ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਖਰਚ ਚੁੱਕੇਗੀ ਸਰਕਾਰ: ਬਾਜਵਾ

ਐਸ.ਏ.ਐਸ. ਨਗਰ (ਮੁਹਾਲੀ)- ਇੱਥੋਂ ਦੇ ਫੇਜ਼-6 ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਜ਼ੇਰੇ ਇਲਾਜ ਉੱਘੀ ਲੇਖਕਾ ਡਾ. ਦਲੀਪ ਕੌਰ ਟਿਵਾਣਾ (85) ਦੀ ਖ਼ਬਰ ਲੈਣ ਲਈ ਅੱਜ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਹਸਪਤਾਲ ਪਹੁੰਚੇ। ਜ਼ਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਪਿਛਲੀ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ।
ਪਿਛਲੀ ਦਿਨੀਂ ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਦਾਖਲ ਕੀਤਾ ਗਿਆ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਬੀਤੇ ਦਿਨ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਹਸਪਤਾਲ ਵਿੱਚ ਪਹੁੰਚ ਕੇ ਡਾ. ਟਿਵਾਣਾ ਦਾ ਹਾਲ ਜਾਣਿਆ ਸੀ।
ਇਸ ਮਗਰੋਂ ਉਨ੍ਹਾਂ ਕੈਬਨਿਟ ਮੰਤਰੀ ਸ੍ਰੀ ਬਾਜਵਾ ਅਤੇ ਡੀਸੀ ਗਿਰੀਸ਼ ਦਿਆਲਨ ਨਾਲ ਫੋਨ ’ਤੇ ਗੱਲ ਕਰਕੇ ਡਾ. ਟਿਵਾਣਾ ਦਾ ਮੁਫ਼ਤ ਇਲਾਜ ਕਰਵਾਉਣ ਦੀ ਗੁਹਾਰ ਲਗਾਈ ਗਈ ਸੀ। ਅੱਜ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਤਰੀ ਤੇ ਅਧਿਕਾਰੀ ਹਸਪਤਾਲ ਪਹੁੰਚੇ। ਸ੍ਰੀ ਬਾਜਵਾ ਨੇ ਡਾ. ਟਿਵਾਣਾ ਦੀ ਦੇਖਭਾਲ ਕਰ ਰਹੇ ਪਰਿਵਾਰਕ ਮੈਂਬਰਾਂ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਸ੍ਰੀ ਬਾਜਵਾ ਨੇ ਐਲਾਨ ਕੀਤਾ ਕਿ ਡਾ. ਟਿਵਾਣਾ ਦੇ ਇਲਾਜ ’ਤੇ ਜੋ ਵੀ ਖਰਚਾ ਆਏਗਾ, ਉਹ ਪੰਜਾਬ ਸਰਕਾਰ ਚੁੱਕੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਟਿਵਾਣਾ ਦੀ ਹਾਲਤ ਬਾਰੇ ਪਤਾ ਲਗਦੇ ਹੀ ਮੁੱਖ ਮੰਤਰੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਕਿ ਉਹ ਹਸਪਤਾਲ ਵਿੱਚ ਜਾ ਕੇ ਉਨ੍ਹਾਂ ਦੀ ਖ਼ਬਰ-ਸਾਰ ਲੈਣ।
ਉਨ੍ਹਾਂ ਨਾਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐੱਸਡੀਐੱਮ ਜਗਦੀਪ ਸਹਿਗਲ, ਉਨ੍ਹਾਂ ਦੇ ਪਤੀ ਡਾ. ਭੁਪਿੰਦਰ ਸਿੰਘ, ਪੁੱਤਰ ਡਾ. ਸਿਮਰਨਜੀਤ ਸਿੰਘ ਅਤੇ ਮੰਤਰੀ ਦੇ ਓਐੱਸਡੀ ਗੁਰਦਰਸ਼ਨ ਸਿੰਘ ਬਾਹੀਆ ਵੀ ਸਨ ਜਦਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।

Previous articleਸਿੰਧੂ ਦੀ ਹਾਰ ਨਾਲ ਇੰਡੋਨੇਸ਼ੀਆ ਮਾਸਟਰਜ਼ ’ਚ ਭਾਰਤੀ ਚੁਣੌਤੀ ਸਮਾਪਤ
Next articleਸੰਜੈ ਰਾਊਤ ਨੇ ਇੰਦਰਾ ਗਾਂਧੀ ਬਾਰੇ ਦਿੱਤਾ ਬਿਆਨ ਵਾਪਸ ਲਿਆ