ਥਰੇਜਾ ਪਰਿਵਾਰ ਤੇ ਵਰਿੰਦਰ ਸ਼ਰਮਾ ਨੇ ਲੁੱਟਿਆ ਗੁਲਦਾਉਦੀ ਮੇਲਾ

ਚੰਡੀਗੜ੍ਹ -ਇਥੇ ਸੈਕਟਰ-33 ਸਥਿਤ ਟੈਰੇਸ ਗਾਰਡਨ ਵਿੱਚ ਚੱਲ ਰਿਹਾ 33 ਵਾਂ ਸਾਲਾਨਾ ਗੁਲਦਾਉਦੀ ਮੇਲਾ ਅੱਜ ਸਮਾਪਤ ਹੋ ਗਿਆ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰਵਾਏ ਗਏ ਇਸ ਮੇਲੇ ਦੀ ਸਮਾਪਤੀ ਨੂੰ ਲੈ ਕੇ ਅੱਜ ਕੀਤੇ ਗਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਮੇਅਰ ਰਾਜੇਸ਼ ਕਾਲੀਆ ਨੇ ਗੁਲਦਾਉਦੀ ਫੁੱਲਾਂ ਨੂੰ ਲੈ ਕੇ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ।

ਇਸ ਮੌਕੇ ਮੁੱਖ ਮਹਿਮਾਨ ਨੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਸ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਸ਼ਲਾਘਾ ਕੀਤੀ ਅਤੇ ਚੰਡੀਗੜ੍ਹ ਸ਼ਹਿਰ ਨੂੰ ਆਪਣੀ ਖੂਬਸੂਰਤੀ ਅਨੁਸਾਰ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਸੁੰਦਰਤਾ ਦੇ ਖੇਤਰ ਵਿੱਚ ਇੱਕ ਨਿਵੇਕਲਾ ਸ਼ਹਿਰ ਬਣਾਉਣ ਦੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਇਸ ਮੇਲੇ ਦੌਰਾਨ ਬਾਗਵਾਨੀ ਵਿਭਾਗ ਦੇ ਮਾਲੀਆਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਭਾਂਤ ਭਾਂਤ ਦੇ ਫੁੱਲਾਂ ਦੀ ਵਰਤੋਂ ਕਰਕੇ ਬਣਾਏ ਗਏ ਮੋਰ, ਜਿਰਾਫ, ਸ਼ੇਰ ਤੇ ਹੋਰ ਜਾਨਵਰਾਂ ਸਣੇ ਪੰਛੀਆਂ ਦੇ ਬੁੱਤਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਪਾਰਕਾਂ ਤੇ ਹਰਿਆਲੀ ਨੂੰ ਕਾਇਮ ਰੱਖਣ ’ਚ ਇਨ੍ਹਾਂ ਮਾਲੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਇਸ ਵਧੀਆ ਕਾਰਗੁਜਾਰੀ ਲਈ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਮਾਲੀਆਂ ਨੂੰ ਟਰਾਫੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸਤੋਂ ਇਲਾਵਾ ਇਸ ਮੇਲੇ ਦੌਰਾਨ ਗੁਲਦਾਉਦੀ ਫੁੱਲਾਂ ਤੇ ਪਾਰਕਾਂ ਦੇ ਰੱਖ ਰਖਾਵ ਤੇ ਵਧੀਆ ਸਜਾਵਟ ਨੂੰ ਲੈਕੇ ਕਰਵਾਏ ਗਏ ਮੁਕਾਬਲਿਆਂ ਦੇ ਜੇਤੂਆਂ ਨੂੰ ਮੇਅਰ ਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਫੁੱਲਾਂ ਦੇ ਮੁਕਾਬਲਿਆਂ ’ਚ ਪੰਚਕੂਲਾ ਦੇ ਥਰੇਜਾ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ ਬਾਗਵਾਨੀ ਦੇ ਸ਼ੌਕੀਨ ਵਰਿੰਦਰ ਸ਼ਰਮਾ ਨੇ ਹੀ ਜ਼ਿਆਦਾਤਰ ਇਨਾਮ ਜਿੱਤੇ। ਉਹ ਪੂਰੇ ਮੇਲੇ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮੇਲੇ ਨੂੰ ਲੈ ਕੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਸੁਪਰਟੈਂਡਿੰਗ ਇੰਜਨੀਅਰ ਕਿਸ਼ਨਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਇਸ ਗੁਲਦਾਉਦੀ ਮੇਲੇ ਦੌਰਾਨ ਭਾਂਤ ਭਾਂਤ ਦੀਆਂ 269 ਕਿਸਮਾਂ ਦੇ ਗੁਲਦਾਉਦੀ ਫੁੱਲਾਂ ਨੂੰ ਸੱਤ ਹਜ਼ਾਰ ਗਮਲਿਆਂ ਵਿੱਚ ਸਜ਼ਾ ਕੇ ਪ੍ਰਦਰਸ਼ਿਤ ਕੀਤਾ ਗਿਆ ਹੈ। ਮੇਲੇ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪੰਚਕੂਲਾ ਦੇ ਗੁਰੂਕੁਲ ਸਕੂਲ ਦੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਨਗਰ ਨਿਗਮ ਦੇ ਚੀਫ ਇੰਜਨੀਅਰ ਸ਼ੈਲੇਂਦਰ ਸਿੰਘ ਸਣੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Previous articleਅਮਰੀਕਾ ਵਿੱਚ ਗਣਤੰਤਰ ਦਿਵਸ ਸਮਾਗਮ ਲਈ ਆਨੰਦ ਕੁਮਾਰ ਨੂੰ ਸੱਦਾ
Next articleਨਸ਼ਾ ਤਸਕਰ ਤਿੰਨ ਮਹੀਨਿਆਂ ਤੋਂ ਪੁਲੀਸ ਨਾਲ ਖੇਡ ਰਿਹਾ ਹੈ ਲੁਕਣ ਮੀਟੀ