ਦਰੱਖਤ ਵੱਢਣ ਦਾ ਮਾਮਲਾ: ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਨੌਜਵਾਨ ਟੈਂਕੀ ਉਤੇ ਚੜ੍ਹੇ

ਪਿੰਡ ਚਾਉਕੇ ਵਿੱਚ ਦਰੱਖ਼ਤ ਪੁੱਟਣ ਨੂੰ ਲੈਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਪੁਲੀਸ ਵੱਲੋ ਇਨਸਾਫ ਨਾਲ ਮਿਲਣ ’ਤੇ ਪਰਗਟ ਸਿੰਘ ਤੇ ਜਗਜੀਤ ਸਿੰਘ ਸਿੰਘ ਅੱਜ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਮੌਕੇ ਕਾਂਗਰਸੀ ਆਗੂ, ਨਾਜ਼ਰ ਸਿੰਘ ਐਮਸੀ, ਕਿਸਾਨ ਆਗੂ ਧੰਨਾ ਸਿੰਘ ਅਤੇ ਗੁਰਪਿਆਰ ਸਿੰਘ ਨੇ ਕਿਹਾ ਕਿ ਪ੍ਰੇਮ ਸਿੰਘ ਪੁੱਤਰ ਬਚਨ ਸਿੰਘ ਖੇਤ ਵਿੱਚੋਂ ਦਰਖ਼ਤ ਪੁੱਟਣਾ ਚਾਹੁੰਦੇ ਸਨ ਪਰ ਦੂਸਰੀ ਧਿਰ ਨੇ ਇਸ ’ਤੇ ਇਤਰਾਜ਼ ਉਠਾਇਆ। ਪੁਲੀਸ ਮਾਮਲੇ ਵਿੱਚ ਇਨਸਾਫ ਕਰਨ ਦੀ ਥਾਂ ਉਨ੍ਹਾਂ ਵਿਰੁੱਧ ਹੀ ਇਕਤਰਫ਼ਾ ਕਾਰਵਾਈ ਕਰ ਰਹੀ ਹੈ, ਜਿਸ ਕਾਰਨ ਪਿੰਡ ਵਾਸੀਆਂ ਨੇ ਚੌਕੀ ਅੱਗੇ ਧਰਨਾ ਦਿੱਤਾ ਪਰ, ਪੁਲੀਸ ਵੱਲੋਂ ਇਨਸਾਫ ਨਾ ਮਿਲਣ ਕਾਰਨ ਰੋਹ ਵਿੱਚ ਆਏ ਪਰਗਟ ਸਿੰਘ ਤੇ ਜਗਜੀਤ ਸਿੰਘ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਓਨਾ ਸਮਾਂ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਦਾ ਪਤਾ ਚੱਲਦੇ ਹੀ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਰਮੇਸ਼ ਕੁਮਾਰ ਤੁਰਤ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮੰਗ ’ਤੇ ਅੜੇ ਹੋਏ ਹਨ। ਦੂਸਰੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਰੱਖਤਾਂ ਵਾਲੀ ਜਗ੍ਹਾ ਦਾ ਰੋਲਾ ਹੈ ਅਤੇ ਉਨ੍ਹਾਂ ਵੱਲੋਂ ਹੀ ਪੁਲੀਸ ਨੂੰ ਦਰਖ਼ਤ ਪੁੱਟਣ ਬਾਲੇ ਜਾਣਕਾਰੀ ਦਿੱਤੀ ਗਈ ਸੀ। ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਕਿਹਾ ਪਿੰਡ ਦੀਆਂ ਦੋ ਵਿਅਕਤੀਆਂ ਦਾ ਜ਼ਮੀਨ ਨੂੰ ਲੈ ਕੇ ਕੇ ਝਗੜਾ ਸੀ। ਇਕ ਪਾਰਟੀ ਵੱਲੋਂ ਦਰਖ਼ਤ ਪੁੱਟਣ ਦੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਲੜਾਈ ਹੋਣ ਦੇ ਡਰ ਤੋ ਦੂਸਰੀ ਧਿਰ ਨੂੰ ਦਰੱਖ਼ਤ ਪੁੱਟਣ ਤੋਂ ਰੋਕ ਦਿੱਤਾ ਗਿਆ। ਇਸ ਦੇ ਰੋਸ ਵੱਜੋਂ ਹੀ ਧਰਨਾ ਸ਼ੁਰੂ ਕੀਤਾ ਗਿਆ ਹੈ। ਸਦਰ ਥਾਣਾ ਗਿੱਲ ਦੇ ਇੰਚਾਰਜ ਨਿਰਮਲ ਸਿੰਘ ਮਾਨ ਦਾ ਕਹਿਣਾ ਹੈ ਕਿ ਉਹ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਇਸ ਬਾਰੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ, ਜਲਦੀ ਹੀ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।

Previous articleਫਾਰੂਕ ਅਬਦੁੱਲਾ ਦੀ ਰਿਹਾਈ ਲਈ ਵਾਇਕੋ ਸੁਪਰੀਮ ਕੋਰਟ ਪੁੱਜੇ
Next articleਆਈਸੀਪੀ ਅਟਾਰੀ ’ਚ ਪਿਆ ਸੀਮਿੰਟ ਖ਼ਰਾਬ ਹੋਣ ਦਾ ਖ਼ਦਸ਼ਾ