ਦੁਕਾਨਦਾਰ ਦੀ ਖੂਹ ’ਚ ਡਿੱਗ ਕੇ ਮੌਤ

ਡੇਰਾਬੱਸੀ- ਇੱਥੋਂ ਦੇ ਮੇਨ ਬਾਜ਼ਾਰ ਦੇ ਪਾਣੀ ਦੀ ਨਿਕਾਸੀ ਲਈ ਕੌਂਸਲ ਵੱਲੋਂ ਬਣਾਏ ਗਏ ਖੂਹ ਵਿੱਚ ਡਿੱਗਣ ਕਾਰਨ ਇਕ ਦੁਕਾਨਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਵਰਿੰਦਰਪਾਲ ਨਰੂਲਾ ਉਰਫ਼ ਰਾਜੂ ਵਾਸੀ ਡੇਰਾਬੱਸੀ ਵਜੋਂ ਹੋਈ ਹੈ ਜੋ ਮੇਨ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ।
ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਕੌਂਸਲ ਵੱਲੋਂ ਮੇਨ ਬਾਜ਼ਾਰ ਵਿੱਚੋਂ ਪਾਣੀ ਕੱਢਣ ਲਈ ਬਾਜ਼ਾਰ ਦੇ ਬਾਹਰ ਚੰਡੀਗੜ੍ਹ-ਅੰਬਾਲਾ ਹਾਈਵੇਅ ਕੰਢੇ ਇਕ ਖੂਹ ਬਣਾਇਆ ਹੋਇਆ ਹੈ। ਮੀਂਹ ਦੇ ਦਿਨਾਂ ਵਿੱਚ ਮੇਨ ਬਾਜ਼ਾਰ ਵਿੱਚ ਪਾਣੀ ਭਰਨ ’ਤੇ ਕੌਂਸਲ ਵੱਲੋਂ ਪੰਪ ਰਾਹੀਂ ਪਾਣੀ ਇਸ ਖੂਹ ਵਿੱਚ ਪਾ ਦਿੱਤਾ ਜਾਂਦਾ ਹੈ। ਲੰਘੀ ਰਾਤ ਕੌਂਸਲ ਵੱਲੋਂ ਬਾਜ਼ਾਰ ਵਿੱਚ ਭਰੇ ਪਾਣੀ ਨੂੰ ਕੱਢਣ ਲਈ ਪੰਪ ਚਲਾਇਆ ਗਿਆ ਸੀ। ਅੱਜ ਸਵੇਰੇ ਕੌਂਸਲ ਮੁਲਾਜ਼ਮ ਪੰਪ ਨੂੰ ਬੰਦ ਕਰਨ ਲਈ ਆਏ ਤਾਂ ਉਨ੍ਹਾਂ ਨੇ ਉਕਤ ਦੁਕਾਨਦਾਰ ਨੂੰ ਖੂਹ ਵਿੱਚ ਡਿੱਗਿਆ ਦੇਖਿਆ। ਕੌਂਸਲ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਸੂਚਨਾ ਉਸ ਵਿਅਕਤੀ ਦੀ ਦੁਕਾਨ ’ਤੇ ਦਿੱਤੀ ਗਈ। ਕੌਂਸਲ ਮੁਲਾਜ਼ਮਾਂ ਨੇ ਦੱਸਿਆ ਕਿ ਕੌਂਸਲ ਨੇ ਇਸ ਖੂਹ ਦੇ ਆਲੇ-ਦੁਆਲੇ ਚਾਰਦੀਵਾਰੀ ਕਰ ਕੇ ਦਰਵਾਜ਼ਾ ਵੀ ਲਗਾਇਆ ਹੋਇਆ ਸੀ ਪਰ ਉੱਪਰ ਤੋਂ ਇਹ ਖੂਹ ਖੁੱਲ੍ਹਾ ਸੀ ਜਿੱਥੋਂ ਵਰਿੰਦਰਪਾਲ ਅੰਦਰ ਦਾਖ਼ਲ ਹੋਇਆ। ਮ੍ਰਿਤਕ ਆਪਣੇ ਪਿੱਛੇ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਬਿਸ਼ੰਬਰ ਨਰੂਲਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵਰਿੰਦਰਪਾਲ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤੇ ਉਹ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਸੀ। ਲੰਘੇ ਦੋ ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 10 ਵਜੇ ਵਰਿੰਦਰਪਾਲ ਖੂਹ ਨੇੜੇ ਘੁੰਮ ਰਿਹਾ ਸੀ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਇਸ ਖੂਹ ਦੇ ਆਲੇ ਦੁਆਲੇ ਚਾਰਦੀਵਾਰੀ ਤਾਂ ਕੀਤੀ ਹੋਈ ਸੀ ਪਰ ਕੋਈ ਦਰਵਾਜ਼ਾ ਨਹੀਂ ਲਾਇਆ ਹੋਇਆ ਸੀ। ਪਿੱਛੇ ਜਿਹੇ ਵੀ ਇਕ ਨੌਜਵਾਨ ਦੀ ਇਸ ਖ਼ੂਹ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਘਟਨਾ ਤੋਂ ਸਬਕ ਲੈਂਦਿਆਂ ਕੌਂਸਲ ਵੱਲੋਂ ਇੱਥੇ ਦਰਵਾਜ਼ਾ ਲਗਾ ਦਿੱਤਾ ਗਿਆ ਸੀ ਜਿਸ ਨੂੰ ਬੰਦ ਰੱਖਿਆ ਜਾਂਦਾ ਹੈ।

 

Previous articleਮੀਂਹ ਦੀ ਮਾਰ: ਨਹਿਰਾਂ, ਡਰੇਨਾਂ ਤੇ ਕੱਸੀਆਂ ਵਿੱਚ ਪਏ ਪਾੜ
Next articleਮਾਹਿਲਪੁਰ ’ਚ ਕੂੜਾ ਡੰਪ ਖਿਲਾਫ਼ ਸੜਕ ਘੇਰੀ