ਤ੍ਰਿਣਮੂਲ ਕਾਂਗਰਸ ਨੂੰ ਝਟਕਾ: ਪੰਜ ਵਿਧਾਇਕ ਭਾਜਪਾ ’ਚ ਸ਼ਾਮਲ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਅੱਜ ਤਾਜ਼ਾ ਝਟਕਾ ਦਿੰਦਿਆਂ ਚਾਰ ਵਾਰ ਵਿਧਾਇਕ ਰਹਿ ਚੁੱਕੀ ਸੋਨਾਲੀ ਗੁਹਾ ਸਣੇ ਪੰਜ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ। ਸੋਨਾਲੀ ਇੱਕ ਦਹਾਕੇ ਤੋਂ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦੀ ਕਰੀਬੀ ਸਹਿਯੋਗੀ ਸੀ। ਸਿੰਗੂਰ ਅੰਦੋਲਨ ਦਾ ਚਿਹਰਾ ਰਹੇ ਰਾਬਿੰਦਰਨਾਥ ਭੱਟਾਚਾਰੀਆ (80), ਚਾਰ ਵਾਰ ਦੇ ਵਿਧਾਇਕ ਜਤੂ ਲਹਿਰੀ (85), ਸਾਬਕਾ ਫੁਟਬਾਲਰ ਤੇ ਵਿਧਾਇਕ ਦਿਪੇਂਦੂ ਬਿਸਵਾਸ ਅਤੇ ਸੀਤਲ ਸਰਦਾਰ ਵੀ ਭਗਵਾਂ ਪਾਰਟੀ ’ਚ ਸ਼ਾਮਲ ਹੋ ਗਏ। ਪੰਜੇ ਵਿਧਾਇਕ ਟੀਐੱਮਸੀ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ।

ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਸੁਵੇਂਦੂ ਅਧਿਕਾਰੀ ਅਤੇ ਮੁਕੁਲ ਰਾਏ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਨ੍ਹਾਂ ਤੋਂ ਇਲਾਵਾ ਟੀਐੱਮਸੀ ਉਮੀਦਵਾਰ ਸਰਲਾ ਮੁਰਮੂ ਨੇ ਵੀ ਪਾਰਟੀ ਦਾ ਸਾਥ ਛੱਡ ਦਿੱਤਾ ਹੈ। ਤ੍ਰਿਣਮੂਲ ਨੇ ‘ਸਿਹਤ ਸਮੱਸਿਆਵਾਂ’ ਦਾ ਹਵਾਲਾ ਦੇ ਕੇ ਮੁਰਮੂ ਨੂੰ ਮਾਲਦਾ ਜ਼ਿਲ੍ਹੇ ਦੇ ਹਬੀਬਪੁਰ ਹਲਕੇ ਤੋਂ ਬਦਲ ਦਿੱਤਾ ਸੀ ਅਤੇ  ਉਨ੍ਹਾਂ ਦੀ ਥਾਂ ਪ੍ਰਦੀਪ ਬਾਸਕੀ ਨੂੰ ਅੱਜ ਸਵੇਰੇ ਆਪਣਾ ਉਮੀਦਵਾਰ ਬਣਾਇਆ। ਇਸ ਤੋਂ ਨਾਰਾਜ਼ ਮੁਰਮੂ ਸ਼ਾਮ ਨੂੰ ਪਾਲਾ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ।

Previous articleਪੰਜਾਬ ਬਜਟ ਦੇ ਅਹਿਮ ਨੁਕਤੇ
Next articleਏਬੀਵੀਪੀ ਤੇ ਭਗਤ ਸਿੰਘ ਛਾਤਰ ਮੰਚ ਦੇ ਸਮਰਥਕਾਂ ’ਚ ਝੜਪ