ਦੁਨੀਆ ’ਚ ਅਤਿਵਾਦ ਦਾ ‘ਕੌਮਾਂਤਰੀ ਕੇਂਦਰ’ ਮੰਨਿਆ ਜਾਂਦੈ ਪਾਕਿ: ਭਾਰਤ

ਸੰਯੁਕਤ ਰਾਸ਼ਟਰ (ਸਮਾਜਵੀਕਲੀ) : ਭਾਰਤ ਨੇ ਆਪਣੇ ਖਿਲਾਫ਼ ‘ਗਲਤ ਬਿਰਤਾਂਤ’ ਫੈਲਾਉਣ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ ਅਤੇ ਪਾਕਿਸਤਾਨ ਨੂੰ ਪੜਚੋਲ ਕਰਨ ਲਈ ਕਿਹਾ ਹੈ ਕਿ ਕਿਉਂ ਉਸ ਨੂੰ ਦੁਨੀਆ ਭਰ ’ਚ ਅਤਿਵਾਦ ਦਾ ‘ਕੌਮਾਂਤਰੀ ਕੇਂਦਰ ਅਤੇ ‘ਅਤਿਵਾਦੀਆਂ ਦੀ ਸੁਰੱਖਿਅਤ ਪਨਾਹਗਾਹ’ ਸਮਝਿਆ ਜਾਂਦਾ ਹੈ।

ਭਾਰਤੀ ਵਫ਼ਦ ਦੇ ਮੁਖੀ ਮਹਾਵੀਰ ਸਿੰਘਵੀ ਨੇ ਮੰਗਲਵਾਰ ਨੂੰ ਵਰਚੁਅਲ ਅਤਿਵਾਦ ਵਿਰੋਧੀ ਹਫ਼ਤੇ ’ਤੇ ਵੈਬਿਨਾਰ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਮਹਾਮਾਰੀ ਨਾਲ ਨਜਿੱਠਣ ਲਈ ਇਕਜੁੱਟ ਹੈ ਤਾਂ ਬਦਕਿਸਮਤੀ ਨਾਲ ਪਾਕਿਸਤਾਨ ਅਜਿਹਾ ਮੁਲਕ ਹੈ ਜੋ ਇਸ ਮੌਕੇ ਦੀ ਵਰਤੋਂ ਭਾਰਤ ਖਿਲਾਫ਼ ਝੂਠ ਫੈਲਾਉਣ ’ਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵੀ ਦਖ਼ਲ ਦੇ ਰਿਹਾ ਹੈ।

ਸਿੰਘਵੀ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ ’ਚ ਸਰਗਰਮ ਅਤਿਵਾਦੀ ਜਥੇਬੰਦੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਜੰਮੂ ਕਸ਼ਮੀਰ ਸਮੇਤ ਭਾਰਤ ਦੀ ਘਰੇਲੂ ਸਿਆਸਤ ਅਤੇ ਅੰਦਰੂਨੀ ਮਾਮਲੇ ਉਠਾਉਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਆਜ਼ਾਦੀ ਸੰਘਰਸ਼ ਦੇ ਨਾਮ ’ਤੇ ਭਾਰਤ ਖਿਲਾਫ਼ ਸਰਹੱਦ ਪਾਰੋਂ ਅਤਿਵਾਦ ਲਈ ਆਪਣੀ ਫ਼ੌਜੀ, ਵਿੱਤੀ ਅਤੇ ਸਾਜ਼ੋ-ਸਾਮਾਨ ਸਬੰਧੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭਾਰਤ ਦੇ ਘਰੇਲੂ ਕਾਨੂੰਨਾਂ ਅਤੇ ਨੀਤੀਆਂ ਖਿਲਾਫ਼ ਕੂੜ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਇਹ ਚਾਹੁੰਦਾ ਹੈ ਕਿ ਉਸ ਨੂੰ ‘ਅਤਿਵਾਦ ਦੇ ਖ਼ਤਰਨਾਕ ਵਾਇਰਸ’ ਖਿਲਾਫ਼ ਲੜਾਈ ’ਚ ਗੰਭੀਰਤਾ ਨਾਲ ਲਿਆ ਜਾਵੇ ਤਾਂ ਉਸ ਨੂੰ ਆਪਣੇ ਅੰਦਰ ਝਾਤ ਮਾਰਨੀ ਪਵੇਗੀ।

Previous articleਰੇਲ-ਬੱਸ ਹਾਦਸਾ: ਪੀੜਤ ਸਿੱਖ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਮਦਦ ਦਾ ਐਲਾਨ
Next articleSurrender or arrest, asks Akhilesh Yadav