ਦੁਕਾਨਾਂ ਖੁੱਲ੍ਹਣ ਤੇ ਕਰਫ਼ਿਊ ਦਾ ਸਮਾਂ ਬਦਲਿਆ

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਸਰਕਾਰ ਨੇ ਰਾਜ ’ਚ ਹੁਣ ਦੁਕਾਨਾਂ ਖੋਲ੍ਹਣ ਅਤੇ ਕਰਫਿਊ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਕੇਂਦਰੀ ਨੇਮਾਂ ਅਨੁਸਾਰ ਕਰਫਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਹਰ ਤਰ੍ਹਾਂ ਦੀਆਂ ਸਨਅਤਾਂ ਨੂੰ ਚਲਾਉਣ ਦੀ ਪਹਿਲਾਂ ਦੀ ਤਰ੍ਹਾਂ ਛੋਟ ਜਾਰੀ ਰਹੇਗੀ ਅਤੇ ਹੁਣ ਰਿਹਾਇਸ਼ੀ ਖੇਤਰ ਵਾਲੇ ਉਦਯੋਗ ਵੀ ਖੁੱਲ੍ਹ ਜਾਣਗੇ।

ਪੰਜਾਬ ’ਚ ਸ਼ਾਪਿੰਗ ਮਾਲਜ਼, ਹੋਟਲ ਅਤੇ ਧਾਰਮਿਕ ਸਥਾਨ 7 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਦਿਸ਼ਾ ਨਿਰਦੇਸ਼ਾਂ ਮਗਰੋਂ ਇਸ ਬਾਰੇ ਫੈਸਲਾ ਲਿਆ ਜਾਣਾ ਹੈ। ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਓ.ਪੀ.ਡੀ ਸੇਵਾਵਾਂ ਵੀ ਜਾਰੀ ਰੱਖੀਆਂ ਹਨ। ਪੰਜਾਬ ਸਰਕਾਰ ਨੇ ਕੇਂਦਰੀ ਨੇਮਾਂ ਦੀ ਲੀਹ ’ਤੇ ਅੱਜ ਲੌਕਡਾਊਨ 5.0 ਤਹਿਤ 30 ਜੂਨ ਤੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਤਹਿਤ ਤਾਲਾਬੰਦੀ ਦੌਰਾਨ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ।

ਦੁਕਾਨਾਂ ਖੁੱਲ੍ਹਣ ਦਾ ਸਮਾਂ ਹੁਣ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੇ ਠੇਕੇ ਹੁਣ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਹੁਣ ਕਰਫਿਊ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਜਨਤਕ ਪਾਰਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਕੱਠੇ ਹੋਣ ਦੀ ਮਨਾਹੀ ਹੋਵੇਗੀ। ਰੈਸਤਰਾਂ ’ਚੋਂ ਖਾਣਾ ਲਿਜਾਣ ਦੀ ਛੋਟ ਦਿੱਤੀ ਗਈ ਹੈ ਪਰ ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ 7 ਜੂਨ ਮਗਰੋਂ ਹੋਵੇਗਾ।

ਕੇਂਦਰੀ ਨਿਰਦੇਸ਼ਾਂ ਅਨੁਸਾਰ ਹੀ ਪੰਜਾਬ ਸਰਕਾਰ ਨੇ ਵਿਆਹ ਸਮਾਰੋਹਾਂ ਵਿਚ ਵੱਧ ਤੋਂ ਵੱਧ 50 ਵਿਅਕਤੀ ਹੀ ਇਕੱਠੇ ਹੋ ਸਕਣ ਦੀ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਸਸਕਾਰ ਦੇ ਮੌਕੇ ’ਤੇ ਵੱਧ ਤੋਂ ਵੱਧ 20 ਵਿਅਕਤੀ ਇਕੱਤਰ ਹੋ ਸਕਣਗੇ। ਸਕੂਲਾਂ ਤੇ ਕਾਲਜਾਂ ਤੋਂ ਇਲਾਵਾ ਕੋਚਿੰਗ ਸੈਂਟਰ ਬੰਦ ਰਹਿਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਖੁੱਲ੍ਹ ਸਕਣਗੇ ਪਰ ਮੁਲਾਜ਼ਮਾਂ ਦੀ ਗਿਣਤੀ ਲੋੜ ਮੁਤਾਬਕ ਹੀ ਹੋਵੇਗੀ।

ਪੰਜਾਬ ਸਰਕਾਰ ਨੇ ਕੌਮਾਂਤਰੀ ਹਵਾਈ ਯਾਤਰਾ, ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ਼, ਮਨੋਰੰਜਨ ਪਾਰਕ, ਸਿਨੇਮਾ ਹਾਲ, ਬਾਰ, ਆਡੀਟੋਰੀਅਮ ਹਾਲੇ ਬੰਦ ਰੱਖਣ ਦਾ ਫੈਸਲਾ ਹੀ ਕੀਤਾ ਹੈ। ਇਸੇ ਤਰ੍ਹਾਂ ਸਮਾਜਿਕ, ਸਿਆਸੀ, ਸਪੋਰਟਸ, ਮਨੋਰੰਜਕ, ਅਕਾਦਮਿਕ, ਕਲਚਰਲ ਅਤੇ ਧਾਰਮਿਕ ਸਮਾਗਮ ਕਰਨ ਦੀ ਵੀ ਮਨਾਹੀ ਹੋਵੇਗੀ। ਬਿਊਟੀ ਪਾਰਲਰ, ਸਪਾ, ਬਾਰਬਰ ਸ਼ਾਪ ਨੂੰ ਵੀ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ।

Previous articleਕੋਰੋਨਾ ਵੈਕਸੀਨ ਦੇ ਰਿਸਰਚ ਦਾ ਹਿੱਸਾ ਬਣੀ ਭਾਰਤੀ ਮੂਲ ਦੀ ਵਿਗਿਆਨੀ
Next articleਗ਼ਰੀਬਾਂ ਤੇ ਮਜ਼ਦੂਰਾਂ ਨੂੰ ਪਈ ਕਰੋਨਾ ਸੰਕਟ ਦੀ ਸਭ ਤੋਂ ਵੱਧ ਮਾਰ: ਮੋਦੀ