ਦੀਪਕ ਨੂੰ ਚਾਂਦੀ ਤੇ ਅਵਾਰੇ ਨੂੰ ਕਾਂਸੀ ਦਾ ਤਗ਼ਮਾ

ਪਹਿਲਵਾਨ ਦੀਪਕ ਪੂਨੀਆ ਦੇ ਸੱਟ ਕਾਰਨ ਸੈਮੀਫਾਈਨਲ ਵਿੱਚੋਂ ਹਟਣ ਮਗਰੋਂ ਰਾਹੁਲ ਅਵਾਰੇ ਨੇ ਅੱਜ ਕਾਂਸੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਭਾਰਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਤਗ਼ਮਿਆਂ ਦੀ ਗਿਣਤੀ ਪੱਖੋਂ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਨ ਵਿੱਚ ਸਫਲ ਰਿਹਾ।
ਅਵਾਰੇ ਨੇ 61 ਕਿਲੋ ਦੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਸਾਬਕਾ ਪੈਨ ਅਮਰੀਕੀ ਚੈਂਪੀਅਨ ਟਾਈਲਰ ਲੀ ਗਰਾਫ਼ ਨੂੰ 11-4 ਨਾਲ ਹਰਾ ਕੇ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਪੰਜ ਤੱਕ ਪਹੁੰਚਾਈ। ਭਾਰਤ ਵੱਲੋਂ ਦੀਪਕ ਪੂਨੀਆ ਨੇ ਚਾਂਦੀ, ਜਦਕਿ ਬਜਰੰਗ ਪੂਨੀਆ, ਰਾਹੁਲ ਅਵਾਰੇ, ਰਵੀ ਕੁਮਾਰ ਦਹੀਆ ਅਤੇ ਮਹਿਲਾ ਵਰਗ ਵਿੱਚ ਵਿਨਸ਼ ਫੋਗਾਟ ਨੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਭਾਰਤ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ ਤੋਂ ਪਹਿਲਾਂ ਸਰਵੋਤਮ ਪ੍ਰਦਰਸ਼ਨ ਸਾਲ 2013 ਵਿੱਚ ਸੀ, ਜਦੋਂ ਉਸ ਨੇ ਤਿੰਨ ਤਗ਼ਮੇ ਜਿੱਤੇ ਸਨ। ਉਸ ਸਮੇਂ ਅਮਿਤ ਦਹੀਆ ਨੇ ਚਾਂਦੀ, ਬਜਰੰਗ ਪੂਨੀਆ ਨੇ ਕਾਂਸੀ ਅਤੇ ਸੰਦੀਪ ਤੁਲਸੀ ਯਾਦਵ ਨੇ ਗਰੀਕੋ ਰੋਮਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।ਅਵਾਰੇ ਨੇ ਪੂਰੇ ਮੁਕਾਬਲੇ ਦੌਰਾਨ ਵਿਰੋਧੀ ਪਹਿਲਵਾਨ ਆਪਣੇ ਕਾਬੂ ਹੇਠ ਰੱਖਿਆ ਅਤੇ ਕਰੀਅਰ ਦਾ ਸਭ ਤੋਂ ਵੱਡਾ ਤਗ਼ਮਾ ਜਿੱਤਣ ਵਿੱਚ ਸਫਲ ਰਿਹਾ। ਮਹਾਰਾਸ਼ਟਰ ਦੇ ਇਸ ਪਹਿਲਵਾਨ ਨੇ ਰਾਸ਼ਟਰਮੰਡਲ ਖੇਡਾਂ-2018 ਵਿੱਚ ਸੋਨਾ ਅਤੇ ਏਸ਼ਿਆਈ ਚੈਂਪੀਅਨਸ਼ਿਪ (2009 ਤੇ 2011) ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਸਨ। ਅਵਾਰੇ ਇਸ ਤੋਂ ਪਹਿਲਾਂ ਸੈਮੀ-ਫਾਈਨਲ ਵਿੱਚ ਯੂਰੋਪੀ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਲੋਮਾਤਾਦਜ਼ੇ ਤੋਂ ਹਾਰ ਗਿਆ ਸੀ।
ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦੇ ਅੱਜ ਆਖ਼ਰੀ ਦਿਨ ਸਵੇਰੇ ਪਤਾ ਚੱਲਿਆ ਕਿ ਦੀਪਕ ਪੂਨੀਆ ਸੈਮੀਫਾਈਨਲ ਵਿੱਚ ’ਚ ਲੱਗੀ ਗੋਡੇ ਦੀ ਸੱਟ ਕਾਰਨ ਇਰਾਨ ਦੇ ਹਸਨ ਯਾਜ਼ਦਾਨੀ ਖ਼ਿਲਾਫ਼ 86 ਕਿਲੋ ਵਰਗ ਦਾ ਖ਼ਿਤਾਬੀ ਮੁਕਾਬਲਾ ਨਹੀਂ ਖੇਡ ਸਕੇਗਾ। ਇਸ ਤਰ੍ਹਾਂ ਉਸ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਦੀਪਕ ਨੇ ਕਿਹਾ, ‘‘ਖੱਬੇ ਪੈਰ ’ਤੇ ਭਾਰ ਨਹੀਂ ਆ ਰਿਹਾ। ਇਸ ਹਾਲਾਤ ਵਿੱਚ ਭਿੜਨਾ ਮੁਸ਼ਕਲ ਹੈ। ਮੈਂ ਜਾਣਦਾ ਹਾਂ ਕਿ ਯਾਜ਼ਦਾਨੀ ਖ਼ਿਲਾਫ਼ ਇਹ ਵੱਡਾ ਮੌਕਾ ਸੀ, ਪਰ ਮੈਂ ਕੁੱਝ ਨਹੀਂ ਕਰ ਸਕਦਾ।’’ ਇਸ ਤਰ੍ਹਾਂ 20 ਸਾਲ ਦੇ ਭਾਰਤੀ ਪਹਿਲਵਾਨ ਨੂੰ ਆਪਣੀ ਪਲੇਠੀ ਸੀਨੀਅਰ ਵਿਸ਼ਵ ਚੈਂਪੀਅਨਸਸ਼ਿਪ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਸਵਿਟਜ਼ਰਲੈਂਡ ਦੇ ਸਟੀਫਨ ਰਾਈਸ਼ਮੁਥ ਖ਼ਿਲਾਫ਼ ਕੱਲ੍ਹ ਸੈਮੀਫਾਈਨਲ ਦੌਰਾਨ ਉਹ ਮੁਕਾਬਲੇ ’ਚੋਂ ਲੰਗੜਾਉਂਦਾ ਹੋਇਆ ਬਾਹਰ ਆਇਆ ਸੀ ਅਤੇ ਉਸ ਦੀ ਸੱਜੀ ਅੱਖ ਵੀ ਸੁੱਜੀ ਹੋਈ ਸੀ। ਦੀਪਕ ਨੇ ਖ਼ਿਤਾਬੀ ਮੁਕਾਬਲੇ ’ਚ ਪਹੁੰਚਣ ਤੋਂ ਪਹਿਲਾਂ ਰਾਈਸ਼ਮੁਥ ਤੋਂ ਇਲਾਵਾ ਕੋਲੰਬੀਆ ਦੇ ਕਾਰਲੋਸ ਅਰਤੁਰੋ ਮੈਂਡੈੱਜ਼ ਅਤੇ ਕਜ਼ਾਖ਼ਸਤਾਨ ਦੇ ਐਡੀਲੇਟ ਦਾਵਲੁੰਬਾਯੇਵ ਨੂੰ ਹਰਾਇਆ ਸੀ। ਦੀਪਕ ਲਈ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਤਗ਼ਮਾ ਜਿੱਤਣ ਦਾ ਇਹ ਬਹੁਤ ਵਧੀਆ ਮੌਕਾ ਸੀ। ਉਸ ਨੇ ਬੀਤੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ।

Previous articleਮਨੁੱਖਤਾ ਦੇ ਭਲੇ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮੁਰਲੀ ਮਨੋਹਰ ਜੋਸ਼ੀ
Next articleਮੇਰਾ ਨਹੀਂ ਮੇਰੇ ਕੋਚ ਦਾ ਸਨਮਾਨ ਕਰੋ: ਪੰਘਾਲ