ਦਿੱਲੀ ਕਮੇਟੀ ਵੱਲੋਂ ਕਰੋਨਾ ਕੇਅਰ ਸੈਂਟਰ ਚਲਾਉਣ ਦੀ ਪੇਸ਼ਕਸ਼

ਨਵੀਂ ਦਿੱਲੀ (ਸਮਾਜਵੀਕਲੀ):    ਕੌਮੀ ਰਾਜਧਾਨੀ ਵਿਚ ਹਸਪਤਾਲਾਂ ਵਿਚ ਬਿਸਤਰਿਆਂ ਦੀ ਵਧ ਰਹੀ ਮੰਗ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਵੱਖ ਵੱਖ ਗੁਰਦੁਆਰਾ ਕੰਪਲੈਕਸ ਵਿਚ 850 ਬਿਸਤਰਿਆਂ ਵਾਲੇ ਕਰੋਨਾ ਕੇਅਰ ਸੈਂਟਰ ਸਥਾਪਤ ਕਰੇਗੀ।

ਇੱਥੇ ਘੱਟ ਬੁਖਾਰ, ਗਲਾ ਖਰਾਬ ਤੇ ਹੋਰ ਘੱਟ ਲੱਛਣਾਂ ਵਾਲੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ।   ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਫੈਸਲੇ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਹੈ ਜਿਸ ਵਿਚ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਲੋੜਵੰਦ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਰਾਹਤ ਪਹੁੰਚਾਉਣ ਲਈ ਦਿੱਲੀ ਕਮੇਟੀ ਵੱਲੋਂ ਇਹ ਕਰੋਨਾ ਕੇਅਰ ਸੈਂਟਰ ਤੁਰੰਤ ਚਲਾਉਣ ਲਈ ਲੋੜੀਂਦੀ ਪ੍ਰਵਾਨਗੀ ਦੇਵੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਸਕੱਤਰ ਵਿਜੇ ਕੁਮਾਰ ਦੇਵ ਨਾਲ ਵੀ ਇਹ ਮਾਮਲਾ ਵਿਚਾਰਿਆ ਹੈ ਜਿਨ੍ਹਾਂ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਤੋਂ ਛੇਤੀ ਸਰਕਾਰ ਕੋਲ ਇਹ ਮਾਮਲਾ ਉਠਾਉਣਗੇ ਤੇ ਇਸਦੀ ਘੋਖ ਕਰਵਾਉਣਗੇ ਤਾਂ ਜੋ ਇਨ੍ਹਾਂ ਸੈਂਟਰਾਂ ਦੀ ਛੇਤੀ ਤੋਂ ਛੇਤੀ ਵਰਤੋਂ ਸ਼ੁਰੂ ਕੀਤੀ ਜਾ ਸਕੇ। ਸ੍ਰੀ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਨਾਲ ਵੀ ਇਹ ਮਾਮਲਾ ਵਿਚਾਰਿਆ ਹੈ ਜਿਨ੍ਹਾਂ ਹਾਂ ਪੱਖੀ ਹੁੰਗਾਰਾ ਦਿੰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਇਹ ਮਾਮਲਾ ਉਠਾਉਣਗੇ।

Previous articleਰਾਜਧਾਨੀ ਦੇ ਪੰਜ ਤਾਰਾ ਹੋਟਲ ਬਣੇ ਹਸਪਤਾਲ
Next articleਕੋਵਿਡ-19: ਕੇਸਾਂ ਦੀ ਗਿਣਤੀ 3.43 ਲੱਖ ਹੋਈ; ਮੌਤਾਂ ਦਾ ਅੰਕੜਾ ਦਸ ਹਜ਼ਾਰ ਨੇੜੇ ਢੁੱਕਿਆ