ਤਿਉਣਾ ਰਜਵਾਹਾ ਟੁੱਟਿਆ, ਛੇ ਸੌ ਏਕੜ ਡੁੱਬਿਆ

ਬੀਤੀ ਸ਼ਾਮ ਆਏ ਝੱਖੜ ਕਾਰਨ, ਫੁੱਲੋ ਮਿੱਠੀ, ਬਾਂਡੀ, ਮੁਹਾਲਾਂ, ਧੁੰਨੀਕੇ ਅਤੇ ਚੱਕ ਅਤਰ ਸਿੰਘ ਵਾਲਾ ਵਿਚ ਹਜ਼ਾਰਾਂ ਦਰੱਖਤ ਜੜ੍ਹਾਂ ਵਿੱਚੋਂ ਪੁੱਟੇ ਗਏ। ਝੱਖੜ ਕਾਰਨ ਪਿੰਡ ਚੱਕ ਅਤਰ ਸਿੰਘ ਵਾਲਾ ਕੋਲੋਂ ਲੰਘਦੇ ਤਿਉਣਾ ਰਜਵਾਹੇ ਵਿੱਚ ਸੈਂਕੜੇ ਭਾਰੀ ਦਰੱਖਤ ਡਿੱਗ ਪਏ, ਜਿਸ ਨਾਲ ਰਜਵਾਹਾ ਬੰਦ ਹੋ ਗਿਆ।
ਕੱਲ੍ਹ ਸ਼ਾਮ ਹੀ ਰਜਵਾਹੇ ਵਿੱਚ ਪਾਣੀ ਛੱਡਿਆ ਗਿਆ ਸੀ ਜਿਸ ਕਰਕੇ ਰਾਤ 12 ਵਜੇ ਦੇ ਕਰੀਬ ਰਜਵਾਹਾ ਚੱਕ ਅਤਰ ਵਾਲਾ ਪਿੰਡ ਵੱਲ ਨੂੰ ਟੁੱਟ ਗਿਆ, ਜਿਸਦਾ ਪਤਾ ਲੱਗਦੇ ਹੀ ਨਹਿਰੀ ਵਿਭਾਗ ਅਤੇ ਨੇੜਲੇ ਖੇਤਾਂ ਦੇ ਲੋਕ ਮੌਕੇ ‘ਤੇ ਪਹੁੰਚੇ।
ਰਜਵਾਹਾ ਟੁੱਟਣ ਕਾਰਨ ਪਾਣੀ ਖੇਤਾਂ ਵਿੱਚ ਭਰ ਗਿਆ ਜਿਸ ਨਾਲ ਕਿਸਾਨਾਂ ਦੀਆਂ ਝੋਨੇ ਦੀਆਂ ਪਨੀਰੀਆਂ, ਹਰੇ ਚਾਰੇ, ਟਿਊਬਵੈੱਲ ਦੇ ਖੂਹ ਅਤੇ ਮੋਟਰਾਂ ਵੀ ਨੁਕਸਾਨੀਆਂ ਗਈਆਂ। ਜਦੋਂ ਪਾਣੀ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਫਿਰਨੀ ਨਾਲ ਲੱਗ ਗਿਆ ਤਾਂ ਨਹਿਰੀ ਵਿਭਾਗ ਅਤੇ ਕਿਸਾਨਾਂ ਨੂੰ ਪਿੰਡ ‘ਚ ਪਾਣੀ ਵੜਨ ਤੋਂ ਰੋਕਣ ਲਈ ਦੂਸਰੇ ਰਜਵਾਹੇ ਵਿਚ ਕੱਟ ਮਾਰਨਾ ਪਿਆ। ਕਿਸਾਨ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚ ਰਜਵਾਹਾ ਟੁੱਟਣ ਕਾਰਨ ਜਿੱਥੇ ਉਨ੍ਹਾਂ ਦੇ ਟਿਊਬਵੈੱਲ, ਪਨੀਰੀਆਂ ਅਤੇ ਖਾਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਖੇਤ ਵਿੱਚ ਮਿੱਟੀ ਵੀ ਜਮ੍ਹਾਂ ਹੋ ਜਾਵੇਗੀ।
ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਰਜਵਾਹੇ ’ਚੋਂ ਦਰੱਖਤਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਨਹਿਰੀ ਵਿਭਾਗ ਦੇ ਐੱਸਡੀਓ ਜਗਮੀਤ ਸਿੰਘ ਭਾਕਰ ਨੇ ਕਿਹਾ ਕਿ ਉਹ ਰਾਤ ਤੋਂ ਹੀ ਇੱਥੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਾਣੀ ਪਿੰਡ ਦੀ ਫਿਰਨੀ ‘ਤੇ ਮੌਜੂਦ ਘਰਾਂ ਵਿੱਚ ਵੜਨ ਲੱਗਾ ਸੀ ਜਿਸ ਕਰਕੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਅਬਾਦੀ ਏਰੀਆ ਬਚਾਉਣ ਲਈ ਦੂਸਰੇ ਪਾਸੇ ਬਚਾਓ ਲਈ ਕੱਟ ਮਾਰਨਾ ਪਿਆ। ਉਨ੍ਹਾਂ ਕਿਹਾ ਕਿ ਪਾਣੀ ਪਿੱਛੇ ਤੋਂ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਲੇਬਰ ਗੱਟੇ ਭਰ ਰਹੀ ਹੈ ਜਿਸ ਤੋਂ ਬਾਅਦ ਜਲਦੀ ਹੀ ਪਾੜ ਨੂੰ ਪੂਰ ਲਿਆ ਜਾਵੇਗਾ।

Previous articleਅਤਿਵਾਦੀਆਂ ਦੇ ਸਰਪ੍ਰਸਤ ਜਵਾਬਦੇਹ ਹੋਣ: ਮੋਦੀ
Next articleਪੰਜਾਬ ਸਰਕਾਰ ਵੱਲੋਂ ਟਿਊਬਵੈੱਲ ਲਾਉਣ ਲਈ ਕਾਨੂੰਨ ਲਿਆਉਣ ਦੀ ਤਿਆਰੀ