ਦੂਰਦਰਸ਼ਨ ਪੰਜਾਬੀ ਤੇ ਸਿੱਧੇ ਪ੍ਰਸਾਰਣ ਦਾ ਵੀ ਰਸਤਾ ਪੁੱਠਾ

(ਸਮਾਜ ਵੀਕਲੀ)

ਦੂਰਦਰਸ਼ਨ ਦਾ ਪ੍ਰਸਾਰਣ ਜਦੋਂ ਵੀ ਜਲੰਧਰ ਕੇਂਦਰ ਤੋਂ ਸ਼ੁਰੂ ਹੋਇਆ ਹੈ ਕੋਈ ਵੀ ਸਿੱਧਾ ਪ੍ਰਸਾਰਨ ਪ੍ਰੋਗਰਾਮ ਵਿਖਾਇਆ ਜਾਂਦਾ ਖੇਤਰੀ ਚੈਨਲ ਪਰ ਸ਼ਬਦ ਅੰਗਰੇਜ਼ੀ ਭਾਸ਼ਾ ਦਾ Live ਉੱਕਰਿਆ ਜਾਂਦਾ ਸੀ,ਇਸ ਛੋਟੇ ਤੇ ਗੰਭੀਰ ਮਸਲੇ ਸਬੰਧੀ ਮੈਂ ਅਨੇਕਾਂ ਵਾਰ ਦੂਰਦਰਸ਼ਨ ਕੇਂਦਰ ਦੇ ਮੁਖੀ ਨਾਲ ਗੱਲਬਾਤ ਕੀਤੀ ਜਾਂ ਚਿੱਠੀ ਲਿਖੀ ਦੋ ਤਰ੍ਹਾਂ ਦਾ ਜਵਾਬ ਹੁੰਦਾ ਸੀ ਕਰ ਦੇਵਾਂਗੇ ਜਾਂ ਸਿੱਧਾ ਪ੍ਰਸਾਰਣ ਲਿਖਣਾ ਮੁਸ਼ਕਿਲ ਪੈਂਦਾ ਹੈ।ਪਰ ਇਸ ਨਵੇਂ ਸਾਲ ਦੇ ਵਿੱਚ ਬਹੁਤ ਵਧੀਆ ਸੁਧਾਰ ਹੋਇਆ ਹੈ,ਕੇਂਦਰ ਦਾ ਮਾਣ ਵਧਾਉਂਦੇ ਹੋਏ ਸਿੱਧਾ ਪ੍ਰਸਾਰਣ ਲਿਖਣਾ ਚਾਲੂ ਕਰਕੇ “ਗੱਲਾਂ ਤੇ ਗੀਤ” ਸਰੋਤਿਆਂ ਦਾ ਸਭ ਤੋਂ ਵੱਧ ਪਿਆਰਾ ਪ੍ਰੋਗਰਾਮ ਦੁਬਾਰਾ ਚਾਲੂ ਕਰ ਦਿੱਤਾ ਹੈ।

ਕੋਰੋਨਾ ਮਹਾਂਮਾਰੀ ਦਾ ਬਹਾਨਾ ਲਾ ਕੇ ਪ੍ਰੋਗਰਾਮ ਬੰਦ ਕੀਤਾ ਗਿਆ ਸੀ ਪਰ ਇਸ ਦੇ ਬਰਾਬਰ ਦਾ ਪ੍ਰੋਗਰਾਮ ਖ਼ਾਸ ਖ਼ਬਰ ਇੱਕ ਨਜ਼ਰ ਚੱਲਦਾ ਸੀ।ਤੇਰਾਂ ਤਾਰੀਖ ਲੋਹੜੀ ਵਾਲੇ ਦਿਨ ਗੱਲਾਂ ਤੇ ਗੀਤ ਪ੍ਰੋਗਰਾਮ ਵੇਖਿਆ।ਪ੍ਰੋਗਰਾਮ ਪੇਸ਼ਕਰਤਾ ਬੀਬਾ ਨੀਤੂ ਤੇ ਚਰਨਜੀਤ ਸਿੰਘ ਤੇ ਮੁੱਖ ਮਹਿਮਾਨ ਮਹਾਨ ਲੇਖਕ ਓਮ ਪ੍ਰਕਾਸ਼ ਗਾਸੋ ਜੀ ਸਨ।ਦੂਰਦਰਸ਼ਨ ਦੀ ਇਕ ਖਾਸੀਅਤ ਰਹੀ ਹੈ ਖ਼ਾਸ ਦਿਨ ਤੇ ਗੱਲਾਂ ਤੇ ਗੀਤ ਵਿੱਚ ਖਾਸ ਵਿਸ਼ਾ ਉਸ ਦਿਨ ਦਾ ਲੈ ਕੇ ਉਸ ਤੇ ਗੱਲਬਾਤ ਹੁੰਦੀ ਹੈ ਪਰ ਸਦਕੇ ਜਾਈਏ ਪ੍ਰੋਗਰਾਮ ਮੁਖੀ ਦੀ ਨੇ ਲੋਹੜੀ ਜਿਹੇ ਮਹਾਨ ਤਿਉਹਾਰ ਨੂੰ ਛੱਡ ਕੇ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ।

ਸ੍ਰੀ ਮਾਨ ਓਮ ਪ੍ਰਕਾਸ਼ ਗਾਸੋ ਜੀ ਸਾਹਿਤ ਦੇ ਥੰਮ੍ਹ ਹਨ ਉਨ੍ਹਾਂ ਨੇ ਵਿਸ਼ੇ ਨਾਲ ਬਹੁਤ ਸੋਹਣਾ ਨਿਭਾਓ ਕੀਤਾ ਕਰਨਾ ਹੀ ਸੀ ਦੋਨੋਂ ਐਂਕਰ ਬੀਬਾ ਨੀਤੂ ਤੇ ਚਰਨਜੀਤ ਸਿੰਘ ਜੀ ਨੇ ਬਹੁਤ ਸਾਰਥਿਕ ਸਵਾਲ ਕੀਤੇ ਪ੍ਰੋਗਰਾਮ ਬਹੁਤ ਸੋਹਣਾ ਹੋ ਨਿੱਬੜਿਆ।ਹੁਣ ਆਪਣੇ ਵਿਸ਼ੇ ਦਾ ਦੂਸਰਾ ਪੱਖ ਹੈ ਪੁੱਠਾ ਰਸਤਾ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ ਜਿਸ ਵਿੱਚ ਸਿਰਫ਼ ਗੱਲਾਂ ਕੀਤੀਆਂ ਗਈਆਂ ਗੀਤ ਪੁੱਠੇ ਰਸਤੇ ਚਲੇ ਗਏ।ਜਦੋਂ ਵੀ ਕੋਈ ਪ੍ਰੋਗਰਾਮ ਚਲਦਾ ਹੈ ਉਸ ਦਾ ਨਾਮ ਤੇ ਵਿਸ਼ਾ ਥੱਲੇ ਉਕਰਿਆ ਜਾਂਦਾ ਹੈ ਤਾਂ ਜੋ ਬਾਅਦ ਵਿਚ ਕੋਈ ਪ੍ਰੋਗਰਾਮ ਵੇਖਣ ਲੱਗੇ ਉਸ ਨੂੰ ਸਮਝ ਆ ਜਾਵੇਪ੍ਰੋਗਰਾਮ ਦਾ ਨਾਮ ਕੀ ਹੈ ਤੇ ਕਿਸ ਵਿਸ਼ੇ ਤੇ ਗੱਲਬਾਤ ਹੋ ਰਹੀ ਹੁੰਦੀ ਹੈ,ਗੱਲਾਂ ਤੇ ਗੀਤ ਦਾ ਦੂਸਰਾ ਹਿੱਸਾ ਹੁੰਦਾ ਹੈ ਗੀਤ ਜੋ ਨਹੀਂ ਸੁਣਾਇਆ ਗਿਆ,ਸਰੋਤਿਆਂ ਨੇ ਇਸ ਪ੍ਰੋਗਰਾਮ ਵਿਚ ਸਵਾਲ ਕਰਨੇ ਹੁੰਦੇ ਹਨ ਫੋਨ ਕਾਲ ਕਿਸੇ ਦੀ ਨਹੀਂ ਲਈ ਗਈ ਵਧੀਆ ਪ੍ਰੋਗਰਾਮ ਉਲਟੀ ਗੰਗਾ ਪਹੇਵੇ ਨੂੰ ਚਲੀ ਗਈ।

ਕੋਰੋਨਾ ਮਹਾਂਮਾਰੀ ਦੀ ਮਾਰ ਕਾਰਨ ਪੁਨੀਤ ਸਹਿਗਲ ਜੀ ਨੇ ਅਨੇਕਾਂ ਪ੍ਰੋਗਰਾਮ ਬੰਦ ਕੀਤੇ ਹੋਏ ਸਨ ਕਿਉਂਕਿ ਇਕੱਠੇ ਬੈਠਣਾ ਡਾਕਟਰੀ ਤੇ ਪ੍ਰਸਾਰ ਭਾਰਤੀ ਦੀ ਵਿਭਾਗੀ ਕਾਰਵਾਈ ਦੀ ਉਲੰਘਣਾ ਹੁੰਦੀ ਹੈ।ਮਹਾਂਮਾਰੀ ਤੋਂ ਬਚ ਕੇ ਰਹਿਣ ਲਈ ਸਾਨੂੰ ਵੀ ਦੂਰੀ ਬਣਾ ਕੇ ਰੱਖਣ ਲਈ ਇਸ ਕੇਂਦਰ ਵੱਲੋਂ ਵਾਰ ਵਾਰ ਸੁਨੇਹੇ ਦਿੱਤੇ ਜਾਂਦੇ ਹਨ। ਪਰ ਗੱਲਾਂ ਤੇ ਗੀਤ ਕੋਈ ਨਵਾਂ ਪ੍ਰੋਗਰਾਮ ਤਾਂ ਨਹੀਂ ਸੀ ਕੁਝ ਸਮੇਂ ਬਾਅਦ ਦੁਬਾਰਾ ਚਾਲੂ ਕੀਤਾ ਜਾ ਰਿਹਾ ਸੀ ਸਦਕੇ ਜਾਈਏ ਪ੍ਰੋਗਰਾਮ ਮੁਖੀ ਜੀ ਦੇ ਸਾਰੇ ਐਂਕਰਜ਼ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ।

ਹੋ ਸਕਦਾ ਪ੍ਰਸਾਰ ਭਾਰਤੀ ਦਾ ਹੁਕਮ ਹੋਵੇ ਪਰ ਸਦਕੇ ਜਾਈਏ ਸ੍ਰੀ ਮਾਨ ਪ੍ਰਨੀਤ ਸਾਹਿਬ ਜੀ ਦੇ ਕੇਂਦਰ ਦੇ ਮੁੱਖ ਗੇਟ ਦੇ ਸਾਹਮਣੇ ਸਾਰੇ ਐਂਕਰ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ,ਕੀ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਸੀ ਕਿ ਕੋਰੋਨਾ ਖ਼ਤਮ ਹੋ ਚੁੱਕਿਆ ਹੈ ਪ੍ਰਸਾਰ ਭਾਰਤੀ ਦਾ ਹੁਕਮ ਹੋਵੇ ਕੇ ਜਿੱਤ ਵਾਲਾ ਨਿਸ਼ਾਨ ਬਣਾ ਕੇ ਸਾਰੇ ਹੀ ਖਡ਼੍ਹੇ ਵਿਖਾ ਰਹੇ ਸਨ ਪਤਾ ਨੀ ਕਿਸ ਚੀਜ਼ ਦੀ ਜਿੱਤ ਸੀ।ਜਿਸ ਤਰ੍ਹਾਂ ਸਰੋਤੇ ਨਵੇਂ ਸਾਲ ਦੇ ਪ੍ਰੋਗਰਾਮ ਤੋਂ ਵਾਂਝੇ ਰਹੇ ਹਨ ਇਹ ਵੀ ਸਾਡੇ ਨਾਲ ਲੋਹੜਾ ਕੀਤਾ ਕਿ ਲੋਹੜੀ ਦੇ ਤਿਉਹਾਰ ਤੇ ਕੋਈ ਖ਼ਾਸ ਪ੍ਰੋਗਰਾਮ ਪੇਸ਼ ਹੀ ਨਹੀਂ ਕੀਤਾ ਗਿਆ।ਜੋ ਵੀ ਸਿੱਧੇ ਪ੍ਰਸਾਰਨ ਵਾਲੇ ਪ੍ਰੋਗਰਾਮ ਸਨ ਲੱਗਦਾ ਉਹ ਪੁੱਠੇ ਰਸਤੇ ਹੀ ਪੈਂਦੇ ਜਾ ਰਹੇ ਹਨ।

“ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਹੁਣ ਵਿਖਾਵਾਕਾਰੀ ਪ੍ਰੋਗਰਾਮ ਹੀ ਬਣ ਚੁੱਕਿਆ ਹੈ,ਹਰ ਰੋਜ਼ ਐਂਕਰ ਪ੍ਰੋਗਰਾਮ ਸ਼ੁਰੂ ਹੋਣ ਵੇਲੇ ਕਹਿੰਦੇ ਹਨ ਕਿ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦੀ ਤਹਿ ਤਕ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਜਾ ਕੇ ਕੱਚ ਤੇ ਸੱਚ ਦਾ ਨਿਤਾਰਾ ਕਰਨਗੇ।ਪਰ ਪ੍ਰੋਗਰਾਮ ਮੁਖੀ ਇਨ੍ਹਾਂ ਦੇ ਸਾਹਮਣੇ ਕਿੱਥੋਂ ਤੇ ਕਿਹੜੀ ਭਾਸ਼ਾ ਦਾ ਅਖ਼ਬਾਰ ਰੱਖਦੇ ਹਨ ਜਿਹੜੀਆਂ ਖ਼ਬਰਾਂ ਤੇ ਵਿਚਾਰ ਚਰਚਾ ਹੁੰਦੀ ਹੈ।ਅੱਜ ਪੰਜਾਬ ਦੀ ਹਰ ਭਾਸ਼ਾ ਦੇ ਅਖ਼ਬਾਰ ਦੀਆਂ ਮੁੱਖ ਖ਼ਬਰਾਂ “ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ”ਇਹ ਖ਼ਾਸ ਖ਼ਬਰ ਕਿਸੇ ਨੂੰ ਵਿਖਾਈ ਨਹੀਂ ਦਿੱਤੀ ਤਹਿ ਤਕ ਕਿਸ ਨੇ ਜਾਣਾ ਸੀ।

ਅੱਜ ਮਾਘੀ ਦਾ ਇਤਿਹਾਸਕ ਦਿਨ ਸੀ ਜਿਸ ਸਬੰਧੀ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਖ਼ਾਸ ਵਿਚਾਰ ਚਰਚਾ ਕਰਨੀ ਚਾਹੀਦੀ ਸੀ,ਉਸ ਪ੍ਰੋਗਰਾਮ ਵਿਚ ਵੈਕਸੀਨ ਕੋਰੋਨਾ ਸਬੰਧੀ ਵਿਚਾਰ ਚਰਚਾ ਕਰਕੇ ਪਤਾ ਨਹੀਂ ਕਿਹੜੀ ਖੱਟੀ ਖੱਟੀ,ਖ਼ਾਸ ਖ਼ਬਰ ਇੱਕ ਨਜ਼ਰ ਵਿੱਚ ਮਾਘੀ ਦੇ ਤਿਉਹਾਰ ਦੀ ਪਰਿਭਾਸ਼ਾ ਦੱਸਣੀ ਚਾਲੂ ਕਰ ਦਿੱਤੀ ਇਸ ਦਿਨ ਖ਼ਾਸ ਧਾਰਮਿਕ ਮਹੱਤਤਾ ਹੈ ਜਿਸ ਕਰਕੇ ਧਰਮ ਦਾ ਮਾਣ ਰੱਖਦੇ ਹੋਏ ਮੁੱਖ ਮਹਿਮਾਨ ਪ੍ਰੋਗਰਾਮ ਸ੍ਰੀ ਮਾਨ ਵਰਿੰਦਰ ਸ਼ਰਮਾ ਜੀ ਆਪਣਾ ਸਿਰ ਢੱਕ ਕੇ ਆਏ ਪਰ ਐਂਕਰ ਬੀਬਾ ਰੀਮਾ ਗੁਗਲਾਨੀ ਨੇ ਚੁੰਨੀ ਗਲ ਵਿੱਚ ਪਾ ਕੇ ਫੈਸ਼ਨ ਦਾ ਵਿਖਾਵਾ ਕੀਤਾ ਹੋਇਆ ਸੀ ਲੱਗਦਾ ਹੈ ਬੀਬਾ ਜੀ ਭਾਰਤ ਦੇ ਧਰਮਾਂ ਦੀ ਖ਼ਾਸ ਜਾਣਕਾਰੀ ਤੋਂ ਅਧੂਰੇ ਹਨ।

ਖ਼ਾਸ ਖ਼ਬਰ ਇੱਕ ਨਜ਼ਰ ਪ੍ਰਸਾਰ ਭਾਰਤੀ ਦੇ ਯੋਗ ਸਮੇਂ ਤੇ ਮੋਟੀ ਰਕਮ ਨੂੰ ਰਗੜਾ ਲਗਾ ਰਿਹਾ ਹੈ ਗੱਲ ਕਿਸੇ ਤਣ ਪੱਤਣ ਨਾ ਲੱਗਦੀ ਨਹੀ,ਵੈਸੇ ਵੀ ਪੰਦਰਾਂ ਮਿੰਟਾਂ ਵਿੱਚ ਕਿੰਨਾ ਕੁ ਅਖ਼ਬਾਰਾਂ ਖਬਰਾਂ ਨੂੰ ਵਿਚਾਰਿਆ ਜਾ ਸਕਦਾ ਹੈ ਇਹ ਪ੍ਰੋਗਰਾਮ ਬੰਦ ਕਰ ਦੇਣਾ ਹੀ ਚੰਗਾ ਰਹੇਗਾ। ਪ੍ਰਸਾਰ ਭਾਰਤੀ ਦਾ ਦੂਰਦਰਸ਼ਨ ਤੇ ਆਕਾਸ਼ਵਾਣੀ ਪ੍ਰਸਾਰਨ ਲਈ ਇਕ ਖਾਸ ਕਾਨੂੰਨ ਹੈ,ਇਕ ਐਂਕਰ ਤੇ ਮਹਿਮਾਨ ਮਹੀਨੇ ਵਿਚ ਸੱਤ ਪ੍ਰੋਗਰਾਮ ਹੀ ਕਰ ਸਕਦਾ ਹੈ ਪਰ ਜਤਿੰਦਰ ਪੰਨੂ ਜੀ ਖ਼ਾਸ ਖ਼ਬਰ ਇੱਕ ਨਜ਼ਰ ਤੇ ਸਪਤਾਹਿਕ ਸਮੀਖਿਆ ਕੁੱਲ ਮਿਲਾ ਅੱਠ ਤੋਂ ਵੱਧ ਪ੍ਰੋਗਰਾਮ ਕਰਦੇ ਹਨ।ਇਸੇ ਤਰ੍ਹਾਂ ਐਂਕਰ ਰੀਮਾ ਗੁਗਲਾਨੀ ਖ਼ਾਸ ਖ਼ਬਰ ਇੱਕ ਨਜ਼ਰ ਤੇ ਉਮਰਾਂ ਦੇ ਪੈਂਡੇ ਤੇ ਹੋਰ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੀ ਹੈ,ਇਨ੍ਹਾਂ ਦੋਨਾਂ ਵਿੱਚ ਕਿਹੜੀ ਮਹਾਨਤਾ ਹੈ ਕਿ ਪ੍ਰਸਾਰ ਭਾਰਤੀ ਦੇ ਕਾਨੂੰਨ ਨੂੰ ਵੀ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਦੀ ਖੱਖੜੀਆਂ ਕਰੇਲੇ ਕਰ ਦਿੰਦੇ ਹਨ।

ਪ੍ਰਸਾਰ ਭਾਰਤੀ ਦੇ ਉੱਚ ਅਧਿਕਾਰੀ ਗ਼ੈਰਕਾਨੂੰਨੀ ਕੰਮਾਂ ਵੱਲ ਧਿਆਨ ਨਹੀਂ ਦਿੰਦੇ।ਆਪੋ ਆਪਣੀ ਗੱਲ ਜਿਸ ਨੂੰ ਐਂਕਰ ਟੀਨੂੰ ਸ਼ਰਮਾ ਪੇਸ਼ ਕਰਦੀ ਹੈ ਉਸ ਪ੍ਰੋਗਰਾਮ ਦਾ ਕੋਈ ਹੁਣ ਆਧਾਰ ਨਹੀਂ ਏਧਰੋਂ ਓਧਰੋਂ ਫੜੀਆਂ ਟਾਈਮ ਪਾਸ ਕਰਨ ਵਾਲੀਆਂ ਗੱਲਾਂ,ਕੁਝ ਖ਼ਾਸ ਪੱਕੇ ਸਰੋਤਿਆਂ ਦੀਆਂ ਫੋਨ ਕਾਲ ਜਿਸ ਨਾਲ ਅੱਧਾ ਘੰਟਾ ਕੀਮਤੀ ਸਮਾਂ ਖਰਾਬ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਨੂੰ ਬੰਦ ਕਰ ਕੇ ਕੋਈ ਸਿੱਖਿਆ ਹੈ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ। ਹਰ ਸਰੋਤਾ ਜਾਣਦਾ ਹੈ ਕਿ ਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਹੈ,ਇਸ ਵਿੱਚ ਖ਼ਬਰਾਂ ਦਾ ਪ੍ਰਸਾਰਨ ਬਹੁਤ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਪੰਜਾਬ ਦੀਆਂ ਖ਼ਬਰਾਂ ਨੂੰ ਕੋਈ ਥਾਂ ਨਹੀਂ ਹੁੰਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਬਰਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ।

ਚੰਡੀਗੜ੍ਹ ਕੇਂਦਰ ਤੋਂ ਹਿੰਦੀ ਖ਼ਬਰਾਂ ਤੇ ਨੈਸ਼ਨਲ ਚੈਨਲ ਤੋਂ ਸੰਸਕ੍ਰਿਤ ਖ਼ਬਰਾਂ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ,ਜਿਸ ਸਰੋਤੇ ਨੂੰ ਜ਼ਰੂਰਤ ਹੋਵੇ ਉਹ ਖ਼ੁਦ ਇਹ ਖਬਰਾਂ ਸੁਣ ਸਕਦੇ ਹਨ ਸਾਡੇ ਸੂਬੇ ਦੀਆਂ ਖ਼ਬਰਾਂ ਕੌਣ ਸੁਣਾਵੇਗਾ ?ਪ੍ਰਸਾਰ ਭਾਰਤੀ ਨੂੰ ਵੀ ਸੋਚਣਾ ਚਾਹੀਦਾ ਹੈ ਚੰਡੀਗੜ੍ਹ ਦੋ ਸੂਬਿਆਂ ਦੀ ਰਾਜਧਾਨੀ ਹੈ ਰਾਜਧਾਨੀ ਤੋਂ ਹੀ ਸਾਰੇ ਦੂਰਦਰਸ਼ਨ ਕੇਂਦਰ ਖ਼ਬਰਾਂ ਪੇਸ਼ ਕਰਦੇ ਹਨ।ਜਲੰਧਰ ਕੇਂਦਰ ਵਿੱਚ ਖ਼ਬਰਾਂ ਦਾ ਵਿਭਾਗ ਸਥਾਪਤ ਕਰਕੇ ਦੂਹਰਾ ਖ਼ਰਚਾ ਕੀਤਾ ਜਾਂਦਾ ਹੈ।ਇਹ ਵਿਭਾਗ ਇੱਕੋ ਰੂਪ ਵਿਚ ਚੰਡੀਗਡ਼੍ਹ ਹੀ ਸਥਾਪਤ ਕਰ ਦੇਣਾ ਚਾਹੀਦਾ ਹੈ।ਜਿਸ ਨਾਲ ਦੋ ਰਾਜਾਂ ਦੀਆਂ ਖ਼ਬਰਾਂ ਨਾਲ ਪੂਰਾ ਨਿਆਂ ਹੋ ਸਕੇ।

ਆਓ ਪੰਜਾਬ ਨਿਵਾਸੀਓ ਆਪਾਂ ਨੂੰ ਕੋਈ ਆਪਣੇ ਹੱਕ ਦਿੰਦਾ ਨਹੀਂ ਖੋਹਣੇ ਪੈਂਦੇ ਹਨ।ਇਹ ਕੁਝ ਆਪਣੇ ਨਾਲ ਦੂਰਦਰਸ਼ਨ ਪੰਜਾਬੀ ਵਿੱਚ ਹੋ ਰਿਹਾ ਹੈ ਪੰਜਾਬੀ ਮਾਂ ਬੋਲੀ ਦਾ ਮਾਣ ਸਾਨੂੰ ਮਿਲ ਕੇ ਬਹਾਲ ਕਰਵਾਉਣਾ ਚਾਹੀਦਾ ਹੈ।ਸਾਰੇ ਮੇਰੇ ਪਾਠਕ ਭੈਣੋ ਤੇ ਭਰਾਵੋ ਸੱਜਣੋ ਬੇਲੀਓ ਪ੍ਰਸਾਰਣ ਮੰਤਰੀ ਜੀ ਨੂੰ ਚਿੱਠੀਆਂ ਲਿਖੋ ਨਹੀਂ ਕੱਲ੍ਹ ਨੂੰ ਆਪਾਂ ਨੂੰ ਬਾਬੂ ਸਿੰਘ ਮਾਨ ਵਾਲਾ ਗੀਤ ਮਿਹਣੇ ਮਾਰਦਾ ਹੋਇਆ ਨਜ਼ਰ ਆਵੇਗਾ”ਮੈਂ ਖੜ੍ਹੀ ਦਫਤਰੋਂ ਬਾਹਰ੍ਹ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ,ਮੈਨੂੰ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ।”

ਰਮੇਸ਼ਵਰ ਸਿੰਘ

ਸੰਪਰਕ 9914880392

Previous articleਸਿਹਤ ਕਰਮੀਆਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਕਰੋਨਾ ਵੈਕਸੀਨੇਸ਼ਨ ਤੋਂ ਕੀਤਾ ਇਨਕਾਰ
Next articleਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋ ਰਹੀਆਂ ਮੌਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ-ਮੁਸ਼ਤਾਕ ਮੁਹੰਮਦ