ਤੇਲਗੂ ਦੇਸਮ ਪਾਰਟੀ ਦੇ ਚਾਰ ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਲ

ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਚਾਰ ਰਾਜ ਸਭਾ ਮੈਂਬਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਚਾਰ ਸੰਸਦ ਮੈਂਬਰਾਂ ਵਿੱਚ ਵਾਈ.ਐੱਸ. ਚੌਧਰੀ, ਸੀ.ਐੱਮ. ਰਾਮੇਸ਼, ਟੀ.ਜੀ. ਵੈਂਕਟੇਸ਼ ਅਤੇ ਜੀ. ਮੋਹਨ ਰਾਓ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਅੱਜ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰਕੇ ਤੇਲਗੂ ਦੇਸਮ ਪਾਰਟੀ ਤੋਂ ਆਪਣੇ ਅਸਤੀਫ਼ੇ ਸੌਂਪੇ। ਸ੍ਰੀ ਨਾਇਡੂ ਨੂੰ ਦਿੱਤੇ ਪੱਤਰ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਨੇ ਲਿਖਿਆ ਕਿ ਉਹ ਨਰਿੰਦਰ ਮੋਦੀ ਦੀ ਨਿਰਪੱਖ ਅਗਵਾਈ ਤੋਂ ਪ੍ਰੇਰਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਦੇ ਰਾਜ ਸਭਾ ਮੈਂਬਰ ਭੁਪੇਂਦਰ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ, ‘‘ਟੀਡੀਪੀ ਦੇ ਚਾਰ ਰਾਜ ਸਭਾ ਮੈਂਬਰਾਂ ਨੇ ਅੱਜ ਸਵੇਰੇ ਮੀਟਿੰਗ ਕੀਤੀ, ਜਿੱਥੇ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।’’ ਚਾਰ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪਾਰਟੀ ਦੇ ਵਰਕਿੰਗ ਕਮੇਟੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਵਲੋਂ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚੱਜੀ ਅਗਵਾਈ ਹੇਠ ਅਤੇ ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।

Previous articleਹਰ ਸ਼ਖ਼ਸ ਨੂੰ ਸਮਰੱਥ ਬਣਾਏਗੀ ਸਰਕਾਰ: ਕੋਵਿੰਦ
Next articleਮੇਰੇ ਜਾਨਸ਼ੀਨ ਬਾਰੇ ਪਾਰਟੀ ਫ਼ੈਸਲਾ ਕਰੇ: ਰਾਹੁਲ