ਦਸ ਕਿੱਲੋ ਅਫੀਮ ਸਮੇਤ ਦੋ ਕਾਬੂ; 19 ਲੱਖ ਰੁਪਏ ਵੀ ਬਰਾਮਦ

ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਵਰਿੰਦਰ ਸਿੰਘ ਬਰਾੜ ਨੇ ਬਾਅਦ ਦੁਪਹਿਰ ਸੱਦੀ ਪ੍ਰੈੱਸ ਕਾਨਫਰੰਸ’ਚ ਖੁਲਾਸਾ ਕਰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਅਰੰਭੀ ਮੁਹਿੰਮ ਦੇ ਚਲਦਿਆਂ ਪੁਲੀਸ ਨੇ ਨਾਕੇ ਦੌਰਾਨ ਸ਼ੱਕੀ ਹਾਲਤ ’ਚ ਦੋ ਕਾਰ ਸਵਾਰਾਂ ਕੋਲੋਂ 10 ਕਿੱਲੋ ਅਫੀਮ ਅਤੇ 18 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਸੀਨੀਅਰ ਪੁਲੀਸ ਕਪਤਾਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ’ਚ ਤਾਇਨਾਤ ਐਸ.ਪੀ.(ਜਾਂਚ) ਤਰੁਨਰਤਨ ਦੀ ਅਗਵਾਈ ਹੇਠ ਡੀ.ਐੱਸ.ਪੀ. ਅਮਨਦੀਪ ਬਰਾੜ, ਡੀ.ਐੱਸ.ਪੀ. ਗੁਰਮੀਤ ਸਿੰਘ ਰਾਏਕੋਟ ਅਤੇ ਐੱਸ.ਐੱਚ.ਓ. ਸਿਮਰਜੀਤ ਸਿੰਘ ਥਾਣਾ ਸਦਰ ਜਗਰਾਉਂ ਨੇ ਬੀਤੇ ਕੱਲ ਸ਼ਾਮੀ 5 ਵਜੇ ਦੇ ਕਰੀਬ ਨਹਿਰੀ ਪੁੱਲ ਦੱਧਾਹੂਰ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ। ਨਾਕੇ ਤੇ ਗਰੇਅ ਰੰਗ ਦੀ ਡਬਲਿਊ.ਬੀ. 74ਏ.ਵੀ. 5565 ਨੂੰ ਸ਼ੱਕੀ ਤੌਰ ’ਤੇ ਰੋਕ ਕੇ ਪੁੱਛ-ਗਿੱਛ ਕੀਤੀ ਤਾਂ ਉਸਦੇ ਡਰਾਇਵਰ ਨੇ ਆਪਣਾ ਨਾਮ ਸੁੱਖਜਿੰਦਰ ਸਿੰਘ ਵਾਸੀ ਰਾਏਕੋਟ ਹਾਲ ਵਾਸੀ ਥਾਣਾ ਫਾਂਸੀਦੇਵਾ ਜ਼ਿਲ੍ਹਾ ਦਾਰਜੀਲਿੰਗ (ਪੱਛਮੀ ਬੰਗਾਲ) ਅਤੇ ਉਸਦੇ ਦੂਸਰੇ ਸਾਥੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਵਾਸੀ ਅਕਾਲ ਪੱਤੀ ਮਹਿਣਾ (ਮੀਆਲਾਨੀ ) ਹਾਲ ਵਾਸੀ ਸਿਲੀਗੁੜੀ (ਪੱਛਮੀ ਬੰਗਾਲ) ਦੱਸਿਆ।
ਪੁਲੀਸ ਅਧਿਕਾਰੀਆਂ ਅਨੁਸਾਰ ਜਦੋਂ ਸ਼ੱਕ ਦੇ ਅਧਾਰ ’ਤੇ ਗੱਡੀ ਦੀ ਡਿੱਗੀ ਖੋਲ੍ਹ ਕੇ ਦੇਖੀ ਤਾਂ ਵਿਚੋਂ ਇੱਕ ਲਿਫਾਫਾ ਮਿਲਿਆ। ਜਾਂਚ ਕਰਨ ਤੇ ਉਸ ਵਿੱਚ ਅਫੀਮ ਮਿਲੀ। ਗੱਡੀ ਦਾ ਡੈਸ਼ ਬੋਰਡ ਖੋਲ੍ਹਿਆ ਤਾਂ ਉਸ ਵਿੱਚੋਂ 18.60 ਲੱਖ ਰੁਪਏ ਮਿਲੇ ਰੁਪਇਆਂ ਸਬੰਧੀ ਉਨ੍ਹਾਂ ਆਖਿਆ ਕਿ ਇਹ ਉਨਾਂ ਦੀ ਪੈਲੀ ਦਾ ਬਿਆਨਾਂ ਹੈ ਜਿਸ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਪੁਲੀਸ ਨੇ ਮਾਮਲਾ ਦਰਜ ਕਰਨ ਉਪਰੰਤ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਸੁਖਜਿੰਦਰ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਉੱਪਰ ਭੁੱਕੀ ਚੂਰੇ ਦਾ ਪਹਿਲਾਂ ਇਕ ਹੋਰ ਮਾਮਲਾ ਪੱਛਮੀ ਬੰਗਾਲ ’ਚ ਵੀ ਦਰਜ ਹੈ।

Previous articleਸ਼ਰਾਬ ਫੈਕਟਰੀ ਵਿੱਚ ਅੱਗ ਦੇ ਭਾਂਬੜ ਮੱਚੇ; ਕਾਮੇ ਦੀ ਮੌਤ
Next articleਇਮਰਾਨ ਵੱਲੋਂ ਖਾਲੀ ਕੀਤੀਆਂ ਸੀਟਾਂ ਵਿਰੋਧੀ ਧਿਰ ਨੇ ਜਿੱਤੀਆਂ