ਦਿੱਲੀ ’ਚ ਕਰੋਨਾਵਾਇਰਸ ਕਾਰਨ ਦੋ ਸਕੂਲ ਬੰਦ

ਪੀੜਤ ਵਿਅਕਤੀ ਦੇ ਬੱਚੇ ਦਾ ਸਕੂਲ ਵੀ ਸ਼ਾਮਿਲ; ਬੱਚਿਆਂ ਦੇ ਸੈਂਪਲ ਜਾਂਚ ਲਈ ਭੇਜੇ

ਕਰੋਨਾਵਾਇਰਸ ਦੇ ਡਰੋਂ ਦੋ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਅਗਲੇ ਕੁਝ ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਹਨ। ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਕ ਵਿਦਿਆਰਥੀ ਦੇ ਪਿਤਾ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸੁਰੱਖਿਆ ਪੱਖੋਂ ਸਕੂਲ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਦੋਵਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲ ਬੰਦ ਰੱਖਣ ਸਬੰਧੀ ਸੁਨੇਹਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੇਜ ਦਿੱਤਾ ਹੈ। ਚੇਤੇ ਰਹੇ ਕੇਂਦਰੀ ਸਿਹਤ ਮੰਤਰਾਲੇ ਨੇ ਇਕ ਦਿਨ ਪਹਿਲਾਂ ਕਰੋਨਾਵਾਇਰਸ ਦੇ ਦੋ ਤਾਜ਼ਾ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚੋਂ ਇਕ ਦਿੱਲੀ ਨਾਲ ਸਬੰਧਤ ਹੈ। ਇਹ ਵਿਅਕਤੀ ਕੁਝ ਕੁ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਹੈ। ਪਿਛਲੇ ਹਫ਼ਤੇ ਇਸ ਨੇ ਆਪਣੇ ਬੱਚੇ ਦੇ ਜਨਮਦਿਨ ’ਤੇ ਪਾਰਟੀ ਦਿੱਤੀ ਸੀ ਜਿਸ ਵਿੱਚ ਸਕੂਲ ਦੇ ਕੁਝ ਬੱਚੇ ਵੀ ਸ਼ਾਮਲ ਹੋਏ ਸਨ। ਕਰੋਨਾਵਾਇਰਸ ਫੈਲਣ ਦੇ ਡਰੋਂ ਇਸ ਬੱਚੇ ਦੇ ਪ੍ਰਾਇਮਰੀ ਸਕੂਲ ਨੂੰ ਚਾਰ ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਕੂਲ ਦੇ ਪੰਜ ਵਿਦਿਆਰਥੀਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੋਈ ਬੱਚਾ ਇਸ ਲਾਗ ਤੋਂ ਪ੍ਰਭਾਵਿਤ ਤਾਂ ਨਹੀਂ। ਇਕ ਦਿਨ ਪਹਿਲਾਂ ਸਕੂਲ ਪ੍ਰਬੰਧਕਾਂ ਨੇ ਕਿਹਾ ਸੀ ਕਿ ਕੁਝ ਨਾ ਟਾਲਣਯੋਗ ਕਾਰਨਾਂ ਕਰਕੇ ਮੰਗਲਵਾਰ ਨੂੰ ਹੋਣ ਵਾਲੀਆਂ ਅੰਦਰੂਨੀ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ ਪਰ ਬੋਰਡ ਪ੍ਰੀਖਿਆਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਇਹ ਗੱਲ ਮਾਪਿਆਂ ਨੂੰ ਸਪੱਸ਼ਟ ਕਰ ਦਿੱਤੀ ਗਈ ਹੈ।
ਦੂਜਾ ਸਕੂਲ 9 ਮਾਰਚ ਤੱਕ ਬੰਦ ਰਹੇਗਾ। ਅਧਿਕਾਰੀਆਂ ਦੱਸਿਆ ਕਿ ਨੋਇਡਾ ਦੇ ਮੁੱਖ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸਵੇਰੇ ਇਕ ਸਕੂਲ ਦਾ ਦੌਰਾ ਕੀਤਾ ਸੀ। ਇਸੇ ਦੌਰਾਨ ਕਰੋਨਾਵਾਇਰਸ ਪੀੜਤ ਦਿੱਲੀ ਵਾਸੀ ਦੇ ਪਰਿਵਾਰਕ ਜੀਆਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਜਾਂਚ ਲਈ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਘਰਾਂ ਵਿੱਚ ਹੀ ਰਹਿਣ ਲਈ ਆਖਿਆ ਗਿਆ ਹੈ। ਨੋਇਡਾ ਦੇ ਐੱਸਐੱਮਓ ਅਨੁਰਾਗ ਭਾਰਗਵ ਨੇ ਦੱਸਿਆ ਕਿ ਮਯੂਰ ਵਿਹਾਰ ਦੇ ਕਰੋਨਾਵਾਇਰਸ ਪੀੜਤ ਵਿਅਕਤੀ ਨੇ ਪਿਛਲੇ ਹਫ਼ਤੇ ਜਨਮਦਿਨ ਪਾਰਟੀ ਦਿੱਤੀ ਸੀ ਜਿਸ ਵਿੱਚ ਕਈ ਲੋਕ ਸ਼ਾਮਲ ਹੋਏ ਸਨ। ਸੀਨੀਅਰ ਡਾਕਟਰ ਨੇ ਲੋਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਰੋਨਾਵਾਇਰਸ ਦੇ ਡਰੋਂ ਇਟਲੀ, ਇਰਾਨ, ਦੱਖਣੀ ਕੋਰੀਆ, ਜਪਾਨ ਤੋਂ ਭਾਰਤ ਵਿੱਚ ਆਉਣ ਵਾਲਿਆਂ ਦੇ ਸਾਰੇ ਰੈਗੂਲਰ ਵੀਜ਼ਾ ਤੇ ਈ-ਵੀਜ਼ਾ ਮੁਲਤਵੀ ਕਰ ਦਿੱਤੇ ਹਨ।

Previous articleਲੋਕ ਸਭਾ ’ਚ ਦਿੱਲੀ ਹਿੰਸਾ ਮੁੱਦੇ ’ਤੇ ਦੂਜੇ ਦਿਨ ਵੀ ਹੰਗਾਮਾ
Next articleਸ਼ਾਹਰੁਖ਼ ਪਠਾਨ ਯੂਪੀ ਤੋਂ ਗ੍ਰਿਫ਼ਤਾਰ