ਦੀਵਾਲੀ: ਲੋਕਾਂ ਨੂੰ ਧੂੰਏੇਂ ਕਾਰਨ ਸਾਹ ਲੈਣਾ ਹੋਇਆ ਔਖਾ

ਜਲੰਧਰ- ਇਸ ਸਾਲ ਪਹਿਲਾਂ ਦੇ ਮੁਕਾਬਲੇ ਪਟਾਕੇ ਭਾਵੇਂ ਘੱਟ ਚੱਲੇ ਪਰ ਪ੍ਰਦੂਸ਼ਣ ਦੇ ਪੱਖ ਤੋਂ ਜਲੰਧਰ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਸਥਿਤੀ ਬੜੀ ਗੰਭੀਰ ਬਣੀ ਰਹੀ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਹਰੀ ਦੀਵਾਲੀ ਮਨਾਈ ਹੈ। ਦੀਵਾਲੀ ਵਾਲੇ ਦਿਨ ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 210 ਰਿਕਾਰਡ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ 10.25 ਫੀਸਦੀ ਘੱਟ ਸੀ। ਬੋਰਡ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਵਾਰ ਪਰਾਲੀ ਨੂੰ ਵੀ ਪਹਿਲਾਂ ਦੇ ਮੁਕਾਬਲੇ ਘੱਟ ਅੱਗਾਂ ਲੱਗੀਆਂ ਹਨ ਜਦਕਿ ਸਥਿਤੀ ਇਨ੍ਹਾਂ ਅੰਕੜਿਆਂ ਦੇ ਬਿਲਕੁਲ ਉਲਟ ਸੀ।
ਸ਼ਹਿਰ ਦੇ ਨਾਲ ਲਗਦੇ ਇਲਾਕੇ ਧਾਰੀਵਾਲ-ਕਾਲਾ ਸੰਘਿਆਂ ਰੋਡ ’ਤੇ ਚੁਗਾਵਾਂ ਆਦਿ ਪਿੰਡਾਂ ਵਿਚ ਦੀਵਾਲੀ ਵਾਲੀ ਸ਼ਾਮ ਨੂੰ ਏਨੀ ਵੱਡੀ ਪੱਧਰ ’ਤੇ ਦੇ ਪਰਾਲੀ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀ ਕਿ ਸੜਕ ਤੋਂ ਲੰਘਣਾ ਔਖਾ ਸੀ। ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਪਰਾਲੀ ਦਾ ਕੌੜਾ ਧੂੰਆਂ ਅੱਖਾਂ ’ਚੋਂ ਪਾਣੀ ਕੱਢ ਰਿਹਾ ਸੀ। ਧੂੰਏਂ ਤੋਂ ਪੀੜਤ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅੰਕੜਿਆਂ ਦੀ ਖੇਡ ਨੇ ਪਹਿਲਾਂ ਹੀ ਸੂਬੇ ਦੇ ਵਾਤਾਵਰਣ ਦਾ ਸੱਤਿਆਨਾਸ ਕੀਤਾ ਹੋਇਆ ਹੈ। ਪੰਜਾਬ ਦੇ ਦਰਿਆ ਤਾਂ ਗੰਧਲੇ ਹੀ ਸਨ, ਹੁਣ ਹਵਾ ਵੀ ਗੰਧਲੀ ਹੋ ਗਈ ਹੈ ਤੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤੀ ਇਕਾਈਆਂ ਦੇ ਮਾਲਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਮੀਟਿੰਗਾਂ ਵਿਚ ਬੋਰਡ ਦੇ ਅਧਿਕਾਰੀਆਂ ’ਤੇ ਰਿਸ਼ਵਤ ਲੈਣ ਦੇ ਦੋਸ਼ ਲਾ ਚੁੱਕੇ ਹਨ।
ਉਧਰ ਦੀਵਾਲੀ ਵਿਚ ਘੱਟ ਪਟਾਕੇ ਚੱਲਣ ਦਾ ਕਾਰਨ ਲੋਕਾਂ ਨੇ ਆਰਥਿਕ ਮੰਦੀ ਨੂੰ ਵੀ ਦੱਸਿਆ। ਗੁਰਦੁਆਰਾ ਪ੍ਰਤਾਪ ਨਗਰ ਦੇ ਪ੍ਰਧਾਨ ਸੁੱਚਾ ਸਿੰਘ ਦਾ ਕਹਿਣਾ ਸੀ ਕਿ ਭਾਵੇਂ ਕਿ ਇਸ ਸਾਲ ਪਟਾਕੇ ਘੱਟ ਚੱਲੇ ਹਨ, ਲੋਕਾਂ ਵਿਚ ਜਾਗਰੂਕਤਾ ਵੀ ਆਈ ਹੈ, ਪਰ ਪਟਾਕੇ ਘੱਟ ਚੱਲਣ ਦਾ ਕਾਰਨ ਇਹ ਸੀ ਕਿ ਲੋਕਾਂ ਦੀ ਖਰੀਦ ਸ਼ਕਤੀ ਘਟ ਗਈ ਹੈ। ਨਗਰ ਨਿਗਮ ਦੇ ਸਫਾਈ ਮੁਲਾਜ਼ਮ ਹਰਜੀਤ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਤਨਖਾਹਾਂ ਦੀ ਸਮੇਂ ਸਿਰ ਨਹੀਂ ਪਾਈਆਂ। ਜਦੋਂ ਲੋਕਾਂ ਦੀਆਂ ਜੇਬਾਂ ਵਿਚ ਪੈਸੇ ਹੀ ਨਹੀਂ ਹੋਣਗੇ ਤਾਂ ਉਹ ਬਾਜ਼ਾਰਾਂ ਵਿਚ ਕਿਉਂ ਜਾਣਗੇ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਇਕੱਲਾ ਨਗਰ ਨਿਗਮ ਨੇ ਹੀ ਨਹੀਂ ਸਗੋਂ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੀ ਕਈ-ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਦੀਵਾਲੀ ਠੰਡੀ ਵੀ ਰਹੀ ਤੇ ਬਜ਼ਾਰ ਵਿਚ ਮੰਦੀ ਵੀ ਰਹੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਹਰਬੀਰ ਸਿੰਘ ਨੇ ਦੱਸਿਆ ਕਿ ਅਸਲ ਅੰਕੜੇ ਇਕ-ਦੋ ਦਿਨਾਂ ਬਾਅਦ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਬੋਰਡ ਦੇ ਮੁੱਖ ਦਫਤਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦਾ ਪਤਾ ਉਨ੍ਹਾਂ ਨੂੰ ਅੱਜ ਹੀ ਲੱਗਾ ਹੈ। ਪ੍ਰਦੂਸ਼ਣ ਮਾਪਕ ਯੰਤਰਾਂ ਰਾਹੀਂ ਮਿੰਟ-ਮਿੰਟ ਦੇ ਪ੍ਰਦੂਸ਼ਣ ਦਾ ਡੇਟਾ ਰਿਕਾਰਡ ਕੀਤਾ ਜਾਂਦਾ ਹੈ।

Previous articleਨਸ਼ੇੜੀ ਹਮਲਾਵਰ ਨੇ 14 ਜਣੇ ਕੀਤੇ ਜ਼ਖ਼ਮੀ
Next articleਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਖਹਿਬੜੀਆਂ