ਦਹਿਸ਼ਤਗਰਦਾਂ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਹਮਲੇ ਕਰਵਾ ਕੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਅੱਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਨਾਲ ਸਿੱਝਣ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇਗੀ। ਦਿੱਲੀ ਤੋਂ ਵਾਰਾਨਸੀ ਤਕ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਉਣ ਦੇ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਮੈਂ ਦਹਿਸ਼ਤੀ ਜਥੇਬੰਦੀਆਂ ਅਤੇ ਉਨ੍ਹਾਂ ਨੂੰ ਸਹਾਇਤਾ ਦੇਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਬਹੁਤ ਭਾਰੀ ਗਲਤੀ ਕੀਤੀ ਹੈ। ਉਨ੍ਹਾਂ ਨੂੰ ਹਮਲਿਆਂ ਲਈ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਮੈਂ ਮੁਲਕ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਮਿਲੇਗੀ।’’ ਆਪਣੇ ਸਖ਼ਤ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਖੂਨ ਖੌਲ ਰਿਹਾ ਹੈ ਅਤੇ ਗੁਆਂਢੀ ਮੁਲਕ ਸੋਚਦਾ ਹੈ ਕਿ ਅਜਿਹੇ ਦਹਿਸ਼ਤੀ ਹਮਲਿਆਂ ਨਾਲ ਉਹ ਭਾਰਤ ਨੂੰ ਅਸਥਿਰ ਕਰ ਦੇਵੇਗਾ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਬਾਅਦ ’ਚ ਝਾਂਸੀ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਉਹ ‘ਠੂਠਾ ਫੜ’ ਕੇ ਵੱਖ ਵੱਖ ਮੁਲਕਾਂ ਕੋਲ ਜਾਣ ਲਈ ਮਜਬੂਰ ਹੋ ਗਏ ਹਨ ਅਤੇ ਇਹ ਹਮਲਾ ਉਸੇ ਲਾਚਾਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੀਆਰਪੀਐਫ ਦੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ ਅਤੇ ਸੁਰੱਖਿਆ ਬਲਾਂ ਨੂੰ ਆਪਣੇ ਸਮੇਂ, ਸਥਿਤੀ ਅਤੇ ਸਥਾਨ ਦੇ ਹਿਸਾਬ ਨਾਲ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। -ਪੀਟੀਆਈ

Previous articleਪੁਲਵਾਮਾ ਹਮਲੇ ਵਿੱਚ ਸ਼ਹੀਦ ਜਵਾਨਾਂ ’ਚੋਂ ਚਾਰ ਪੰਜਾਬ ਦੇ
Next articleਪ੍ਰਦਰਸ਼ਨਾਂ ਮਗਰੋਂ ਜੰਮੂ ਵਿੱਚ ਕਰਫ਼ਿਊ ਲਾਇਆ