ਦਿੱਲੀ ’ਚ ਦੀਵਾਲੀ ਦੀ ਰਾਤ ਪਿਛਲੇ ਸਾਲ ਦੇ ਮੁਕਾਬਲੇ ਹਵਾ ਪ੍ਰਦੂਸ਼ਣ 30 ਫੀਸਦ ਘੱਟ

ਨਵੀਂ ਦਿੱਲੀ: ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਅੱਜ ਕਿਹਾ ਕਿ ਘੱਟ ਪਟਾਕਿਆਂ, ਸਾਰੀ ਰਾਤ ਚੱਲੀ ਗਸ਼ਤ ਅਤੇ ਹੋਰ ਕਦਮਾਂ ਕਾਰਨ ਇਸ ਵਾਰ ਦੀਵਾਲੀ ਦੀ ਰਾਤ ਨੂੰ ਪਿਛਲੇ ਸਾਲ ਦੇ ਮੁਕਾਬਲੇ ਪੀਐੱਮ2.5 ਅਤੇ ਪੀਐੱਮ10 ਦਾ ਪੱਧਰ 30 ਫੀਸਦ ਘਟਿਆ ਹੈ। ਡੀਪੀਸੀਸੀ ਵਲੋਂ ਜਾਰੀ ਬਿਆਨ ਰਾਹੀਂ ਕਿਹਾ ਗਿਆ ਕਿ ਪੂਰੀ ਦਿੱਲੀ ਵਿੱਚ ਖ਼ਤਰਨਾਕ ਪੀਐੱਮ2.5 ਅਤੇ ਪੀਐੱਮ10 ਕਣ 20 ਤੋਂ 50 ਫੀਸਦ ਤੱਕ ਘਟੇ ਹਨ, ਜਿਸ ਤੋਂ ਪਿਛਲੇ ਸਾਲਾਂ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਬਿਹਤਰ ਹੋਣ ਦੇ ਸੰਕੇਤ ਮਿਲਦੇ ਹਨ। ਕੌਮੀ ਰਾਜਧਾਨੀ ਵਿੱਚ ਸੋਮਵਾਰ ਦੀ ਸਵੇਰ ਪਟਾਕਿਆਂ, ਪਰਾਲੀ ਅਤੇ ਵਾਹਨਾਂ ਦੇ ਧੂੰਏਂ ਕਾਰਨ ਧੁੰਦ ਦੀ ਸੰਘਣੀ ਚਾਦਰ ਛਾਈ ਹੋਈ ਸੀ। ਭਾਵੇਂ ਅੱਜ ਦੇ ਦਿਨ ਇਸ ਸੀਜ਼ਨ ਦਾ ਹਵਾ ਦਾ ਮਿਆਰ ਸਭ ਤੋਂ ਮਾੜਾ ਰਿਕਾਰਡ ਕੀਤਾ ਗਿਆ ਪਰ ਸਰਕਾਰੀ ਏਜੰਸੀਆਂ ਅਨੁਸਾਰ ਪਿਛਲੇ ਸਾਲਾਂ ਦੀ ਦੀਵਾਲੀ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਬਿਹਤਰ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਡ ਬੋਰਡ ਦੇ ਅੰਕੜਿਆਂ ਅਨੁਸਾਰ ਦੀਵਾਲੀ ਮੌਕੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 368 ’ਤੇ ਸੀ, ਜੋ ਕਿ ਪਿਛਲੇ ਸਾਲ ਦੀ ਦੀਵਾਲੀ ਦੇ 642 ਦੇ ਸੂਚਕ ਅੰਕ ਤੋਂ ਕਿਤੇ ਬਿਹਤਰ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ਵਿੱਚ ਦੀਵਾਲੀ ਦੀ ਰਾਤ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਹਵਾ ਪ੍ਰਦੂਸ਼ਣ ਸੀ, ਜਿਸ ਦਾ ਕਾਰਨ ਘੱਟ ਪਟਾਕੇ ਚਲਾਉਣਾ ਸੀ। ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਦੀਵਾਲੀ ਦੀ ਰਾਤ ਤੋਂ ਬਾਅਦ ਅੱਜ ਸਵੇਰ ਵੇਲੇ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਇਸ ਸੀਜ਼ਨ ਦਾ ਸਭ ਤੋਂ ਮਾੜਾ ਰਿਕਾਰਡ ਕੀਤਾ ਗਿਆ ਪਰ ਸਰਕਾਰੀ ਏਜੰਸੀਆਂ ਦਾ ਦਾਅਵਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਹਾਲਾਤ ਅਜੇ ਵੀ ਬਿਹਤਰ ਹਨ। ਪ੍ਰੈੱਸ ਕਾਨਫਰੰਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਰਾਤ ਸਾਢੇ ਅੱਠ ਵਜੇ ਤੋਂ ਬਾਅਦ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਘੱਟ ਪਟਾਕੇ ਚੱਲੇ। ਪਹਿਲਾਂ ਅੱਜ ਸਵੇਰ ਵੇਲੇ ਦਿੱਲੀ ਦੇ ਵਾਤਾਵਰਨ ਮੰਤਰੀ ਕੈਲਾਸ਼ ਗਹਿਲੋਤ ਨੇ ਦਾਅਵਾ ਕੀਤਾ ਕਿ ਇਸ ਵਰ੍ਹੇ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਪਿਛਲੀ ਸਾਲ 2018 ਇਸ ਤਿਉਹਾਰ ਤੋਂ ਅਗਲੇ ਦਿਨ ਨਾਲੋਂ ਕਿਤੇ ਬਿਹਤਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੀ ਦੀਵਾਲੀ ਨਾਲੋਂ ਘੱਟ ਪਟਾਕੇ ਚੱਲੇ ਹਨ। ਇਸੇ ਦੌਰਾਨ ਦਿੱਲੀ ਦੇ ਫਾਇਰ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਵਿੱਚ ਦੀਵਾਲੀ ਮੌਕੇ ਅੱਗ ਲੱਗਣ ਦੀਆਂ 300 ਤੋਂ ਵੱਧ ਘਟਨਾਵਾਂ ਵਾਪਰੀਆਂ। ਕਈ ਥਾਈਂ ਕੂੜੇ ਦੇ ਢੇਰਾਂ ਨੂੰ ਅੱਗ ਲੱਗੀ ਅਤੇ ਕੇਂਦਰੀ ਦਿੱਲੀ ਵਿੱਚ ਅੱਗ ਲੱਗਣ ਕਾਰਨ ਇੱਕ ਦੁਕਾਨ ਸੜ ਗਈ।

Previous articleਗੂੰਗੇ ਬੋਲੇ ਬੱਚਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ
Next articleਇਮਰਾਨ ਨੇ ਰੱਖਿਆ ਬਾਬਾ ਨਾਨਕ ’ਵਰਸਿਟੀ ਦਾ ਨੀਂਹ ਪੱਥਰ