ਦੂਰਦਰਸ਼ਨ ਪੰਜਾਬੀ ਵੱਲੋਂ ਗੂਗਲ ਦਾ ਪ੍ਰਚਾਰ ਤੇ ਪ੍ਰਸਾਰ

ਰਮੇਸ਼ਵਰ ਸਿੰਘ ਪਟਿਆਲਾ
(ਸਮਾਜ ਵੀਕਲੀ)

ਦੂਰਦਰਸ਼ਨ ਜਲੰਧਰ ਤੋਂ ਨਵੀਂ ਡਿਜੀਟਲ ਤਕਨੀਕ ਨਾਲ ਜਦੋਂ ਤੋਂ ਦੂਰਦਰਸ਼ਨ ਪੰਜਾਬੀ ਬਣਿਆ ਹੈ ਪੂਰੀ ਦੁਨੀਆਂ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਚਾਰ ਤੇ ਪ੍ਰਸਾਰ ਦਾ ਬੀੜਾ ਚੁੱਕਿਆ ਚੌਵੀ ਘੰਟੇ ਦੀ ਪ੍ਰਸਾਰਨ ਸੇਵਾ ਵਿੱਚ ਪੰਜਾਬੀ ਮਾਂ ਬੋਲੀ ਦੇ ਹਰ ਰੰਗ ਨੂੰ ਆਪਣੇ ਸਰੋਤਿਆਂ ਤੱਕ ਪਹੁੰਚਾਇਆ ਪ੍ਰਸਾਰ ਭਾਰਤੀ ਦੇ ਲੋਕ ਪ੍ਰਸਾਰਨ ਸੇਵਾ ਨੇ ਸਾਡੀ ਮਾਂ ਬੋਲੀ ਪੰਜਾਬੀ ਦੀ ਬੇਹੱਦ ਸੇਵਾ ਕੀਤੀ

ਪੰਜਾਬੀ ਸਾਹਿਤ ਦਾ ਹਰ ਰੰਗ ਦੂਰਦਰਸ਼ਨ ਪੰਜਾਬੀ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਤੇ ਜ਼ਿੰਦਗੀ ਦੀ ਹਰ ਤਰ੍ਹਾਂ ਦੀ ਸੇਧ ਸਾਨੂੰ ਮਿਲਦੀ ਰਹੀ ਦੂਰਦਰਸ਼ਨ ਪੰਜਾਬੀ ਨੇ ਪੰਜ ਸਾਲ ਪਹਿਲਾਂ ਸਭ ਦੂਰਦਰਸ਼ਨ ਦੇ ਚੈਨਲਾਂ ਵਿੱਚੋਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਚੈਨਲ ਦਾ ਕੌਮਾਂਤਰੀ ਪੁਰਸਕਾਰ ਜਿੱਤਿਆ

ਪੰਜਾਬੀ ਮਾਂ ਬੋਲੀ ਦੀ ਪੂਰੀ ਦੁਨੀਆਂ ਵਿੱਚ ਧੰਨ ਧੰਨ ਹੋ ਗਈ ਸੀ ਪਰ ਪਤਾ ਨਹੀ ਉਹ ਇਨਾਮ ਜਿੱਤਣ ਤੋਂ ਬਾਅਦ ਕਿਹੜੀ ਨਜ਼ਰ ਲੱਗ ਗਈ ਜਾਂ ਕਿਹੜੀ ਚੰਦਰੀ ਹਵਾ ਵਗੀ ਪ੍ਰਸਾਰ ਭਾਰਤੀ ਨੇ ਪੰਜਾਬੀ ਪ੍ਰਸਾਰਣ ਲਈ ਉੱਚ ਅਧਿਕਾਰੀ ਉਹ ਸਥਾਪਤ ਕਰਨੇ ਚਾਲੂ ਕਰ ਦਿੱਤੇ ਜੋ ਪੰਜਾਬੀ ਮਾਂ ਬੋਲੀ ਤੇ ਵਿਰਸੇ ਤੋਂ ਕੋਰੇ ਸਨ

ਪ੍ਰਸਾਰ ਭਾਰਤੀ ਨੂੰ ਮਿਹਰ ਪਈ ਤਾਂ ਮਈ 2020 ਨੂੰ ਪ੍ਰੋਗਰਾਮ ਮੁੱਖੀ ਸ੍ਰੀਮਾਨ ਪੁਨੀਤ ਸਹਿਗਲ ਜੀ ਨੂੰ ਥਾਪਿਆ ਗਿਆ ਜੋ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਵਧੀਆ ਪ੍ਰੋਗਰਾਮ ਬਣਾ ਕੇ ਨਾਮਣਾ ਖੱਟ ਚੁੱਕੇ ਸਨ ਇਨ੍ਹਾਂ ਦੇ ਨਿਰਮਾਣ ਕੀਤੇ ਪ੍ਰੋਗਰਾਮ ਅਨੇਕਾਂ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਸਨ

ਚਾਰ ਸਾਲਾਂ ਦੀ ਦੂਰਦਰਸ਼ਨ ਪੰਜਾਬੀ ਦੀਆਂ ਹਨੇਰੀਆਂ ਰਾਤਾਂ ਵਿੱਚੋਂ ਲੱਗਦਾ ਸੀ ਕੋਈ ਨਵਾਂ ਚੰਦ ਉੱਗਿਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀਆਂ ਆਸਾਂ ਨੂੰ ਬੂਰ ਪੈ ਗਿਆ ਹੈ ਪਰ ਪੁਨੀਤ ਸਹਿਗਲ ਜੀ ਨੇ ਕਮਾਂਡ ਸੰਭਾਲਦੇ ਹੋਏ ਕਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਸਰੋਤਿਆਂ ਨੂੰ ਇਹ ਕਿਹਾ ਕਿ ਪ੍ਰੋਗਰਾਮ ਬਣਾਉਣੇ ਸਾਡੇ ਲਈ ਬਹੁਤ ਮੁਸ਼ਕਿਲ ਹਨ ਪ੍ਰਸਾਰ ਭਾਰਤੀ ਵੱਲੋਂ ਰੋਕ ਹੈ ਕਰੋਨਾ ਛੂਤ ਦੀ ਬਿਮਾਰੀ ਹੋਣ ਕਾਰਨ ਦੂਰੀ ਬਣਾ ਕੇ ਰੱਖਣਾ ਅਤੀ ਜ਼ਰੂਰੀ ਹੈ

ਪਰ ਦੂਰਦਰਸ਼ਨ ਪੰਜਾਬੀ ਨੂੰ ਕਮਾਈ ਦੀ ਪਾਣ ਚੜ੍ਹਾ ਦਿੱਤੀ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਲਈ ਪੜ੍ਹਾਈ ਦਾ ਪ੍ਰਸਾਰਨ ਚਾਲੂ ਕਰ ਦਿੱਤਾ ਇਸ ਤੋਂ ਸਕੂਲੀ ਬੱਚੇ ਕਿੰਨਾ ਕੁ ਫ਼ਾਇਦਾ ਉਠਾ ਰਹੇ ਹਨ ਇਸ ਬਾਰੇ ਸਰੋਤੇ ਹਨੇਰੇ ਵਿੱਚ ਹਨ ਮਈ ਤੇ ਜੂਨ ਦਾ ਖਾਕਾ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ ਕਿ ਦੂਰਦਰਸ਼ਨ ਪੰਜਾਬੀ ਜੋ ਸਰੋਤਿਆਂ ਵੱਲੋਂ ਵੇਖਣ ਸਬੰਧੀ ਸੱਤਵੇਂ ਅੱਠਵੇਂ ਨੰਬਰ ਤੇ ਗਿਰ ਗਿਆ ਸੀ

ਉਹ ਹੁਣ ਦੂਸਰੇ ਨੰਬਰ ਤੇ ਆ ਗਿਆ ਹੈ ਜੁਲਾਈ ਪੂਰਾ ਮਹੀਨਾ ਨਿਕਲ ਗਿਆ ਤੇ ਅਗਸਤ ਅੱਧਾ ਗੁਜ਼ਰ ਚੁੱਕਿਆ ਹੈ ਸਰੋਤਿਆਂ ਦਾ ਵੇਖਣ ਦਾ ਕੀ ਪੱਧਰ ਹੈ ਇਹ ਦੱਸਣ ਵੱਲੋਂ ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਪਾਸਾ ਵੱਟ ਗਏ ਜੋ ਕਮਾਈ ਦਾ ਰਾਗ ਅਲਾਪਿਆ ਜਾ ਰਿਹਾ ਹੈ ਉਹ ਪੰਜਾਬ ਸਰਕਾਰ ਦਾ ਪੈਸਾ ਕੇਂਦਰ ਸਰਕਾਰ ਦੇ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਵਿਭਾਗ ਨੂੰ ਦਿੱਤਾ ਜਾ ਰਿਹਾ ਹੈ

ਛੋਟੇ ਭਰਾ ਨੇ ਬੜੇ ਭਰਾ ਨੂੰ ਪੈਸੇ ਫੜਾ ਦਿੱਤੇ ਘਰ ਇੱਕੋ ਹੀ ਹੈ ਭਲਾ ਦੱਸੋ ਖਾਂ ਕਿਹੜੀ ਕਮਾਈ ਹੈ ਇਸ ਹਨੇਰੀ ਵਿੱਚ ਲੋਕ ਪ੍ਰਸਾਰਨ ਸੇਵਾ ਕਿਤੇ ਵੀ ਦਿਖਾਈ ਨਹੀਂ ਦਿੰਦੀ ਸਵੇਰੇ ਖਬਰਾਂ ਚੱਲਦੀਆਂ ਹਨ ਜਿਸ ਵਿੱਚ ਥੱਲੇ ਚੱਲਦੀ ਪੱਟੀ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਸਾਡੀਆਂ ਖ਼ਬਰਾਂ ਕਦੇ ਵੀ ਯੂ ਟਿਊਬ ਤੇ ਵੇਖ ਸਕਦੇ ਹੋ

ਜਾਣੀ ਕਿ ਦੂਰਦਰਸ਼ਨ ਪੰਜਾਬੀ ਨੇ ਗੂਗਲ ਨੂੰ ਆਪਣਾ ਥੰਮ ਬਣਾ ਲਿਆ ਹੈ ਕਿ ਅਸੀਂ ਆਪਣੇ ਹੋਰ ਨਿੱਜੀ ਕੰਮ ਕਰਾਂਗੇ ਤੁਸੀਂ ਸਾਡੀਆਂ ਖ਼ਬਰਾਂ ਸਰੋਤਿਆਂ ਨੂੰ ਵਿਖਾਉਂਦੇ ਰਹੋ ਤੇ ਮੋਟੀ ਕਮਾਈ ਕਰੋ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਪੇਸ਼ ਕਰਤਾ ਰਾਜ ਕੁਮਾਰ ਤੁਲੀ ਜੀ ਨੇ ਚੰਗਾ ਰੰਗ ਬੰਨ੍ਹਿਆ ਸੀ ਇਹ ਖਾਸ ਪ੍ਰੋਗਰਾਮ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਪੇਸ਼ ਕੀਤਾ ਜਾਂਦਾ ਹੈ ਜਿਸ ਲਈ ਸਮਾਂ ਸਿਰਫ ਅੱਧਾ ਘੰਟਾ ਹੀ ਸੀਮਤ ਹੈ

ਪੰਜਾਬ ਦਾ ਆਧਾਰ ਖੇਤੀਬਾੜੀ ਤੇ ਮੁੱਖ ਧੰਦਾ ਹੈ ਉਸ ਅੱਧੇ ਘੰਟੇ ਵਿੱਚ ਗੰਜੀ ਕੀ ਨਹਾਊ ਕੀ ਨਚੋੜੂ ਵਾਲੀ ਕਹਾਵਤ ਪੂਰੀ ਢੁਕਦੀ ਹੈ ਸ਼ਾਮ ਨੂੰ ਸਾਢੇ ਪੰਜ ਵਜੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਕੋਈ ਵੀ ਕਿਸਾਨ ਜਾਂ ਖੇਤੀ ਨਾਲ ਸਬੰਧਤ ਵਿਅਕਤੀ ਘਰ ਹੀ ਨਹੀਂ ਹੁੰਦਾ ਮੱਝ ਅੱਗੇ ਬੀਨ ਵਜਾਉਣ ਵਾਲਾ ਕੰਮ ਹੈ ਇੱਥੇ ਵੀ ਇੱਕ ਖ਼ਾਸ ਨਾਅਰਾ ਹੈ ਕਿ ਤੁਸੀਂ ਯੂਟਿਊਬ ਤੇ ਇਹ ਪ੍ਰੋਗਰਾਮ ਵੇਖ ਸਕਦੇ ਹੋ ਖੇਤੀ ਨਾਲ ਸਬੰਧਤ ਪੇਂਡੂ ਕਿਸਾਨ ਤੇ ਮਜ਼ਦੂਰਾਂ ਕੋਲ ਜੋ ਵੀ ਫੋਨ ਹਨ

ਉਹ ਸਿਰਫ ਗੱਲਬਾਤ ਕਰਨ ਲਈ ਹੀ ਕੰਮ ਆਉਂਦੇ ਹਨ ਕਿਸ ਕੋਲ ਸਮਾਂ ਹੁੰਦਾ ਹੈ ਵਟਸਐਪ ਯੂ ਟਿਊਬ ਚਲਾਉਣ ਦਾ ਮੇਰਾ ਖਿਆਲ ਰਾਜ ਕੁਮਾਰ ਤੁਲੀ ਜੀ ਦੀ ਕੀਤੀ ਕੜੀ ਮਿਹਨਤ ਧਰੀ ਧਰਾਈ ਰਹਿ ਜਾਂਦੀ ਹੈ ਖ਼ਾਸ ਦਿਨਾਂ ਤੇ ਕੁਝ ਖ਼ਾਸ ਪ੍ਰੋਗਰਾਮ ਪੇਸ਼ ਹੋਣੇ ਤੈਅ ਹੁੰਦੇ ਹਨ ਉਸ ਸਬੰਧੀ ਜਾਣਕਾਰੀ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਵੱਲੋਂ ਫੇਸਬੁੱਕ ਉੱਤੇ ਦਿੱਤੀ ਜਾਂਦੀ ਹੈ

ਦੂਰਦਰਸ਼ਨ ਪੰਜਾਬੀ ਜਿਸ ਦੀਆਂ ਦਿੱਤੀਆਂ ਸਲਾਹਾਂ ਨਾਲ ਅਸੀਂ ਬਹੁਤ ਕੁਝ ਖੱਟਿਆ ਹੈ ਹੁਣ ਅਸੀਂ ਫੇਸਬੁੱਕ ਚਾਲੂ ਕਰਕੇ ਦੇਖਣ ਤੇ ਪੁੱਛਣ ਜਾਈਏ ਕਿ ਦੂਰਦਰਸ਼ਨ ਪੰਜਾਬੀ ਹੁਣ ਕਿਹੜੇ ਪ੍ਰੋਗਰਾਮ ਵਿਖਾਵੇਗਾ ਸਾਡੇ ਕਿਸਾਨ ਭਰਾਵਾਂ ਨੂੰ ਫੇਸਬੁੱਕ ਅਤੇ ਯੂ ਟਿਊਬ ਬਾਰੇ ਬਹੁਤੀ ਜਾਣਕਾਰੀ ਹੈ ਨਹੀਂ ਜੇ ਕੋਈ ਲੱਭਣ ਵੀ ਤੁਰ ਪਵੇਗਾ ਗੂਗਲ ਕੰਪਨੀ ਵੱਲੋਂ ਚਲਾਏ ਜਾਂਦੇ

ਇਹ ਵੱਖ ਵੱਖ ਐਪ ਦੇ ਵਿੱਚ ਕੀ ਕੁਝ ਦਿਖਾਇਆ ਜਾਂਦਾ ਹੈ ਉਸ ਦੀ ਗੱਲ ਨਾ ਕੀਤੀ ਜਾਵੇ ਤਾਂ ਹੀ ਭਲਾਈ ਹੈ ਕਿਉਂਕਿ ਜੋ ਪੇਂਡੂ ਕਿਸਾਨ ਮਜ਼ਦੂਰ ਉਸ ਐਪ ਦੇ ਮੱਕੜ ਜਾਲ ਵਿੱਚ ਫਸ ਗਿਆ ਤਾਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ ਖੇਤੀਬਾੜੀ ਦਾ ਪ੍ਰੋਗਰਾਮ ਤੇ ਖਬਰਾਂ ਕੀ ਵੇਖੇਗਾ ਬਹੁਤ ਦੂਰ ਦੀ ਗੱਲ ਹੈ

ਪਰ ਗੂਗਲ ਦੀ ਕਮਾਈ ਜ਼ਰੂਰ ਵਧ ਜਾਵੇਗੀ ਪਤਾ ਨਹੀਂ ਦੂਰਦਰਸ਼ਨ ਪੰਜਾਬੀ ਨੇ ਗੂਗਲ ਨਾਲ ਕੋਈ ਸਾਂਝ ਪੱਤੀ ਕੀਤੀ ਹੈ ਅਸੀਂ ਤਾਂ ਛੋਟੇ ਭਾਈ ਤੋਂ ਬੜੇ ਨੂੰ ਪੈਸੇ ਦਿਵਾਉਣ ਦਾ ਉਪਰਾਲਾ ਕਰ ਲਿਆ ਹੈ ਤੁਸੀਂ ਜਨਤਾ ਦੀ ਜੇਬ ਹਲਕੀ ਕਰੋ ਜੇ ਇਸ ਤਕਨੀਕ ਨਾਲ ਚਾਰ ਪੈਸੇ ਸਾਡੇ ਪੱਲੇ ਪਾ ਦੇਵੋ ਅਸੀਂ ਵੀ ਵਿਹਲੇ ਬੈਠੇ ਤੇ ਅੱਕੇ ਹੋਏ ਮਹਿੰਗੀ ਸਸਤੀ ਕੋਈ ਕੁਲਫੀ ਖਾ ਲਈਏ ਗਰਮੀ ਤੋਂ ਕੁਝ ਰਾਹਤ ਮਿਲੇ ਦੂਰਦਰਸ਼ਨ ਅਧਿਕਾਰੀਆਂ ਦੀ ਡੂੰਘੀ ਸੋਚ ਨੂੰ ਸਰੋਤਿਆਂ ਵੱਲੋਂ ਸਲਾਮ ਕਰਨਾ ਬਣਦਾ ਹੈ

ਸੱਤ ਕੁ ਸਾਲ ਪਹਿਲਾਂ ਦੀ ਗੱਲ ਹੈ ਦੂਰਦਰਸ਼ਨ ਪੰਜਾਬੀ ਤੇ ਜੋ ਗੀਤ ਪੇਸ਼ ਕੀਤੇ ਜਾਂਦੇ ਸਨ ਉਸ ਨੂੰ ਇੱਕ ਕਮੇਟੀ ਵੱਲੋਂ ਵੇਖ ਕੇ ਸੁਣ ਕੇ ਪੇਸ਼ ਕੀਤਾ ਜਾਂਦਾ ਸੀ ਤਾਂ ਜੋ ਪੰਜਾਬੀ ਬੋਲੀ ਤੇ ਵਿਰਸੇ ਦੀ ਸ਼ਾਨ ਬਣੀ ਰਹੇ ਮੈਂ ਅਚਾਨਕ ਇੱਕ ਗੀਤ ਸੁਣਿਆ ਨਾ ਜਾਹ ਵੇ ਹਾਣੀਆਂ ਨਾ ਜਾਂ ਨਹੀਂ ਤੇ ਹੁਣ ਸਿਆਪਾ ਕਰ ਦੂੰ ਗੀ ਗੱਡੀ ਥੱਲੇ ਸਿਰ ਦੇ ਕੇ ਮਰ ਜਾਊਂਗੀ

ਇਸ ਸਬੰਧੀ ਮੈਂ ਪ੍ਰੋਗਰਾਮ ਮੁੱਖੀ ਸਾਹਿਬ ਨੂੰ ਚਿੱਠੀ ਲਿਖੀ ਚਿੱਠੀ ਮਿਲਣ ਤੋਂ ਬਾਅਦ ਉਨ੍ਹਾਂ ਮੇਰੀ ਚਿੱਠੀ ਦਾ ਜਵਾਬ ਦਿੰਦੇ ਹੋਏ ਹੱਥ ਜੋੜ ਕੇ ਮਾਫੀ ਮੰਗਦੇ ਹੋਏ ਇਹ ਕਿਹਾ ਕਿ ਤੁਸੀਂ ਸਹੀ ਲਿਖਿਆ ਹੈ ਨੌਜਵਾਨ ਪੀੜ੍ਹੀ ਨੂੰ ਅਜਿਹੇ ਗੀਤ ਸੁਣਾ ਕੇ ਗ਼ਲਤ ਰਸਤੇ ਨਹੀਂ ਪਾਉਣਾ ਚਾਹੁੰਦਾ ਸਾਡੇ ਵਿਭਾਗ ਦੀ ਇਹ ਗਲਤੀ ਹੈ ਲੰਮੇ ਸਮੇਂ ਤੋਂ ਇਹ ਗੀਤ ਚੱਲ ਰਿਹਾ ਸੀ

ਇਸ ਨੂੰ ਅਸੀਂ ਤੁਹਾਡੀ ਚਿੱਠੀ ਪੜ੍ਹਨ ਤੋਂ ਬਾਅਦ ਤੁਰੰਤ ਲਾਇਬਰੇਰੀ ਵਿੱਚੋਂ ਕੱਢ ਦਿੱਤਾ ਹੈ ਪਰ ਹੁਣ ਗੀਤ ਸੰਗੀਤ ਦੇ ਪ੍ਰੋਗਰਾਮ ਵੀ ਦੂਰਦਰਸ਼ਨ ਪੰਜਾਬੀ ਨੇ ਠੇਕੇ ਤੇ ਚੜ੍ਹਾ ਦਿੱਤੇ ਹਨ ਰਾਤ ਨੂੰ ਸੱਤ ਵਜੇ ਤੋਂ ਲੈ ਕੇ ਇਨ੍ਹਾਂ ਦਾ ਸ਼ੋਰ ਸ਼ੁਰੂ ਹੋ ਜਾਂਦਾ ਹੈ ਬਾਜ਼ਾਰੂ ਕੰਪਨੀਆਂ ਦੇ ਗੀਤ ਕਿਹੋ ਜਿਹੇ ਹੋਣਗੇ ਵੇਖਣ ਸੁਣਨ ਤੋਂ ਪਹਿਲਾਂ ਹੀ ਦੇਖਣ ਵਾਲੇ ਸਰੋਤੇ ਦਾ ਹੱਥ ਰਿਮੋਟ ਕੰਟਰੋਲ ਤੇ ਚਲਾ ਜਾਂਦਾ ਹੈ

ਸਵੇਰੇ ਅੱਠ ਵਜੇ ਖ਼ਬਰਾਂ ਸੁਣਾਈਆਂ ਜਾਂਦੀਆਂ ਹਨ ਜੋ ਕਿ ਸਮਾਚਾਰ ਵਿਭਾਗ ਵੱਲੋਂ ਪੂਰੀ ਛਾਣ ਬੀਣ ਤੋਂ ਬਾਅਦ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ ਉਸ ਤੋਂ ਬਾਅਦ ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ

ਸਰੋਤਿਆਂ ਲਈ ਇੱਕ ਸੋਚਣ ਵਾਲੀ ਗੱਲ ਹੈ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਜੋ ਮੇਰੇ ਖਿਆਲ ਅਨੁਸਾਰ ਤਾਜ਼ੀਆਂ ਹੀ ਹੁੰਦੀਆਂ ਹੋਣਗੀਆਂ ਅਖ਼ਬਾਰਾਂ ਜੋ ਪਿਛਲੇ ਦਿਨ ਦੀਆਂ ਖ਼ਬਰਾਂ ਹੁੰਦੀਆਂ ਹਨ ਉਨ੍ਹਾਂ ਨੂੰ ਸੁਣਾਉਣ ਲਈ ਪ੍ਰਸਾਰ ਭਾਰਤੀ ਦਾ ਕੀਮਤੀ ਸਮਾਂ ਤੇ ਪੈਸਾ ਖ਼ਰਾਬ ਕਰਨਾ ਇਸ ਦਾ ਸਰੋਤਿਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਵੇਗਾ ਪਰ ਖ਼ਬਰਾਂ ਤੇ ਨਵੀਂ ਪਾਣ ਚੜ੍ਹਾਉਣ ਲਈ ਆਏ ਮੁੱਖ ਮਹਿਮਾਨ ਨੂੰ ਚੰਗੀ ਕਮਾਈ ਹੋ ਜਾਂਦੀ ਹੈ

ਹੁਣ ਤਾਂ ਪ੍ਰੋਗਰਾਮ ਮੁਖੀ ਨੇ ਉਨ੍ਹਾਂ ਦੀ ਕਮਾਈ ਲਈ ਬਹੁਤ ਸੋਹਣਾ ਜੁਗਾੜ ਕੀਤਾ ਹੈ ਆਪਣੀ ਪਸੰਦ ਦੇ ਕੁਝ ਖਾਸ ਪੱਤਰਕਾਰ ਜਾਂ ਬੁੱਧੀਜੀਵੀ ਰੱਖੇ ਹੋਏ ਹਨ ਜਿਨ੍ਹਾਂ ਦੀ ਹਫਤਾਵਾਰ ਕਮਾਈ ਚਾਲੂ ਰਹਿੰਦੀ ਹੈ ਪ੍ਰਸਾਰ ਭਾਰਤੀ ਦਾ ਸਮਾਂ ਤੇ ਪੈਸਾ ਖ਼ਰਾਬ ਤੇ ਸਰੋਤੇ ਇਸ ਪ੍ਰੋਗਰਾਮ ਤੋਂ ਮੂੰਹ ਮੋੜ ਲੈਂਦੇ ਹਨ ਕਿ ਜੋ ਹੁਣ ਖ਼ਬਰਾਂ ਸੁਣਾਈਆਂ ਸਨ ਉਹ ਕੱਚੀਆਂ ਪਿੱਲੀਆਂ ਸਨ ਜੋ ਹੁਣ ਪਕਾਈਆਂ ਜਾਣਗੀਆਂ ਦਿਨ ਵੇਲੇ ਜੋ ਥੋੜ੍ਹਾ ਬਹੁਤ ਸਮਾਂ ਬਚਦਾ ਹੈ

ਉਸ ਵਿੱਚ ਪੁਰਾਣੇ ਪ੍ਰੋਗਰਾਮਾਂ ਨੂੰ ਵਾਰ ਵਾਰ ਵਿਖਾਇਆ ਜਾਂਦਾ ਹੈ ਪ੍ਰੋਗਰਾਮ ਲਈ ਰੱਖੇ ਨਿਰਮਾਤਾ ਪੂਰਾ ਦਿਨ ਵਿਹਲੇ ਪਤਾ ਨਹੀਂ ਵਿਚਾਰੇ ਕਿਵੇਂ ਟਾਈਮ ਪਾਸ ਕਰਦੇ ਹੋਣਗੇ ਰਾਤ ਨੂੰ ਇੱਕ ਡਾਕਟਰ ਸਾਹਿਬ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਆਉਂਦੇ ਹਨ ਹਰ ਇੱਕ ਡਾਕਟਰ ਦੀ ਆਪਣੀ ਡਿਗਰੀ ਹੁੰਦੀ ਹੈ ਪਰ ਸਰੋਤੇ ਅਣਜਾਣ ਹਨ ਕਿ ਬਿਮਾਰੀ ਹਰ ਇੱਕ ਦਾ ਪੱਕਾ ਇਲਾਜ ਬੋਲਣ ਵਾਲਾ ਡਾਕਟਰ ਜਾਂ ਡਾਕਟਰ ਨਹੀਂ ਹੈ

ਇਹ ਪਤਾ ਨਹੀਂ ਪਰ ਦੂਰਦਰਸ਼ਨ ਪੰਜਾਬੀ ਦਾ ਕਮਾਈ ਦਾ ਕਿੱਥੋਂ ਦਾ ਜੁਗਾੜ ਹੈ ਕਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਦੁਨੀਆਂ ਨੂੰ ਘੇਰ ਕੇ ਖੜ੍ਹੀ ਹੈ ਉਸ ਜੁਗਾੜੀ ਡਾਕਟਰ ਸਾਹਿਬ ਤੋਂ ਕਰੋਨਾ ਦਾ ਇਲਾਜ ਕਿਉਂ ਨਹੀਂ ਪੁੱਛਿਆ ਜਾਂਦਾ ਮੇਰੀ ਦੂਰਦਰਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕਰੋਨਾ ਸਬੰਧੀ ਇਸ ਡਾਕਟਰ ਸਾਹਿਬ ਤੋਂ ਖਾਸ ਪ੍ਰੋਗਰਾਮ ਪੇਸ਼ ਕਰਵਾਉਣ ਜੇ ਇਲਾਜ ਸੰਭਵ ਹੋ ਗਿਆ

ਤਾਂ ਦੂਰਦਰਸ਼ਨ ਪੰਜਾਬੀ ਕੋਈ ਨੋਬਲ ਪੁਰਸਕਾਰ ਜ਼ਰੂਰ ਜਿੱਤ ਲਵੇਗਾ ਜੋ ਕਿ ਦੂਰਦਰਸ਼ਨ ਦੇ ਇਤਿਹਾਸ ਵਿਚ ਇੱਕ ਖਾਸ ਪੰਨਾ ਹੋ ਨਿਬੜੇਗਾ ਰਾਤ ਨੂੰ ਈਸਾਈ ਮੱਤ ਦੇ ਮੁਖੀਆਂ ਵੱਲੋਂ ਬੇਨਤੀਆਂ ਕਰਕੇ ਸਰੋਤਿਆਂ ਦੇ ਦੁੱਖ ਦੂਰ ਕਰਨ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਦੂਰਦਰਸ਼ਨ ਪੰਜਾਬੀ ਨੂੰ ਤਾਂ ਕਮਾਈ ਹੁੰਦੀ ਹੀ ਹੈ

ਇਸ ਸਬੰਧੀ ਵੀ ਫੇਸਬੁੱਕ ਤੇ ਸਰੋਤਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਬੇਨਤੀ ਕਰਕੇ ਆਪਣਾ ਦੁੱਖ ਦੂਰ ਕਰਵਾ ਸਕੇ ਤੇ ਦੂਰਦਰਸ਼ਨ ਦੇ ਅਧਿਕਾਰੀਆਂ ਦਾ ਇੱਕ ਪੰਥ ਦੋ ਕਾਜ ਵਾਲਾ ਕੰਮ ਹੋ ਜਾਵੇ ਦੂਰਦਰਸ਼ਨ ਪੰਜਾਬੀ ਤੇ ਇੱਕ ਦਹਾਕੇ ਤੋਂ ਕੁਝ ਖ਼ਾਸ ਸਰੋਤਿਆਂ ਨੇ ਫ਼ੋਨ ਕਾਲ ਕਰਨ ਦਾ ਕਬਜ਼ਾ ਕੀਤਾ ਹੋਇਆ ਹੈ

ਇਸ ਸਬੰਧੀ ਪੰਜਾਬੀ ਮਾਂ ਬੋਲੀ ਦੇ ਸੇਵਕਾਂ ਵੱਲੋਂ ਪ੍ਰਸਾਰ ਭਾਰਤੀ ਨੂੰ ਸ਼ਿਕਾਇਤ ਕੀਤੀ ਗਈ ਸੀ ਉਨ੍ਹਾਂ ਦੇ ਫੋਨ ਕਾਲ ਕਰਨ ਤੇ ਉੱਚ ਅਧਿਕਾਰੀਆਂ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਪਰ ਦੂਰਦਰਸ਼ਨ ਪੰਜਾਬੀ ਲੰਮੇ ਸਮੇਂ ਤੋਂ ਡੱਬਾ ਕਲਚਰ ਥੱਲੇ ਦੱਬਿਆ ਹੋਇਆ ਹੈ ਬਰਫ਼ੀ ਦਾ ਡੱਬਾ ਜਾਂ ਮਦਿਰਾਪਾਨ ਸਬੰਧਤ ਪ੍ਰੋਗਰਾਮ ਮੁਖੀ ਨੂੰ ਕਰਵਾ ਦੇਵੋ ਦੂਰਦਰਸ਼ਨ ਪੰਜਾਬੀ ਦਾ ਫੋਨ ਤੇ ਆਵਾਜ਼ ਤੁਹਾਡੀ ਹੁਣ ਇਸ ਲੜੀ ਨੂੰ ਅਗਾਂਹ ਵਧਾਉਣ ਲਈ ਪ੍ਰੋਗਰਾਮ ਮੁੱਖੀ ਜੀ ਨੇ ਆਪੋ ਆਪਣੀ ਗੱਲ ਪ੍ਰੋਗਰਾਮ ਸ਼ੁਰੂ ਕੀਤਾ ਹੈ

ਉਹੋ ਹੀ ਫੋਨ ਕਾਲਾਂ ਜੋ ਪ੍ਰਸਾਰ ਭਾਰਤੀ ਵੱਲੋਂ ਬੰਦ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਵਿਸ਼ਾ ਕੋਈ ਪ੍ਰੋਗਰਾਮ ਦਾ ਖ਼ਾਸ ਨਹੀਂ ਹੁੰਦਾ ਫੋਨ ਕਾਲਾ ਸ਼ੁਰੂ ਹੁੰਦੇ ਹੀ ਪਹਿਲੀ ਫੋਨ ਕਾਲ ਹਠੂਰ ਪਿੰਡ ਤੋਂ ਚਾਲੂ ਹੋ ਕੇ ਕੜਾਹੇ ਵਾਲਾ ਹੁੰਦੀ ਹੋਈ ਫਗਵਾੜਾ ਪਹੁੰਚ ਜਾਂਦੀ ਹੈ ਜਗਰਾਵਾਂ ਦਾ ਚੱਕਰ ਲਗਾ ਕੇ ਵਾਪਸ ਜਲੰਧਰ ਆ ਕੇ ਸਮੇਟ ਦਿੱਤੀ ਜਾਂਦੀ ਹੈ ਅੰਤਰਰਾਸ਼ਟਰੀ ਚੈਨਲ ਦੀ ਰੇਂਜ ਇਸ ਪ੍ਰੋਗਰਾਮ ਸਮੇਂ ਕੁਝ ਸੀਮਤ ਹੋ ਜਾਂਦੀ ਹੈ

ਇਸ ਸਬੰਧੀ ਮੈਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਪ੍ਰੋਗਰਾਮ ਮੁਖੀ ਦੀ ਮਰਜ਼ੀ ਹੈ ਤੁਹਾਡਾ ਦੂਰਦਰਸ਼ਨ ਪੰਜਾਬੀ ਨਾਲ ਕੋਈ ਲਾਗਾ ਦੇਗਾ ਨਹੀਂ ਪ੍ਰੋਗਰਾਮ ਮੁਖੀ ਜੀ ਜਦੋਂ ਦੂਰਦਰਸ਼ਨ ਜਲੰਧਰ ਦੇ ਨਿਰਮਾਤਾ ਸਨ ਤਾਂ ਇਨ੍ਹਾਂ ਨੇ ਦੋ ਲੜੀਵਾਰ ਤਿਆਰ ਕੀਤੇ ਸਨ

ਇਹ ਕੇਹੀ ਰੁੱਤ ਆਈ ਤੇ ਭਾਗਾਂ ਵਾਲੀਆਂ ਇਨ੍ਹਾਂ ਦਾ ਪ੍ਰਸਾਰਣ ਪਿਛਲੇ ਦਸ ਕੁ ਸਾਲ ਤੋਂ ਚੱਲ ਹੀ ਰਿਹਾ ਸੀ ਘੁਮਿਆਰੀ ਆਪਣੇ ਭਾਂਡੇ ਨੂੰ ਹੀ ਠੋਲ੍ਹਾ ਮਾਰ ਕੇ ਚੰਗਾ ਦੱਸਦੀ ਹੈ ਇਸੇ ਆਧਾਰ ਤੇ ਸਰੋਤਿਆਂ ਦੀ ਮੰਗ ਦਾ ਬਹਾਨਾ ਲਗਾ ਕੇ ਇਹ ਦੋਨੋਂ ਲੜੀਵਾਰ ਫਿਰ ਚਾਲੂ ਕਰ ਦਿੱਤੇ ਹਨ ਸਰੋਤਿਆਂ ਦਾ ਉਹ ਹਾਲ ਹੈ

ਆਪਣਾ ਕੰਮ ਕੀਤਾ ਖਸਮਾਂ ਨੂੰ ਖਾਵੇ ਜੀਤਾ ਮੁੱਕਦੀ ਗੱਲ – ਦੂਰਦਰਸ਼ਨ ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਕੋਹਾਂ ਦੂਰ ਜਾ ਚੁੱਕਿਆ ਹੈ ਸਰੋਤਿਆਂ ਵੱਲੋਂ ਪ੍ਰਸਾਰ ਭਾਰਤੀ ਪੰਜਾਬ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਸਮਾਜਿਕ ਜਥੇਬੰਦੀਆਂ ਤੇ ਸਾਹਿਤ ਸਭਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਦੂਰਦਰਸ਼ਨ ਦਾ ਇੱਕ ਚੈਨਲ ਹੈ

ਸਾਨੂੰ ਇਹ ਭੀਖ ਦੇ ਰੂਪ ਵਿੱਚ ਵਾਪਿਸ ਦੇ ਦੇਵੋ ਜੀ ਨਹੀਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਬਾਬੂ ਸਿੰਘ ਮਾਨ ਦੇ ਲਿਖੇ ਉਹ ਸ਼ਬਦ ਦੁਹਰਾਏਗੀ ਮੈਂ ਖੜ੍ਹੀ ਦਫਤਰੋਂ ਬਾਹਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਮੈਨੂੰ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ

– ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

Previous articleਹੱਕ ਸੱਚ ਦੀ ਗੱਲ
Next articleਮੋਹਾਲੀ ‘ਚ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਦੇ 58 ਨਵੇਂ ਕੇਸ ਸਾਹਮਣੇ ਆਏ, 2 ਮੌਤਾਂ ਹੋਈਆਂ