ਦਰਜਾ ਚਾਰ ਕਾਮਿਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ

ਲੁਧਿਆਣਾ (ਸਮਾਜਵੀਕਲੀ) :  ਨਗਰ ਸੁਧਾਰ ਟਰੱਸਟ ਦੇ ਦਰਜਾ ਚਾਰ ਕਰਮਚਾਰੀਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ 30 ਜੂਨ ਤੱਕ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਕੀਤਾ ਜਾਵੇਗਾ। ਅੱਜ ਇੱਥੇ ਪ੍ਰਧਾਨ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੈਲਡੇ ਅਤੇ ਦੀ ਕਲਾਸ ਫੌਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਸਮੇਂ ਵਿੱਚ 5 ਲੱਖ ਮੁਲਾਜ਼ਮਾਂ ਅਤੇ 4 ਲੱਖ ਪੈਨਸ਼ਨਰਾਂ ਦੀਆਂ ਮੰਗਾਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ 1-1-16 ਤੋਂ ਤਨਖਾਹ ਸਕੇਲ/ਪੈਨਸ਼ਨ ਸੋਧ ਦਿੱਤੀ ਗਈ ਪਰ ਮੁਲਾਜ਼ਮਾਂ ਨੂੰ ਖਜ਼ਾਨੇ ਦਾ ਸੰਕਟ ਹੋਣ ਦਾ ਜਵਾਬ ਮਿਲਦਾ ਰਿਹਾ ਹੈ।

ਗੁਰਮੇਲ ਸਿੰਘ ਮੈਲਡੇ, ਸੁਰਿੰਦਰ ਸਿੰਘ ਬੈਂਸ ਤੇ ਜਸਪਾਲ ਸਿੰਘ ਨੇ ਕਿਹਾ ਕਿ ਹੁਣ ਕਰੋਨਾ ਮਹਾਮਾਰੀ ਦੇ ਆਰਥਿਕ ਸੰਕਟ ਦੀ ਗਾਜ ਵੀ ਸਿਰਫ਼ ਮੁਲਾਜ਼ਮਾਂ-ਮਜ਼ਦੂਰਾਂ ਅਤੇ ਪੈਨਸ਼ਨਰਾਂ ’ਤੇ ਹੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਚੋਣਾਂ ਮੌਕੇ ਕੀਤੇ ਵਾਇਦੇ ਪੂਰੇ ਕਰਨ ਦੀ ਥਾਂ ਨਿਕੰਮੇ ਦੱਸ ਕੇ ਛਾਂਟੀ ਕਰਨ, ਲੇਬਰ ਰੇਟ ਅਤੇ ਮਹਿੰਗਾਈ ਭੱਤਾ ਜਾਮ ਕਰਕੇ 12 ਘੰਟੇ ਡਿਊਟੀ ਕਰਨ, ਇੱਕ ਸ਼ਿਫਟ ਦੇ ਮੁਲਾਜ਼ਮਾਂ ਨੂੰ ਘਰੀਂ ਤੋਰਨ ਜਿਹੇ ਮੁਲਾਜ਼ਮ ਮਾਰੂ ਫੈਸਲੇ ਕੀਤੇ ਜਾ ਰਹੇ ਹਨ, ਜੋ ਸਿਰੇ ਦੀ ਧੱਕੇਸ਼ਾਹੀ ਹੈ।

ਮੀਟਿੰਗ ਵਿੱਚ ਚਮਕੌਰ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ਡਾਂਗੋਂ, ਰਾਮ ਕੁਮਾਰ, ਭੁਪਿੰਦਰ ਕੁਮਾਰ, ਸੰਜੂ ਕੁਮਾਰ, ਤਰਸੇਮ ਸਿੰਘ ਆਦਿ ਹਾਜ਼ਰ ਸਨ।

Previous articleਜਵਾਹਰ ਨਗਰ ਕੈਂਪ ਵੱਲ ਜਾਣ ਦੇ ਰਸਤੇ ਬੰਦ
Next articleਕਿਸਾਨਾਂ ਵੱਲੋਂ ਜੰਗਲਾਤ ਵਿਭਾਗ ’ਤੇ ਧੱਕੇਸ਼ਾਹੀ ਦਾ ਦੋਸ਼