ਦਿੱਲੀ ’ਚ ਅੱਗ ਕਾਰਨ ਤਿੰਨ ਬੱਚਿਆਂ ਸਮੇਤ 9 ਹਲਾਕ

ਕਿਰਾੜੀ ਇਲਾਕੇ ’ਚ ਤਿੰਨ-ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ

* ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

* ਇਮਾਰਤ ਦੀ ਜ਼ਮੀਨੀ ਮੰਜ਼ਿਲ ’ਤੇ ਸੀ ਕੱਪੜਿਆਂ ਦਾ ਗੋਦਾਮ

ਬਾਹਰੀ ਦਿੱਲੀ ਦੇ ਕਿਰਾੜੀ ਇਲਾਕੇ ’ਚ ਐਤਵਾਰ ਦੇਰ ਰਾਤ ਤਿੰਨ-ਮੰਜ਼ਿਲਾ ਰਿਹਾਇਸ਼ੀ ਤੇ ਵਪਾਰਕ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 9 ਵਿਅਕਤੀ ਮਾਰੇ ਗਏ। ਐਤਵਾਰ ਅੱਧੀ ਰਾਤ ਤੋਂ ਬਾਅਦ ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਇਮਾਰਤ ਦੇ ਹੇਠਾਂ ਕੱਪੜਿਆਂ ਦਾ ਗੋਦਾਮ ਸੀ ਜਦਕਿ ਬਾਕੀ ਮੰਜ਼ਿਲਾਂ ’ਤੇ ਲੋਕ ਰਹਿੰਦੇ ਸਨ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀ ਮੁਤਾਬਕ ਅੱਗ ’ਤੇ ਤੜਕੇ 3 ਵੱਜ ਕੇ 50 ਮਿੰਟ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਰਟ ਸਰਕਿਟ ਕਾਰਨ ਲੱਗੀ ਸੀ। ਦੂਜੀ ਮੰਜ਼ਿਲ ’ਤੇ ਸਿਲੰਡਰ ਫਟਣ ਕਰਕੇ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਮ੍ਰਿਤਕਾਂ ’ਚ ਮਾਲਕ ਰਾਮ ਚੰਦਰ ਝਾਅ (65), ਸੁਦਰੀਆ ਦੇਵੀ (58), ਸੰਜੂ ਝਾਅ (36), ਮਾਲਕ ਦੀ ਸੱਸ ਗੁੱਡਨ, ਉਦੇ ਚੌਧਰੀ ਅਤੇ ਉਸ ਦੀ ਪਤਨੀ ਮੁਸਕਾਨ, ਬੱਚੇ ਅੰਜਲੀ (10), ਆਦਰਸ਼ (7) ਅਤੇ ਛੇ ਮਹੀਨਿਆਂ ਦੀ ਤੁਲਸੀ ਸ਼ਾਮਲ ਹਨ। ਪੁਲੀਸ ਅਧਿਕਾਰੀ ਮੁਤਾਬਕ ਪੂਜਾ (24) ਅਤੇ ਉਸ ਦੀਆਂ ਧੀਆਂ ਸੌਮਿਆ (10) ਤੇ ਅਰਾਧਿਆ (3) ਨੇ ਨਾਲ ਦੀ ਇਮਾਰਤ ’ਚ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਹਨ। ਰਾਮ ਚੰਦਰ ਝਾਅ ਨੇ ਹੇਠਲੀ ਥਾਂ ਵਿਜੈ ਸਿੰਘ ਕਟਾਰਾ ਨੂੰ ਕਿਰਾਏ ’ਤੇ ਦਿੱਤੀ ਹੋਈ ਸੀ ਜਿਸ ਨੇ ਦਾਅਵਾ ਕੀਤਾ ਕਿ ਉਸ ਦਾ 20 ਲੱਖ ਰੁਪਏ ਦਾ ਕੱਪੜਾ ਸੜ ਗਿਆ ਹੈ। ਉਸ ਦਾ ਇਕ ਹੋਰ ਲੜਕਾ ਅਮਰਨਾਥ ਝਾਅ ਆਪਣੇ ਭਰਾ ਦੀ ਮੌਤ ਮਗਰੋਂ ਉਸ ਦੀਆਂ ਅੰਤਿਮ ਰਸਮਾਂ ਲਈ ਹਰਿਦੁਆਰ ਗਿਆ ਹੋਇਆ ਸੀ। ਬੀਤੇ ਮਹੀਨਿਆਂ ਦੌਰਾਨ ਅੱਗ ਦੀਆਂ ਤਿੰਨ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਰਾਣੀ ਦਿੱਲੀ ਦੇ ਅਨਾਜ ਮੰਡੀ ਖੇਤਰ ’ਚ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਨੀਕਾਂਡ ’ਤੇ ਦੁੱਖ ਪ੍ਰਗਟ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਉਠਾਏਗੀ ਅਤੇ ਹਰੇਕ ਨੂੰ ਇੱਕ-ਇੱਕ ਲੱਖ ਰੁਪਏ ਦੇਵੇਗੀ।

Previous articleਬਠਿੰਡਾ ਏਮਜ਼: ਕੇਂਦਰੀ ਸਿਹਤ ਮੰਤਰੀ ਵੱਲੋਂ ‘ਓਪੀਡੀ ਸੇਵਾ’ ਦਾ ਮਹੂਰਤ
Next articleਕਾਂਗਰਸ ਵੱਲੋਂ ਰਾਜਘਾਟ ’ਤੇ ‘ਏਕਤਾ ਲਈ ਸੱਤਿਆਗ੍ਰਹਿ’