ਥਿਏਮ ਨੂੰ ਹਰਾ ਕੇ ਸਿਤਸਿਪਾਸ ਨੇ ਜਿੱਤਿਆ ਖ਼ਿਤਾਬ

ਲੰਡਨ-  ਯੂਨਾਨ ਦੇ ਨੌਜਵਾਨ ਟੈਨਿਸ ਖਿਡਾਰੀ ਸਟੀਫਾਨੋਸ ਸਿਤਸਿਪਾਸ ਨੇ ਆਸਟ੍ਰੀਆ ਦੇ ਡੋਮੀਨਿਕ ਥਿਏਮ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤ ਲਿਆ। ਸਿਤਸਿਪਾਸ ਨੇ ਇਕ ਸੈੱਟ ਨਾਲ ਪੱਛੜਨ ਦੇ ਬਾਵਜੂਦ ਥਿਏਮ ਨੂੰ 6-7, 6-2, 7-6 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਹਾਸਲ ਕੀਤਾ। 21 ਸਾਲਾ ਸਿਤਸਿਪਾਸ ਆਸਟ੍ਰੇਲੀਆ ਦੇ ਲੇਟਿਨ ਹੈਵਿਟ (2001) ਤੋਂ ਬਾਅਦ ਏਟੀਪੀ ਫਾਈਨਲਜ਼ ਜਿੱਤਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਲੰਡਨ ਦੇ ਓ-2 ਏਰੀਨਾ ਵਿਚ ਸਿਤਸਿਪਾਸ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ। ਉਨ੍ਹਾਂ ਨੇ ਸੈਮੀਫਾਈਨਲ ਵਿਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੂੰ ਸਿੱਧੇ ਸੈੱਟਾਂ ਵਿਚ ਮਾਤ ਦੇ ਕੇ ਫਾਈਨਲ ਵਿਚ ਥਾਂ ਬਣਾਈ ਸੀ। ਹਾਲਾਂਕਿ ਥਿਏਮ ਲਈ ਇਹ ਹਾਰ ਥੋੜ੍ਹੀ ਨਿਰਾਸ਼ਾਜਨਕ ਰਹੀ ਜਿਨ੍ਹਾਂ ਨੇ ਇਸ ਸਾਲ ਪੰਜ ਖ਼ਿਤਾਬ ਜਿੱਤੇ। ਇਸ ਸਾਲ ਉਹ ਲਗਾਤਾਰ ਦੂਜੀ ਵਾਰ ਫਰੈਂਚ ਓਪਨ ਦੇ ਫਾਈਨਲ ਵਿਚ ਪੁੱਜੇ ਸਨ।

ਛੇਵਾਂ ਦਰਜਾ ਸਿਤਸਿਪਾਸ ਤੇ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਥਿਏਮ ਵਿਚਾਲੇ ਫਾਈਨਲ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੇ ਹੀ ਸੈੱਟ ਵਿਚ ਪੰਜ ਬ੍ਰੇਕ ਪੁਆਇੰਟ ਦੇਖਣ ਨੂੰ ਮਿਲੇ ਜਿੱਥੇ ਥਿਏਮ ਨੇ ਬਾਜ਼ੀ ਮਾਰੀ ਪਰ ਦੂਜੇ ਸੈੱਟ ਨੂੰ 6-2 ਨਾਲ ਸਿਤਸਿਪਾਸ ਨੇ ਆਪਣੇ ਨਾਂ ਕਰ ਕੇ ਮੁਕਾਬਲੇ ਨੂੰ ਤੀਜੇ ਸੈੱਟ ਵਿਚ ਪਹੁੰਚਾ ਦਿੱਤਾ। ਫ਼ੈਸਲਾਕੁਨ ਸੈੱਟ ਵਿਚ ਥਿਏਮ ਮੁੜ ਚੰਗੀ ਸਥਿਤੀ ਵਿਚ ਲੱਗ ਰਹੇ ਸਨ। ਪਹਿਲੀ ਗੇਮ ਵਿਚ ਉਨ੍ਹਾਂ ਨੇ ਦੋ ਬ੍ਰੇਕ ਪੁਆਇੰਟ ਬਚਾਏ ਪਰ ਤੀਜੀ ਗੇਮ ਵਿਚ ਉਨ੍ਹਾਂ ਦੀ ਸਰਵਿਸ ਤੋੜੀ ਗਈ ਤੇ ਉਹ 1-2 ਨਾਲ ਪੱਛੜ ਗਏ। ਇਸ ਤੋਂ ਬਾਅਦ ਫ਼ੈਸਲਾਕੁਨ ਟਾਈਬ੍ਰੇਕ ਵਿਚ ਸਿਤਸਿਪਾਸ ਨੇ 4-2 ਦੀ ਬੜ੍ਹਤ ਹਾਸਲ ਕਰ ਲਈ ਪਰ ਜਲਦੀ ਹੀ ਸਕੋਰ 4-4 ਦੀ ਬਰਾਬਰੀ ਤਕ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਸਿਤਸਿਪਾਸ ਨੇ ਥਿਏਮ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

Previous articleLaal Singh Chaddha First Poster Out: ਫਿਲਮ ਨੂੰ ਲੈ ਕੇ ਐਕਸਾਈਟਮੈਂਟ ਵਧਾ ਰਹੀ ਹੈ ਆਮਿਰ ਖਾਨ ਦੀ ਇਹ ਲੁਕ
Next articleਨੀਦਰਲੈਂਡ ਤੇ ਜਰਮਨੀ ਨੇ ਕੀਤਾ ਯੂਰੋ 2020 ਲਈ ਕੁਆਲੀਫਾਈ