ਦਿੱਲੀ ਦੰਗਿਆਂ ’ਚ ਸ਼ਾਮਲ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ: ਸ਼ਾਹ

ਵਿਰੋਧੀ ਧਿਰ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ;

ਭਾਜਪਾ ਨੇ ਵਿਰੋਧੀ ਧਿਰਾਂ ਉੱਤੇ ਸਥਿਤੀ ਦੇ ਸਿਆਸੀਕਰਣ ਦਾ ਲਾਇਆ ਦੋਸ਼

ਨਵੀਂ ਦਿੱਲੀ -ਬੁੱੱਧਵਾਰ ਨੂੰ ਲੋਕ ਸਭਾ ਵਿੱਚ ਦਿੱਲੀ ਹਿੰਸਾ ਨੂੰ ਲੈ ਕੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਉਹ ਦਿੱਲੀ ਵਿੱਚ ਤਿੰਨ ਦਿਨ ਤੱਕ ਹੋਈ ਹਿੰਸਾ ਉੱਤੇ ਕਾਬੂ ਪਾਉਣ ਵਿੱਚ ਅਸਫਲ ਰਹੇ ਹਨ। ਦੂਜੇ ਪਾਸੇ ਭਾਜਪਾ ਨੇ ਵਿਰੋਧੀ ਧਿਰਾਂ ਉੱਤੇ ਸਥਿਤੀ ਨੂੰ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਵਰਤਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੰਗਿਆਂ ਵਿੱਚ ਸ਼ਾਮਲ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਭਾਵੇਂ ਕਿ ਉਹ ਕਿਸੇ ਵੀ ਪਾਰਟੀ,ਜਾਤ ਜਾਂ ਧਰਮ ਦਾ ਹੋਵੇ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਦੰਗਿਆਂ ਦੀ ਸਾਜਿਸ਼ ਘੜੀ ਗਈ ਸੀ। ਉਨ੍ਹਾਂ ਵਿਰੋਧੀ ਦੀ ਆਲੋਚਨਾ ਦੇ ਚੱਲਦਿਆਂ ਕਿਹਾ ਕਿ ਦਿੱਲੀ ਪੁਲੀਸ ਨੇ ਦੰਗੇ ਹੋਰ ਫੈਲਣ ਤੋਂ ਰੋਕ ਹਨ ਅਤੇ ਪੁਲੀਸ ਨੇ 36 ਘੰਟਿਆਂ ਵਿੱਚ ਦੰਗਿਆਂ ਉੱਤੇ ਕਾਬੂ ਪਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 2647 ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਉਨ੍ਹਾਂ ਦੇ ਕਹਿਣ ਉੱਤੇ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਤਾਂ ਜੋ ਦਿੱਲੀ ਪੁਲੀਸ ਦਾ ਹੌਸਲਾ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਦਿੱਲੀ ਹਿੰਸਾ ਉੱਤੇ ਚਰਚਾ ਹੋਲੀ ਤੋਂ ਬਾਅਦ ਹੋਵੇ ਤਾਂ ਜੋ ਜੋੋਂ ਹੋਰ ਫਿਰਕੂ ਨਫਰਤ ਨਾ ਫੈਲੇ। ਚਰਚਾ ਦੌਰਾਨ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਕਿਵੇਂ ਦਿੱਲੀ ਵਿੱਚ ਤਿੰਨ ਦਿਨ ਤੱਕ ਹਿੰਸਾ ਜਾਰੀ ਰਹੀ, ਜਦੋਂ ਕਿ ਦਿੱਲੀ ਪੁਲੀਸ ਪੂਰੀ ਤਰ੍ਹਾਂ ਹਥਿਆਰਬੰਦ ਹੈ। ਪ੍ਰਧਾਨ ਮੰਤਰੀ ਉੱਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ,‘ ਜਦੋਂ ਦਿੱਲੀ ਵਿੱਚ ਹਿੰਸਾ ਚੱਲ ਰਹੀ ਸੀ ਤਾਂ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਅਹਿਮਦਾਬਾਦ ਵਿੱਚ ਸਵਾਗਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕੌਮੀ ਸੁਰੱਖਿਆ ਸਲਾਹਕਾਰ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਸਥਿਤੀ ਕਾਬੂ ਹੇਠ ਆ ਗਈ। ਉਨ੍ਹਾਂ ਕਿਹਾ, ‘ਗ੍ਰਹਿ ਮੰਤਰੀ ਨੂੰ ਚੱਲਦਾ ਕਿਉਂ ਨਹੀਂ ਕੀਤਾ ਜਾਂਦਾ, ਕੌਮੀ ਸੁਰੱਖਿਆ ਸਲਾਹਕਾਰ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦਾ ਹੈ ਤਾਂ ਇਸ ਤੋਂ ਕੀ ਇਹ ਮੰਨੀਏ ਕਿ ਪ੍ਰਧਾਨ ਮੰਤਰੀ ਦਫਤਰ ਦਾ ਗ੍ਰਹਿ ਮੰਤਰਾਲੇ ਵਿੱਚ ਵਿਸ਼ਵਾਸ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ ਮੁਰਲੀਧਰ ਨੇ ਦਿੱਲੀ ਵਿੱਚ ਹਿੰਸਾ ਰੋਕਣ ’ਤੇ ਜਦੋਂ ਦਿੱਲੀ ਪੁਲੀਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਕੀਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਤਾਂ ਭਜਪਾ ਦੇ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਬਦਲੀ ਸੁਪਰੀਮ ਕੋਰਟ ਕੌਲਿਜੀਅਮ ਨੇ ਕੀਤੀ ਹੈ। ਸ਼ਾਹ ਦੇ ਅਸਤੀਫ਼ੇ ਦੀ ਮੰਗ ਦੀ ਹਮਾਇਤ ਟੀਐੱਮਸੀ ਦੀ ਸੌਗਾਤ ਰੌਇ ਅਤੇ ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ ਨੇ ਵੀ ਕੀਤੀ ਹੈ।

Previous articleCovid-19: India cancels all non-official visas, advises against travel abroad
Next articleਕਰੋਨਾਵਾਇਰਸ: ਇਟਲੀ ਵਿੱਚ ਮੌਤਾਂ ਦੀ ਗਿਣਤੀ 631 ਹੋਈ