ਥਾਣਾ ਘੇਰਨ ਜਾਂਦੇ ਕਿਸਾਨ ਅਤੇ ਪੁਲੀਸ ਆਹਮੋ-ਸਾਹਮਣੇ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਵਰਕਰ ਅਤੇ ਪੰਜਾਬ ਪੁਲੀਸ ਦੇ ਜਵਾਨ ਉਸ ਵੇਲੇ ਆਹਮਣੋ-ਸਾਹਮਣੇ ਡਟ ਗਏ, ਜਦੋਂ ਜਥੇਬੰਦੀ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਉੱਪਰ ਦਰਜ ਕੀਤੇ ਮਾਮਲੇ ਰੱਦ ਕਰਵਾਉਣ ਲਈ ਪਿੰਡ ਖਿਆਲਾਂ ਕਲਾਂ ਤੋਂ ਮਾਨਸਾ ਥਾਣਾ ਸਿਟੀ-2 ਦਾ ਘਿਰਾਓ ਕਰਨ ਲਈ ਸ਼ਹਿਰ ਵੱਲ ਚਾਲੇ ਪਾ ਦਿੱਤੇ। ਇਸ ਤੋਂ ਪਹਿਲਾਂ ਜਥੇਬੰਦੀ ਨੇ ਪਿੰਡ ਖਿਆਲਾਂ ਕਲਾਂ ਵਿਖੇ ਰੈਲੀ ਕੀਤੀ ਅਤੇ ਪਰਾਲੀ ਫੂਕਣ ਸਮੇਂ ਫੜੇ ਕਿਸਾਨਾਂ ਦੇ ਦੋ ਟਰੈਕਟਰ ਅਤੇ ਇੱਕ ਜੀਪ ਨੂੰ ਪੁਲੀਸ ਤੋਂ ਛੁਡਾਉਣ ਲਈ ਥਾਣਾ ਘੇਰਨ ਦਾ ਐਲਾਨ ਕੀਤਾ।
ਕਿਸਾਨਾਂ ਦੇ ਕਾਫਲੇ ਨੂੰ ਪੁਲੀਸ ਨੇ ਰਾਹ ਵਿੱਚ ਰੋਕ ਲਿਆ ਅਤੇ ਜਥੇਬੰਦੀ ਦੇ ਆਗੂ ਉੱਥੇ ਹੀ ਰਸਤਾ ਰੋਕ ਕੇ ਬੈਠ ਗਏ। ਪੁਲੀਸ ਨੇ ਕਿਸਾਨਾਂ ਨੂੰ ਉੱਥੇ ਹੀ ਰੋਕੀ ਰੱਖਿਆ ਅਤੇ ਬਾਅਦ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਫੜੇ ਵਾਹਨ ਛੱਡ ਦਿੱਤੇ ਅਤੇ ਜਥੇਬੰਦੀ ਨੇ ਧਰਨਾ ਚੁੱਕ ਕੇ ਰਾਹ ਛੱਡ ਦਿੱਤਾ।
ਵੇਰਵਿਆਂ ਅਨੁਸਾਰ ਪੁਲੀਸ ਅਤੇ ਜਥੇਬੰਦੀ ਵਿਚਕਾਰ ਟਕਰਾਓ ਦੀ ਸਥਿਤੀ ਉਸ ਵੇਲੇ ਪੈਦਾ ਹੋ ਗਈ, ਜਦੋਂ ਪੁਲੀਸ ਲਾਈਨ ਨੇੜਲੇ ਖੇਤਾਂ ਵਿੱਚ ਯੂਨੀਅਨ ਦੇ ਆਗੂਆਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਪਰਾਲੀ ਨੂੰ ਅੱਗ ਲਗਵਾ ਦਿੱਤੀ। ਇਸ ਦੀ ਸੂਚਨਾ ਜਿਉਂ ਹੀ ਪੁਲੀਸ ਨੂੰ ਮਿਲੀ ਤਾਂ ਪੁਲੀਸ ਨੇ ਅੱਗ ਲਾਉਣ ਵਾਲਿਆਂ ਸਮੇਤ ਜਥੇਬੰਦੀ ਦੇ ਆਗੂਆਂ ਨੂੰ ਫੜਕੇ ਥਾਣੇ ਬੰਦ ਕਰ ਦਿੱਤਾ ਜਿਨ੍ਹਾਂ ਨੂੰ ਰਾਤ ਹਨੇਰੇ ਹੋਏ ਛੱਡਿਆ ਗਿਆ। ਰਸਤਾ ਰੋਕੀ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ, ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਖਿਆਲਾਂ ਦੇ ਪਰਾਲੀ ਫੂਕਣ ਦੇ ਦੋਸ਼ ਵਿਚ 14 ਕਿਸਾਨਾਂ ਨੂੰ ਫੜ ਕੇ ਮਾਨਸਾ ਥਾਣੇ ਵਿਚ ਬੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਿੱਛੇ ਗਏ ਕਿਸਾਨ ਆਗੂਆਂ ਨੂੰ ਵੀ ਪੁਲੀਸ ਵੱਲੋਂ ਫੜ ਲਿਆ ਗਿਆ ਅਤੇ ਦੇਰ ਰਾਤ 35 ਕਿਸਾਨਾਂ ਨੂੰ ਤਾਂ ਛੱਡ ਦਿੱਤਾ ਗਿਆ, ਪ੍ਰੰਤੂ ਟਰੈਕਟਰ ਅਤੇ ਜੀਪ ਥਾਣੇ ਬੰਦ ਕੀਤਾ ਗਏ, ਜਿਸ ਨੂੰ ਲੈ ਕੇ ਅੱਜ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਥਾਣਾ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਬਾਅਦ ਵਿੱਚ ਪੁਲੀਸ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਜ਼ਬਤ ਕੀਤੇ ਸਾਧਨ ਛੱਡਣ ਦਾ ਐਲਾਨ ਕੀਤਾ, ਜਿਸ ਉਪਰੰਤ ਜਥੇਬੰਦੀ ਵਲੋਂ ਧਰਨਾ ਸਮਾਪਤ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਕਿਸਾਨਾਂ ਨਾਲ ਹੁੰਦੀਆਂ ਵਧੀਕੀਆਂ ਲਈ ਥਾਣਿਆਂ ਦੇ ਘਿਰਾਓ ਜਾਰੀ ਰਹਿਣਗੇ। ਇਸ ਮੌਕੇ ਇਕਬਾਲ ਸਿੰਘ ਮਾਨਸਾ, ਦੇਵੀ ਰਾਮ ਰੰਘੜਿਆਲ, ਬਲਵਿੰਦਰ ਖਿਆਲਾਂ,ਹਰਦੇਵ ਸਿੰਘ ਰਾਠੀ ਮੱਖਣ ਸਿੰਘ ਭੈਣੀ ਬਾਘਾ, ਰਾਜ ਅਕਲੀਆਂ, ਬਲਵਿੰਦਰ ਸਿੰਘ ਅਲੀਸੇਰ, ਸੱਤਪਾਲ ਸਿੰਘ, ਲਛਮਣ ਸਿੰਘ ਨੇ ਸੰਬੋਧਨ ਕੀਤਾ।
ਉੱਧਰ, ਮਾਨਸਾ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲੀਸ ਲੋਕ ਹਿੱਤਾਂ ਲਈ ਰਸਤੇ ਜਾਮ ਕਰਨ ਦੇ ਖਿਲਾਫ਼ ਹੈ ਅਤੇ ਰਸਤੇ ਖੁਲ੍ਹਾਉਣੇ ਪੁਲੀਸ ਕਰਮਚਾਰੀਆਂ ਦੀ ਮੁੱਢਲੀ ਡਿਊਟੀ ਹੈ, ਜਦੋਂ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਜੋ ਨਿਰਦੇਸ਼ ਦਿੱਤੇ ਹੋਏ ਹਨ, ਉਸ ਤਹਿਤ ਉਹ ਆਪਣਾ ਫਰਜ਼ ਨਿਭਾਉਣ ਲਈ ਹਰ ਸਮੇਂ ਤਾਇਨਾਤ ਰਹਿਣਗੇ।

Previous articleਮਨਰੇਗਾ ਘੁਟਾਲਾ: ਕੱਚੇ ਮੁਲਾਜ਼ਮਾਂ ਵਿਰੁੱਧ ਕਾਰਵਾਈ, ਅਫਸਰ ਆਜ਼ਾਦ
Next articleਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਮਨਾ ਕੇ ਪਰਤੇ ਸਿੱਖ ਸ਼ਰਧਾਲੂ