ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦਿੱਕਤਾਂ

ਐਸਏਐਸ ਨਗਰ (ਮੁਹਾਲੀ) (ਸਮਾਜਵੀਕਲੀ) :  ਨੇੜਲੇ ਪਿੰਡ ਭਾਗੋਮਾਜਰਾ-ਬੈਰੋਂਪੁਰ ਦੇ ਬਾਸ਼ਿੰਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡਾਢੇ ਪ੍ਰੇਸ਼ਾਨ ਹਨ। ਪਿੰਡ ਵਾਸੀ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਇਸ ਸਬੰਧੀ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਦੀ ਅਗਵਾਈ ਹੇਠ ਪਿੰਡ ਦੇ ਪਤਵੰਤਿਆਂ ਦਾ ਵਫ਼ਦ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਸ਼ਿਕਾ ਜੈਨ ਨੂੰ ਮਿਲਿਆ ਤੇ ਉਨ੍ਹਾਂ ਨੂੰ ਉਕਤ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਏਡੀਸੀ ਨੇ ਮੌਕੇ ’ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਹੋਏ ਪਿੰਡ ਵਾਸੀਆਂ ਦੀ ਇਹ ਸਮੱਸਿਆ ਛੇਤੀ ਹੱਲ ਕਰਨ ਨੂੰ ਕਿਹਾ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿੰਡ ਦੇ ਆਲੇ-ਦੁਆਲੇ ਬਣੀਆਂ ਪ੍ਰਾਈਵੇਟ ਕਲੋਨੀਆਂ ਕਾਰਨ ਗੰਦੇ ਪਾਣੀ ਦੀ ਨਿਕਾਸੀ ਰੁਕ ਗਈ ਹੈ, ਜਿਸ ਕਾਰਨ ਪਿੰਡ ਵਿੱਚ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਫੈ਼ਲਣ ਦਾ ਵੀ ਖ਼ਦਸ਼ਾ ਹੈ। ਉਧਰ, ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਨਾਲ ਦਿੱਕਤਾਂ ਵੱਧ ਗਈਆਂ ਹਨ। ਉਨ੍ਹਾਂ ਦੱਸਿਆ ਕਿ ਏਡੀਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਇਸ ਸਮੱਸਿਆ ਦਾ ਛੇਤੀ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਸ੍ਰੀ ਸ਼ਰਮਾ ਨੇ ਕਿਹਾ ਕਿ ਬਰਸਾਤ ਦਾ ਮੌਸਮ ਖ਼ਤਮ ਹੋਣ ਮਗਰੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਖ਼ਤਿਆਰੀ ਕੋਟੇ ’ਚੋਂ ਗਰਾਂਟ ਜਾਰੀ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਵਿਕਾਸ ਪੱਖੋਂ ਨਮੂਨੇ ਦੇ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਹੱਲ ਕਰਵਾਇਆ ਜਾਵੇਗਾ।

Previous articleਨਿਗਮ ਨੇ ਨਾਜਾਇਜ਼ ਕਬਜ਼ੇ ਹਟਵਾਏ
Next articleਖ਼ਤਮ ਨਹੀਂ ਹੋ ਰਿਹਾ ਗੁਰਦੁਆਰਾ ਕਲਗੀਧਰ ਸਿੰਘ ਸਭਾ ਦਾ ਵਿਵਾਦ