ਦਿੱਲੀ ਸਰਕਾਰ ਵੱਲੋਂ ਤਾਲਾਬੰਦੀ ਖੋਲ੍ਹਣ ਦੇ ਸੰਕੇਤ

ਨਵੀਂ ਦਿੱਲੀ (ਸਮਾਜਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਤੇ ਕੌਮੀ ਰਾਜਧਾਨੀ ਦਿੱਲੀ ’ਚ ਕਰੋਨਾ ਮਹਾਂਮਾਰੀ ਦੌਰਾਨ ਸਿਆਸੀ ਵਿਰੋਧੀਆਂ ਨੂੰ ਅਸਿੱਧੀ ਨਸੀਹਤ ਦਿੱਤੀ ਕਿ ਦੇਸ਼ ਮੁਸ਼ਕਲ ਹਾਲਤ ’ਚੋਂ ਲੰਘ ਰਿਹਾ ਹੈ, ਇਸ ਲਈ ਗੰਦੀ ਰਾਜਨੀਤੀ ਛੱਡ ਕੇ ਦੇਸ਼ ਲਈ ਕੰਮ ਕਰਨਾ ਹੈ। ਸ੍ਰੀ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਜਿਹੀ ਰਾਜਨੀਤੀ ਕਰਨ ਵਾਲਿਆਂ ਲਈ ਇਸ਼ਾਰਾ ਕੀਤਾ ਕਿ ਕਰੋਨਾ ਖ਼ਿਲਾਫ਼ ਜੋ ਡਾਕਟਰ ਤੇ ਨਰਸਾਂ ਅੱਗੇ ਵੱਧ ਕੇ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਦੀ ਮਿਹਨਤ ਦੀ ਬੇਇੱਜ਼ਤੀ ਨਾ ਕੀਤੀ ਜਾਵੇ। ਉਨ੍ਹਾਂ ਜਾਅਲੀ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਬਹੁਤ ਗ਼ਲਤ ਹੈ ਤੇ ਲਾਸ਼ਾਂ ਪਈਆਂ ਹੋਣ ਬਾਰੇ ਕਈ ਅਜਿਹੀਆਂ ਵੀਡੀਓ ਸਾਹਮਣੇ ਆਈਆਂ, ਜੋ ਦਿੱਲੀ ਦੀਆਂ ਨਹੀਂ ਸਨ।

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ ਨਾਲ ਕਰੋਨਾ ਖ਼ਤਮ ਨਹੀਂ ਹੋ ਸਕਦਾ ਅਤੇ ਸਾਡੇ ਜੀਵਨ ’ਚ ਰਹੇਗਾ। ਇਸ ਲਈ ਦਿੱਲੀ ਨੂੰ ਪੂਰੀ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 5 ਜੂਨ ਤੱਕ ਕੁੱਲ 9500 ਬਿਸਤਰੇ ਤਿਆਰ ਹੋ ਜਾਣਗੇ। ਹੁਣ 6600 ਬਿਸਤਰੇ ਤਿਆਰ ਹਨ ਤੇ 2100 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਦਿੱਲੀ ਵੱਲੋਂ ਲੋੜ ਤੋਂ ਅੱਗੇ ਜਾ ਕੇ 4 ਗੁਣਾਂ ਵੱਧ ਤਿਆਰੀ ਕੀਤੀ ਹੋਈ ਹੈ।

ਉਨ੍ਹਾਂ ਦਿੱਲੀ ਵਾਸੀਆਂ ਨੂੰ ਨਾ ਘਬਰਾਉਣ ਦਾ ਹੌਸਲਾ ਦਿੰਦੇ ਹੋਏ ਕਿਹਾ ਕਿ ਕਰੋਨਾ ਮਾਮਲੇ ਵਧਣਾ ਚਿੰਤਾ ਦੀ ਗੱਲ ਹੈ ਪਰ ਘਬਰਾਉਣ ਦੀ ਲੋੜ ਨਹੀਂ। ਜ਼ਿਆਦਾਤਰ ਲੋਕ ਠੀਕ ਹੋ ਰਹੇ ਹਨ, ਉਹ ਵੀ ਘਰ ਹੀ ਰਹਿ ਕੇ। ਉਨ੍ਹਾਂ ਦੱਸਿਆ ਕਿ ਬੀਤੇ 15 ਦਿਨਾਂ ਦੌਰਾਨ 8500 ਮਾਮਲੇ ਸਾਹਮਣੇ ਆਏ ਪਰ ਹਸਪਤਾਲਾਂ ਵਿੱਚ 500 ਹੀ ਭਰਤੀ ਹੋਏ ਬਾਕੀਆਂ ਦਾ ਘਰਾਂ ’ਚ ਇਲਾਜ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਖਾਲੀ ਬਿਸਤਰਿਆਂ/ਵੈਂਟੀਲੈਟਰਾਂ ਦੇ ਵੇਰਵਿਆਂ ਲਈ ਸੋਮਵਾਰ ਤੋਂ ‘ਐਪ’ ਜਾਰੀ ਕੀਤੀ ਜਾਵੇਗੀ।

ਦਿੱਲੀ ਸਰਕਾਰ ਵਲੋਂ ਐਲਾਨੇ ਗਏ ਕਰੋਨਾ ਮਰੀਜ਼ਾਂ ਦੀ ਗਿਣਤੀ 18 ਹਜ਼ਾਰ ਤੋਂ ਵੱਧ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 18,549 ਹੋ ਗਈ ਹੈ ਤੇ ਅੱਜ 1,163 ਨਵੇਂ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕਾਂ ਦੀ ਸੰਖਿਆ 416 ਹੋ ਗਈ ਹੈ। 8,075 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।

Previous articleਕੈਦੀ ਫ਼ਰਾਰ ਮਾਮਲਾ: ਸਹਾਇਕ ਜੇਲ੍ਹ ਸੁਪਰਡੈਂਟ ਸਣੇ ਚਾਰ ਜਣੇ ਮੁਅੱਤਲ
Next articleਅਨੰਤਨਾਗ ’ਚ 7 ​​ਘੰਟੇ ਚੱਲਿਆ ਮੁਕਾਬਲਾ, ਅਤਿਵਾਦੀ ਫ਼ਰਾਰ