ਥੁਨਬਰਗ ਮਾਰਚ ਵਿੱਚ ਹਿੱਸਾ ਲੈਣ ਲਈ ਮੈਡਰਿਡ ਪੁੱਜੀ

ਮੈਡਰਿਡ- ਆਲਮੀ ਆਗੂਆਂ ਨੂੰ ਜਲਵਾਯੂ ਤਬਦੀਲੀ ਖ਼ਿਲਾਫ਼ ਸਖ਼ਤ ਕਦਮ ਉਠਾਏ ਜਾਣ ਦੀ ਮੰਗ ਲਈ ਕੱਢੇ ਜਾਣ ਵਾਲੇ ਮਾਰਚ ’ਚ ਸ਼ਮੂਲੀਅਤ ਲਈ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਮੈਡਰਿਡ ਪਹੁੰਚ ਗਈ ਹੈ। ਉਹ ਹਜ਼ਾਰਾਂ ਨੌਜਵਾਨਾਂ ਨਾਲ ਇਸ ਮਾਰਚ ’ਚ ਹਿੱਸਾ ਲਵੇਗੀ। ਸਪੇਨ ਦੀ ਰਾਜਧਾਨੀ ’ਚ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਸੰਮੇਲਨ ਹੋ ਰਿਹਾ ਹੈ ਜਿਸ ’ਚ ਆਲਮੀ ਕਾਰਬਨ ਮੰਡੀਆਂ ਦੇ ਨੇਮਾਂ ਨੂੰ ਤਰਕਸੰਗਤ ਬਣਾਉਣ ਬਾਰੇ ਗੱਲਬਾਤ ਹੋਵੇਗੀ। ਇਸ ’ਚ ਅਮੀਰ ਮੁਲਕਾਂ ਦੀ ਨਿਕਾਸੀ ਨਾਲ ਗਰੀਬ ਦੇਸ਼ਾਂ ’ਚ ਹੋ ਰਹੀ ਵੱਡੀ ਤਬਾਹੀ ਲਈ ਉਨ੍ਹਾਂ ਨੂੰ ਮੁਆਵਜ਼ਾ ਦੇਣ ਬਾਰੇ ਵੀ ਸਹਿਮਤੀ ਬਣ ਸਕਦੀ ਹੈ। ਥੁਨਬਰਗ ਦੇ ਇਥੇ ਪੁੱਜਣ ’ਤੇ ਮੀਡੀਆ ਨੇ ਉਸ ਨੂੰ ਘੇਰਾ ਪਾ ਲਿਆ ਪਰ ਉਹ ਪਿਤਾ ਸਵੈਂਟੇ ਨਾਲ ਕਾਰ ’ਚ ਬੈਠ ਗਈ ਅਤੇ ਮੈਡਰਿਡ ਦੇ ਨਾਰਦਰਨ ਸਟੇਸ਼ਨ ਵੱਲ ਰਵਾਨਾ ਹੋ ਗਈ। ਸੰਮੇਲਨ ਉਸ ਸਮੇਂ ਹੋ ਰਿਹਾ ਹੈ ਜਦੋਂ ਤਬਾਹੀ ਬਾਰੇ ਵਿਗਿਆਨਕ ਸਬੂਤ ਦਿੱਤੇ ਜਾ ਰਹੇ ਹਨ। ਆਲਮੀ ਤਪਸ਼ ਦੇ ਖ਼ਤਰੇ ਕਾਰਨ ਹੋਰ ਆਫ਼ਤਾਂ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਲਵਾਯੂ ਤਬਦੀਲੀ ਨਾਲ ਮੱਛੀ ਸਨਅਤ ਅਤੇ ਸਾਹਿਲੀ ਸੈਰ ਸਪਾਟੇ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਮੁਤਾਬਕ 2050 ਤੱਕ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

Previous articleਮੁਕਤਸਰ ’ਚ ਦਿਨ ਦਿਹਾੜੇ ਨੌਜਵਾਨ ਅਗਵਾ
Next articleਸਖਤ ਸੁਰੱਖਿਆ ਹੇਠ ਚਲਾਈ ਵੈਂਡਰਾਂ ਨੂੰ ਹਟਾਉਣ ਦੀ ਮੁਹਿੰਮ