ਦੇਸ਼ ’ਚ ਕਰੋਨਾ ਕੇਸ 21 ਲੱਖ ਤੋਂ ਪਾਰ

ਨਵੀਂ ਦਿੱਲੀ, (ਸਮਾਜ ਵੀਕਲੀ) : ਦੇਸ਼ ’ਚ ਕਰੋਨਾਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 64,399 ਨਵੇਂ ਕੇਸ ਸਾਹਮਣੇ ਆਉਣ ਨਾਲ ਐਤਵਾਰ ਨੂੰ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 21,53,010 ਹੋ ਗਈ। ਲਗਾਤਾਰ ਤੀਜੇ ਦਿਨ ਕਰੋਨਾ ਦੇ 60 ਹਜ਼ਾਰ ਤੋਂ ਵੱਧ ਕੇਸ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 861 ਹੋਰ ਵਿਅਕਤੀਆਂ ਦੀ ਮੌਤ ਨਾਲ ਕਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43,379 ’ਤੇ ਪਹੁੰਚ ਗਈ ਹੈ।

ਬੀਤੇ ਇਕ ਦਿਨ ’ਚ ਰਿਕਾਰਡ 53,879 ਵਿਅਕਤੀ ਠੀਕ ਹੋਏ ਹਨ ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 14,80,884 ’ਤੇ ਪਹੁੰਚ ਗਿਆ ਹੈ। ਇਸ ਨਾਲ ਰਿਕਵਰੀ ਦਰ 68.78 ਫ਼ੀਸਦ ’ਤੇ ਪਹੁੰਚ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੌਤਾਂ ਦੀ ਦਰ ਘੱਟ ਕੇ 2.01 ਫ਼ੀਸਦ ਰਹਿ ਗਈ ਹੈ। ਮੁਲਕ ’ਚ ਕਰੋਨਾਵਾਇਰਸ ਦੇ 6,28,747 ਸਰਗਰਮ ਕੇਸ ਹਨ। ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐੱਮਆਰ) ਮੁਤਾਬਕ ਸ਼ਨਿਚਰਵਾਰ ਨੂੰ 7,19,364 ਟੈਸਟ ਕੀਤੇ ਗਏ।

ਉਂਜ ਹੁਣ ਤੱਕ ਕੁੱਲ 2,41,06,535 ਟੈਸਟ ਕੀਤੇ ਜਾ ਚੁੱਕੇ ਹਨ। ਆਈਸੀਐੱਮਆਰ ਦੇ ਮੀਡੀਆ ਕੋਆਰਡੀਨੇਟਰ ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਮੁਲਕ ’ਚ ਪ੍ਰਤੀ ਮਿੰਟ ਕਰੀਬ 500 ਟੈਸਟ ਹੋ ਰਹੇ ਹਨ ਅਤੇ ਰੋਜ਼ਾਨਾ ਟੈਸਟਿੰਗ ਸਮਰੱਥਾ 5 ਲੱਖ ਤੋਂ ਜ਼ਿਆਦਾ ਹੈ। ਸ਼ਨਿਚਰਵਾਰ ਨੂੰ ਮਹਾਰਾਸ਼ਟਰ ’ਚ ਸਭ ਤੋਂ ਵੱਧ 275 ਮੌਤਾਂ ਹੋਈਆਂ ਹਨ। ਇਸ ਮਗਰੋਂ ਤਾਮਿਲ ਨਾਡੂ (118) ਅਤੇ ਆਂਧਰਾ ਪ੍ਰਦੇਸ਼ (93) ਦਾ ਨੰਬਰ ਆਉਂਦਾ ਹੈ।

Previous articleਅੰਮ੍ਰਿਤਸਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ ’ਚ ਵਜਾਈ ਘੰਟੀ
Next articleਜੋਧਪੁਰ ’ਚੋਂ 11 ਪਾਕਿਸਤਾਨੀ ਹਿੰਦੂਆਂ ਦੀਆਂ ਲਾਸ਼ਾਂ ਮਿਲੀਆਂ