਂ ਬੁਰਾਈਆਂ ਨੂੰ ਵਿਅੰਗ ਵਜੋਂ ਪੇਸ਼ ਕਰਨਾ) ਨੂੰ ਸਦਾ ਚੇਤੇ ਕੀਤਾ ਜਾਂਦਾ ਰਹੇਗਾ। ਨਵਜੋਤ ਰਾਣੀ ਦੀ ਨਿਰਸੁਆਰਥ ਸਰਦਾਰ ਕਰਤਾਰ ਸਿੰਘ ਰਮਲਾ ਜੀ ਦੀ ਔਖੇ ਸਮੇਂ ਨਿਸ਼ਕਾਮ ਸੇਵਾ ਅਤੇ ਦੇਖਭਾਲ ਲੋਕ ਮਨਸਿਕਤਾ ਦੇ ਚੇਤਿਆਂ ਵਿੱਚ ਅਮਰ ਰਹੇਗੀ।

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਜਦੋਂ ਵੀ ਸਰਦਾਰ ਕਰਤਾਰ ਸਿੰਘ ਰਮਲਾ ਦਾ ਜਿਕਰ ਹੋਵੇਗਾ ਤਾਂ ਅਵਚੇਤਨ ਹੀ ਨਵਜੋਤ ਰਾਣੀ ਦੀ ਨਿਸ਼ਕਾਮ ਸੇਵਾ ਦਾ ਜਿਕਰ ਛਿੜਦਾ ਰਹੇਗਾ। ਨਵਜੋਤ ਕੌਰ ਵਰਗੀਆਂ ਮਹਾਨ ਆਤਮਾਵਾਂ ਨੂੰ ਕੋਟਿ-ਕੋਟਿ ਪ੍ਰਣਾਮ।
ਡਾ. ਜਾਰਜ ਸਿੰਘ
ਮੋਬਾਇਲ : 07447 947 722

Previous articleਸਾਹਿਬ ਸ੍ਰੀ ਕਾਸ਼ੀਰਾਮ ਜੀ ਦਾ ਜਨਮ ਦਿਹਾੜਾ ਅਤੇ ਦੂਲੋ ਜੀ ਵੱਲੋਂ ਅੰਬੇਡਕਰ ਭਵਨ ਦਾ ਉਦਘਾਟਨ
Next articleਯੂ ਐਨ ੳ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਪ੍ਤੀ ਚਿੰਤਾ ਕਰੇ