ਤੇਜ਼ ਮੀਂਹ ਨੇ ਸਮਾਰਟ ਸਿਟੀ ਦੀਆਂ ਪੋਲਾਂ ਖੋਲ੍ਹੀਆ

ਲੁਧਿਆਣਾ- ਸਨਅਤੀ ਸ਼ਹਿਰ ਵਿੱਚ ਅੱਜ ਮੌਨਸੂਨ ਨੇ ਪਹਿਲੀ ਦਸਤਕ ਦਿੱਤੀ। ਸੋਮਵਾਰ ਤੇਜ਼ ਧੁੱਪ ਤੋਂ ਬਾਅਦ ਦੁਪਹਿਰੇ ਵਰ੍ਹੇ ਤੇਜ਼ ਮੀਂਹ ਨੇ ਸਮਾਰਟ ਸਿਟੀ ਦੀਆਂ ਸੜਕਾਂ ਨੂੰ ਸਵੀਮਿੰਗ ਪੂਲ ਬਣਾ ਦਿੱਤਾ। ਸ਼ਹਿਰ ਦੀਆਂ ਰੋਡ ਜਾਲੀਆਂ ਤੇ ਅੰਦਰੂਨੀ ਨਾਲੇ ਸਾਫ਼ ਕਰਨ ਦੇ ਨਗਰ ਨਿਗਮ ਦੇ ਸਾਰੇ ਦਾਅਵਿਆਂ ਨੂੰ ਡੇਢ ਘੰਟਾ ਪਏ ਤੇਜ਼ ਮੀਂਹ ਨੇ ਪਾਣੀ ਵਾਂਗ ਵਹਾਅ ਦਿੱਤਾ। ਜ਼ਿਆਦਾ ਮੀਂਹ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਪਿਆ, ਜਿੱਥੇ ਸੜਕਾਂ ’ਤੇ ਪਾਣੀ ਪਾਣੀ ਹੋ ਗਿਆ। ਤੇਜ਼ ਮੀਂਹ ਤੋਂ ਬਾਅਦ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਟਰੈਫ਼ਿਕ ਜਾਮ ਹੋ ਗਿਆ। ਨੀਵੇਂ ਇਲਾਕਿਆਂ ਵਿੱਚ ਤਾਂ ਦੋ ਦੋ ਫੱਟ ਤੱਕ ਪਾਣੀ ਖੜ੍ਹਾ ਹੋ ਗਿਆ। ਸਨਅਤੀ ਸ਼ਹਿਰ ਵਿੱਚ ਸੋਮਵਾਰ ਬਾਅਦ ਦੁਪਹਿਰ ਮੌਸਮ ਅਚਾਨਕ ਬਦਲ ਗਿਆ, ਪਹਿਲਾਂ ਤੇਜ਼ ਚੱਲੀ ਹਨ੍ਹੇਰੀ ਤੋਂ ਬਾਅਦ 2 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਡੇਢ ਘੰਟੇ ਤੱਕ ਪਏ ਮੀਂਹ ਨੇ ਸ਼ਹਿਰ ਦੇ ਇਲਾਕਿਆਂ ਨੂੰ ਪਾਣੀ ਨਾਲ ਭਰ ਦਿੱਤਾ। ਸਭ ਤੋਂ ਜ਼ਿਆਦਾ ਖਰਾਬ ਹਾਲਾਤ ਨੀਵੇਂ ਇਲਾਕਿਆਂ ’ਚ ਦੇਖਣ ਨੂੰ ਮਿਲਿਆ, ਜਿੱਥੇ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ। ਪਾਣੀ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦੋਮੋਰਿਆ ਪੁਲ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਸਰਾਭਾ ਨਗਰ ਗੁਰਦੁਆਰੇ ਵਾਲੀ ਰੋਡ ’ਤੇ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕਿਚਲੂ ਨਗਰ, ਜੱਸੀਆ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਚੌੜਾ ਬਾਜ਼ਾਰ, ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ, ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗੳੂਸ਼ਾਲਾ ਰੋਡ, ਕਿਦਵਈ ਨਗਰ, ਜਨਕਪੁਰੀ, ਸ਼ਿਵਾ ਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਆਦਿ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ। ਇਸ ਦੇ ਨਾਲ ਹੀ ਢੋਲੇਵਾਲ ਤੇ ਗਿੱਲ ਰੋਡ ’ਤੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ ਤੇ ਦੁਪਹਿਰ ਤੱਕ ਲੋਕਾਂ ਦੇ ਵਾਹਨ ਸੜਕਾਂ ’ਤੇ ਪਾਣੀ ਕਾਰਨ ਬੰਦ ਹੁੰਦੇ ਰਹੇ।

Previous articleਘਰਦਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
Next articleRain stops play, NZ to resume on 211/5 on Wednesday