ਦਿੱਲੀ ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ’ਚ 57 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ‘ਆਪ’ ਤੋਂ ਬਾਗ਼ੀ ਹੋਏ ਕਪਿਲ ਮਿਸ਼ਰਾ ਨੂੰ ਵੀ ਟਿਕਟ ਦਿੱਤੀ ਗਈ ਹੈ ਤੇ ਦੋ ਸਿੱੱਖ ਉਮੀਦਵਾਰ ਆਰਪੀ ਸਿੰਘ (ਰਾਜਿੰਦਰ ਨਗਰ ਹਲਕਾ) ਤੇ ਇਮਰਤ ਸਿੰਘ (ਜੰਗਪੁਰਾ) ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਹਲਕਿਆਂ ਦੀ ਵੰਡ ਦੇ ਚੱਲ ਰਹੇ ਰੇੜਕੇ ਕਾਰਨ ਉਨ੍ਹਾਂ ਸੰਭਾਵੀ ਹਲਕਿਆਂ ਨੂੰ ਅਜੇ ਖਾਲੀ ਛੱਡਿਆ ਗਿਆ ਹੈ।
ਦਿੱਲੀ ਭਾਜਪਾ ਦੇ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਹਾਜ਼ਰੀ ’ਚ ਉਮੀਦਵਾਰਾਂ ਦਾ ਐਲਾਨ ਕੀਤਾ। ਮੌਜੂਦਾ ਵਿਧਾਇਕਾਂ ਵਜਿੰਦਰ ਗੁਪਤਾ (ਰੋਹਿਣੀ ਹਲਕਾ), ਓਪੀ ਸ਼ਰਮਾ (ਵਿਸ਼ਵਾਸ ਨਗਰ) ਤੇ ਜਗਦੀਸ਼ ਪ੍ਰਧਾਨ (ਮੁਸਤਫ਼ਾਬਾਦ) ਸਮੇਤ ਸਾਬਕਾ ਮੇਅਰ ਰਵਿੰਦਰ ਗੁਪਤਾ (ਮਟੀਆ ਮਹਿਲ) ਤੇ ਯੋਗਿੰਦਰ ਚੰਡੋਲੀਆ (ਕਰੋਲ ਬਾਗ਼) ਨੂੰ ਟਿਕਟ ਦੇਣ ਦੇ ਨਾਲ-ਨਾਲ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਨੁਸੂਚਿਤ ਜਾਤੀ ਦੇ 11 ਤੇ ਚਾਰ ਔਰਤਾਂ ਨੂੰ ਵੀ ਇਸ ਸੂਚੀ ਵਿੱਚ ਥਾਂ ਦਿੱਤੀ ਗਈ ਹੈ।
ਭਾਜਪਾ ਵੱਲੋਂ ਅਜੇ ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਨਹੀਂ ਐਲਾਨਿਆ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ। ਕਾਂਗਰਸ ਤੇ ਭਾਜਪਾ ਦੋਵੇਂ ਇੱਥੋਂ ਚੋਣ ਲੜਾਉਣ ਲਈ ਮਜ਼ਬੂਤ ਉਮੀਦਵਾਰਾਂ ਦੀ ਤਲਾਸ਼ ’ਚ ਹਨ। ਹਰੀ ਨਗਰ, ਰਾਜੌਰੀ ਗਾਰਡਨ, ਕਾਲਕਾ ਜੀ, ਝਿਲਮਿਲ ਕਲੋਨੀ ਤੇ ਸ਼ਾਹਦਰਾ ਵਰਗੇ ਆਦਿ ਹਲਕਿਆਂ ’ਤੇ ਅਜੇ ਭਾਜਪਾ ਨੇ ਉਮੀਦਵਾਰ ਨਹੀਂ ਐਲਾਨੇ ਕਿਉਂਕਿ ਇਹ ਹਲਕੇ ਅਕਾਲੀਆਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।

Previous articleਕੌਂਸਲਰ ਅਰੁਣ ਸੂਦ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਬਣੇ
Next articleਆਰਐੱਸਐੱਸ ਹੁਣ ਆਬਾਦੀ ’ਤੇ ਕਾਬੂ ਪਾਉਣ ਉੱਪਰ ਦੇਵੇਗਾ ਜ਼ੋਰ