ਦੇਸ਼ ਦਾ ਮਾਹੌਲ ‘ਖ਼ਰਾਬ’: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਅਗਵਾਈ ’ਚ ਅੱਜ ਕਈ ਪਾਰਟੀ ਆਗੂਆਂ ਨੇ ਇੰਡੀਆ ਗੇਟ ’ਤੇ ਧਰਨਾ ਦਿੱਤਾ ਤੇ ਜਾਮੀਆ ਮਿਲੀਆ ਇਸਲਾਮੀਆ ਤੇ ਮੁਲਕ ਭਰ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਦੇ ਨਾਲ ਪਾਰਟੀ ਆਗੂ ਅਹਿਮਦ ਪਟੇਲ, ਏ.ਕੇ ਐਂਟਨੀ, ਗੁਲਾਮ ਨਬੀ ਆਜ਼ਾਦ ਤੇ ਰਣਦੀਪ ਸਿੰਘ ਸੁਰਜੇਵਾਲਾ ਵੀ ਹਾਜ਼ਰ ਸਨ। ਪ੍ਰਿਯੰਕਾ ਨੇ ਜਾਮੀਆ ਦੇ ਵਿਦਿਆਰਥੀਆਂ ਖ਼ਿਲਾਫ਼ ਦਿੱਲੀ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਲਕ ਦਾ ਮਾਹੌਲ ‘ਖ਼ਰਾਬ’ ਹੋ ਗਿਆ ਹੈ। ਪੁਲੀਸ ’ਵਰਸਿਟੀਆਂ ’ਚ ਵੜ ਕੇ ਵਿਦਿਆਰਥੀਆਂ ਨੂੰ ਕੁੱਟ ਰਹੀ ਹੈ। ਸਰਕਾਰ ਸੰਵਿਧਾਨ ਨਾਲ ਛੇੜਖਾਨੀ ਕਰ ਰਹੀ ਹੈ ਤੇ ਪਾਰਟੀ ਇਸ ਖ਼ਿਲਾਫ਼ ਲੜੇਗੀ। ਕਾਂਗਰਸੀ ਆਗੂ ਕਰੀਬ ਦੋ ਘੰਟੇ ਧਰਨਾ ਲਾ ਕੇ ਬੈਠੇ ਰਹੇ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਨਾਗਰਿਕਤਾ ਐਕਟ ਸੰਵਿਧਾਨ ਨੂੰ ਤਬਾਹ ਕਰ ਦੇਵੇਗਾ ਤੇ ਵਿਦਿਆਰਥੀਆਂ ’ਤੇ ਹਮਲਾ ਭਾਰਤ ਦੀ ਰੂਹ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰਾ ਭਾਰਤ ਦੁਖੀ ਹੈ ਦੇ ਮਾਂ ਹੋਣ ਨਾਤੇ ਉਹ ਇਸ ਦਰਦ ਨੂੰ ਸਮਝ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਮੁਲਕ ਦੀ ਰੂਹ ਹਨ ਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਤੇ ਰੋਸ ਪ੍ਰਗਟਾਉਣ ਦਾ ਹੱਕ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਤੇ ਆਗੂ ਸੰਵਿਧਾਨ ਦੀ ਰਾਖ਼ੀ ਲਈ ਲੜੇਗਾ ਤੇ ਮੋਦੀ ਸਰਕਾਰ ਦੀ ‘ਤਾਨਾਸ਼ਾਹੀ’ ਦਾ ਵਿਰੋਧ ਕਰੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਹਰ ਸਵਾਲ ’ਤੇ ਚੁੱਪ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਕੋਲ ਵੀ ਜਾਮੀਆ ਦਾ ਮੁੱਦਾ ਉਠਾਉਣਗੇ।

Previous articleਵਿਰੋਧੀ ਧਿਰਾਂ ਨੇ ਜਾਮੀਆ ਮਾਮਲੇ ਦੀ ਨਿਆਂਇਕ ਜਾਂਚ ਮੰਗੀ
Next articleਦੇਸ਼ ਭਰ ’ਚ ਫੈਲਿਆ ਵਿਦਿਆਰਥੀ ਰੋਹ