ਦਿੱਲੀ ’ਚ ਪੁਲੀਸ ਮੁਲਾਜ਼ਮਾਂ ਵੱਲੋਂ ਹੈੱਡਕੁਆਰਟਰ ’ਤੇ ਧਰਨਾ

ਹਮਲਾ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਰੱਦ ਕਰਨ ਦੀ ਮੰਗ

* ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਤੇ ਇਨਸਾਫ਼ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
* ਤੀਸ ਹਜ਼ਾਰੀ ਅਦਾਲਤ ਕੰਪਲੈਕਸ ’ਚ ਪੁਲੀਸ ਤੇ ਵਕੀਲਾਂ ਵਿਚਾਲੇ ਹੋਏ ਟਕਰਾਅ ਦਾ ਮਾਮਲਾ

ਦਿੱਲੀ ਪੁਲੀਸ ਨੂੰ ਅੱਜ ਆਪਣੇ ਹੀ ਮੁਲਾਜ਼ਮਾਂ ਦੀ ‘ਬਗਾਵਤ’ ਦਾ ਸਾਹਮਣਾ ਕਰਨਾ ਪੈ ਗਿਆ। ਹਜ਼ਾਰਾਂ ਮੁਲਾਜ਼ਮਾਂ ਨੇ ਪੁਲੀਸ ਹੈੱਡਕੁਆਰਟਰ ਦੇ ਬਾਹਰ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਮਾਰ ਦਿੱਤਾ। ਸਵੇਰੇ ਸ਼ੁਰੂ ਹੋਇਆ ਧਰਨਾ ਕਈ ਘੰਟੇ ਜਾਰੀ ਰਿਹਾ ਦੇ ਦੇਰ ਰਾਤ ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਤੇ ਇਨਸਾਫ਼ ਦੇ ਭਰੋਸੇ ਮਗਰੋਂ ਪੁਲੀਸ ਮੁਲਾਜ਼ਮਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਪੁਲੀਸ ਮੁਖੀ ਵੱਲੋਂ ਕੰਮ ’ਤੇ ਪਰਤਣ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ। ਪੁਲੀਸ ਮੁਲਾਜ਼ਮ ਸ਼ਨਿਚਰਵਾਰ ਤੇ ਸੋਮਵਾਰ ਆਪਣੇ ਸਹਿਯੋਗੀਆਂ ’ਤੇ ਵਕੀਲਾਂ ਵੱਲੋਂ ਕੀਤੇ ਹਮਲੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ। ਇਸ ਦੌਰਾਨ ਇੰਡੀਅਨ ਪੁਲੀਸ ਸਰਵਿਸ (ਆਈਪੀਐੱਸ) ਨੇ ਤੀਸ ਹਜ਼ਾਰੀ ਕੋਰਟ ਵਿਚ ਦਿੱਲੀ ਪੁਲੀਸ ’ਤੇ ਹਮਲਾ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਹੋਏ ਟਕਰਾਅ ਵਿਚ 20 ਪੁਲੀਸ ਮੁਲਾਜ਼ਮ ਤੇ ਕਈ ਵਕੀਲ ਫੱਟੜ ਹੋ ਗਏ ਸਨ। ਇਕ ਹੋਰ ਮਾਮਲੇ ਵਿਚ ਸਾਕੇਤ ਜ਼ਿਲ੍ਹਾ ਅਦਾਲਤ ਦੇ ਬਾਹਰ ਇਕ ਪੁਲੀਸ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਵਾਲੇ ਵਕੀਲ ਖ਼ਿਲਾਫ਼ ਦੋ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ ਹਮਲਾ ਕਰਨ ਵਾਲੇ ਵਕੀਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲੀਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਤੇ ਉਨ੍ਹਾਂ ਵਿਰੁੱਧ ਦਰਜ ਕੇਸ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਹੈੱਡਕੁਆਰਟਰ ’ਤੇ ਸ਼ਾਂਤੀ ਬਣਾਏ ਰੱਖਣ ਦੀ ਬੇਨਤੀ ਕਰਨ ਆਏ ਅਧਿਕਾਰੀਆਂ ਸਾਹਮਣੇ ਪ੍ਰਦਰਸ਼ਨਕਾਰੀਆਂ ਨੇ ‘ਸਾਨੂੰ ਇਨਸਾਫ਼ ਚਾਹੀਦਾ ਹੈ’ ਅਤੇ ‘ਵਾਪਸ ਜਾਓ’ ਦੇ ਨਾਅਰੇ ਲਾਏ। ਕੁਝ ਮੁਲਾਜ਼ਮ ਵਰਦੀ ਤੇ ਕੁਝ ਆਮ ਕੱਪੜਿਆਂ ਵਿਚ ਸਨ। ਸ਼ਾਮ ਤੱਕ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਵੀ ਮੁਜ਼ਾਹਰੇ ਦੀ ਹਮਾਇਤ ਵਜੋਂ ਇੰਡੀਆ ਗੇਟ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾ ਰਹੇ ਮੁਲਾਜ਼ਮਾਂ ਨੂੰ ਮਨਾਉਣ ਲਈ ਪੁਲੀਸ ਕਮਿਸ਼ਨਰ ਅਮੁੱਲਯਾ ਪਟਨਾਇਕ ਦਫ਼ਤਰ ਤੋਂ ਬਾਹਰ ਆਏ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਪਟਨਾਇਕ ਨੇ ਕਿਹਾ ‘ਸਾਨੂੰ ਅਨੁਸ਼ਾਸਿਤ ਫੋਰਸ ਵਾਂਗ ਵਿਹਾਰ ਕਰਨ ਦੀ ਲੋੜ ਹੈ। ਸਰਕਾਰ ਤੇ ਲੋਕ ਪੁਲੀਸ ਤੋਂ ਕਾਨੂੰਨ ਦੀ ਰਾਖੀ ਦੀ ਆਸ ਰੱਖਦੀਆਂ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਤੇ ਮੈਂ ਤੁਹਾਨੂੰ ਡਿਊਟੀ ’ਤੇ ਪਰਤਣ ਦੀ ਅਪੀਲ ਕਰਦਾ ਹਾਂ।’ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਬਾਰੇ ਜੁਡੀਸ਼ੀਅਲ ਜਾਂਚ ਚੱਲ ਰਹੀ ਹੈ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜ਼ਖਮੀਆਂ ਨੂੰ ਘੱਟੋ-ਘੱਟ 25,000 ਰੁਪਏ ਦੀ ਮਦਦ ਦੇਣ ਦਾ ਭਰੋਸਾ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦਿੱਤਾ ਹੈ। ਕਮਿਸ਼ਨਰ ਨੇ ਇਸ ਮੌਕੇ ਮੁਲਾਜ਼ਮਾਂ ਨੂੰ ਪੂਰੀ ਨਿਰਪੱਖਤਾ ਨਾਲ ਜਾਂਚ ਦਾ ਭਰੋਸਾ ਵੀ ਦਿੱਤਾ। ਇਕ ਪੁਲੀਸ ਮੁਲਾਜ਼ਮ ਨੇ ਕਿਹਾ ਕਿ ‘ਸਾਡੇ ਲਈ ਖ਼ਾਕੀ ਦੀ ਮਾਣ-ਮਰਿਆਦਾ ਪਹਿਲਾਂ ਹੈ, ਇਸ ਤੋਂ ਬਾਅਦ ਹੀ ਡਿਊਟੀ ’ਤੇ ਜਾਵਾਂਗੇ।’ ਦਿੱਲੀ ਪੁਲੀਸ ਦੇ 80,000 ਤੋਂ ਵੱਧ ਮੁਲਾਜ਼ਮ ਹਨ। ਪੁਲੀਸ ਮੁਲਾਜ਼ਮਾਂ ਨੇ ਇਸ ਮੌਕੇ ‘ਰਖ਼ਵਾਲਿਆਂ ਨੂੰ ਰਾਖ਼ੀ ਦੀ ਲੋੜ’ ਜਿਹੇ ਬੈਨਰ ਫੜੇ ਹੋਏ ਸਨ। ਮੁਲਾਜ਼ਮਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਡਟਣ ਦੀ ਅਪੀਲ ਕੀਤੀ। ਇਕ ਔਰਤ ਕਾਂਸਟੇਬਲ ਨੇ ਕਿਹਾ ਕਿ ਜ਼ਖ਼ਮੀਆਂ ਦੀ ਕਿਸੇ ਅਧਿਕਾਰੀ ਤੇ ਸਿਆਸੀ ਆਗੂ ਨੇ ਬਾਤ ਤੱਕ ਨਹੀਂ ਪੁੱਛੀ। ਉਨ੍ਹਾਂ ਦੂਜੇ ਸੂਬਿਆਂ ਦੇ ਪੁਲੀਸ ਮੁਲਾਜ਼ਮਾਂ ਦੀ ਵੀ ਹਮਾਇਤ ਮੰਗੀ। ਇਸ ਦੌਰਾਨ ਆਈਟੀਓ ਲਾਗੇ ਸਥਿਤ ਪੁਲੀਸ ਹੈੱਡਕੁਆਰਟਰ ਨੂੰ ਜਾਂਦੇ ਰਾਹਾਂ ’ਤੇ ਜਾਮ ਲੱਗ ਗਏ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਾਕੇਤ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਵਿਰੋਧੀ ਧਿਰਾਂ ‘ਆਪ’ ਤੇ ਕਾਂਗਰਸ ਨੇ ਦਿੱਲੀ ਦੀਆਂ ਘਟਨਾਵਾਂ ਬਾਰੇ ਕੇਂਦਰ ਸਰਕਾਰ ’ਤੇ ਹੱਲਾ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ ਹੈ।

Previous articleਸਹਿਜ ਪਾਠ ਨਾਲ ਪ੍ਰਕਾਸ਼ ਪੁਰਬ ਸਮਾਗਮ ਸ਼ੁਰੂ
Next articleਪਰਾਲੀ ਸਾੜਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ