” ਤੂੰ ਆਪਣੇ ਤੀਰ ਅਜ਼ਮਾ “

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਇਹ ਰਾਹਾਂ ਦੇ ਕੰਢੇ ਨੇਂ ਫੁੱਲਾਂ ਦੇ ਵਰਗੇ,
ਨੇਂ ਤੱਪਦੀਆਂ ਹਿੱਕਾਂ, ਰਾਹ ਨੇਂ ਭਾਵੇਂ ਸਰਦ ਇਹ;
ਸੂਲ਼ਾਂ ਦੀਆਂ ਰਾਹਾਂ ‘ਤੇ ਮੈਂ ਨੰਗੇ ਪੈਰੀਂ ਚੱਲ ਆਉਂਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ…;
ਤੇਰੇ ਜ਼ਬਰ ਜ਼ੁਲਮ ਦਾ ਹੈ ਅੰਤ ਹੁਣ ਆਇਆ,
ਹੈ ਸਬਰ ਬਥੇਰਾ ਤੂੰ ਘੱਟ ਹੈ ਅਜ਼ਮਾਇਆ;
ਤੂੰ ਲਲਕਾਰ,ਮੈਂ ਫਿਰ ਸ਼ੀਸ਼ ਤਲ਼ੀ ‘ਤੇ ਟਿਕਾਉਂਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ…;
ਇਹ ਕਲਮਾਂ ਦਵਾਤਾਂ ‘ਚ ਸਾਡੇ ਲਹੂ ਦੀ ਸਿਆਹੀ,
ਇਹ ਇਬਾਰਤ ਲਿਖਣ ਲਈ,ਇਤਿਹਾਸ ਭਰਦਾ ਗਵਾਹੀ;
ਦੁਨੀਆਂ ਦੇ ਨਕਸ਼ਾਂ ‘ਤੇ ਲੀਕ ਵੱਖਰੀ ਕੋਈ ਵਾਹੁੰਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ…;
ਇਹ ਮਹਿਲ ਵੀ ਤੇਰੇ ਸਾਡੇ ਸਿਰ ‘ਤੇ ਟਿਕੇ ਨੇਂ,
ਇਹ ਸਬਰਾਂ ਦੇ ਲਾਵੇ,ਸਾਡੀ ਅੱਖ ‘ਚੋਂ ਰਿਸੇ ਨੇਂ;
ਸਾਡੇ ਚੁੱਲ੍ਹਿਆਂ ਦੀ ਅੱਗ ਤੇਰੇ ਮਹਿਲੀਂ ਪਹੁੰਚਾਉਂਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ…;
ਇਹ ਲਹਿਰਾਉਂਦੀਆਂ ਕਲੀਆਂ, ਇਹ ਫ਼ਸਲਾਂ ਦਾ ਗੀਤ ਹੈ
ਸਾਡੇ ਬੁੱਢੇ-ਜਠੇਰੇ,ਸਾਡੀ ਨਸਲਾਂ ਦਾ ਗੀਤ ਹੈ,
ਹੈ ਆਜ਼ਾਦੀ ਦਾ ਸੁਪਨਾਂ, ਇਹ ਗੀਤ ਜੋ ਗਾਉਂਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ…;
ਇਹ ਮਜ਼ਲੂਮਾਂ ‘ਤੇ ਹੋਏ ਅੱਤਿਆਚਾਰਾਂ ਦੀ ਜੰਗ ਹੈ,
ਇਹ ਬਰੂਦਾਂ ਦੀ ਨਹੀਂ, ਵਿਚਾਰਾਂ ਦੀ ਜੰਗ ਹੈ;
ਤੂੰ ਤਲਵਾਰ ਚੁੱਕ,ਮੈਂ ਆਪਣੀ ਕਲਮ ਲੈ ਆਉਂਦਾ ਹਾਂ,
ਤੂੰ ਆਪਣੇ ਤੀਰ ਅਜ਼ਮਾ,ਮੈਂ ਆਪਣੀ ਹਿੱਕ ਅਜ਼ਮਾਉਂਦਾ ਹਾਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleਗਾਇਕਾ ਅੰਮ੍ਰਿਤ ਵਿਰਕ ਨੇ ਗਾਇਆ ‘ਸਤਿਗੁਰ ਰਵਿਦਾਸ ਦਾ ਮੰਦਿਰ’
Next articleਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਰਵਾਇਆ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲ ਦਾ ਦੌਰਾ