ਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਵੱਲੋਂ ਸਾਂਝੀਵਾਲਤਾ ਦੀ ਮਿਸਾਲ ਪੇਸ਼

ਦੋਹਾਂ ਨੇ ਜਾਨ ਜੋਖ਼ਮ ’ਚ ਪਾ ਕੇ 60 ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ

ਕੌਮੀ ਰਾਜਧਾਨੀ ’ਚ ਪਿਛਲੇ ਦਿਨੀਂ ਹੋਏ ਦੰਗੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਭ ਤੋਂ ਭਿਆਨਕ ਸਨ। ਫਿਰਕੂ ਹਿੰਸਾ ਦੌਰਾਨ ਮਹਿੰਦਰ ਸਿੰਘ (53) ਅਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦਿਆਂ 60 ਤੋਂ 80 ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ।
ਦੋਵੇਂ ਪਿਓ-ਪੁੱਤਰ ਨੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਆਪਣੇ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਰਾਹੀਂ ਦੰਗਿਆਂ ਵਾਲੇ ਸਥਾਨ ਤੋਂ ਕੱਢਿਆ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ’ਚ ਹਿੰਦੂਆਂ ਦੀ ਵੱਡੀ ਆਬਾਦੀ ਹੋਣ ਕਰਕੇ ਹਾਲਾਤ ਤਣਾਅ ਵਾਲੇ ਬਣ ਰਹੇ ਸਨ ਅਤੇ ਉਨ੍ਹਾਂ ਨੂੰ ਖ਼ਦਸ਼ਾ ਹੋ ਗਿਆ ਸੀ ਕਿ ਗੁਆਂਢ ’ਚ ਰਹਿੰਦੇ ਮੁਸਲਿਮ ਭਾਈਚਾਰੇ ਦੀ ਜਾਨ ਮੁਸ਼ਕਲ ’ਚ ਪੈ ਸਕਦੀ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁੱਤਰ ਨਾਲ ਮਿਲ ਕੇ ਗੋਕਲਪੁਰੀ ਤੋਂ ਕਰਦਮਪੁਰੀ ਤੱਕ ਇਕ ਘੰਟੇ ’ਚ 20-20 ਗੇੜੇ ਕੱਟੇ। ਉਹ ਖੁਦ ਸਕੂਟੀ ਚਲਾਉਂਦੇ ਸਨ ਜਦਕਿ ਪੁੱਤਰ ਮੋਟਰਸਾਈਕਲ ’ਤੇ ਮੁਸਲਮਾਨਾਂ ਨੂੰ ਬਿਠਾ ਕੇ ਲਿਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਇਕ ਗੇੜੇ ’ਚ ਉਹ ਤਿੰਨ ਤੋਂ ਚਾਰ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਜਾਂਦੇ ਸਨ।
ਕੁਝ ਮੁਸਲਿਮ ਨੌਜਵਾਨਾਂ ਨੂੰ ਦੰਗਾਕਾਰੀਆਂ ਦੀ ਨਜ਼ਰ ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ’ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਮਿਸਾਲ ਦੀ ਟਵਿੱਟਰ ’ਤੇ ਵੀ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ‘ਨਾਇਕ’ ਕਰਾਰ ਦਿੱਤਾ ਗਿਆ ਹੈ।

Previous articleਜਸਟਿਸ ਮੁਰਲੀਧਰਨ ਦੇ ਤਬਾਦਲੇ ਦਾ ਵਕਤ ਗਲਤ: ਜਸਟਿਸ ਬਾਲਾਕ੍ਰਿਸ਼ਨਨ
Next articleਖੱਬੇ ਪੱਖੀ ਜਥੇਬੰਦੀਆਂ ਵੱਲੋਂ ਦਿੱਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ