ਤਹਿਸੀਲਾਂ ’ਚ ਇਕੱਠ ਨੇ ਸਿਹਤ ਵਿਭਾਗ ਦੀ ਚਿੰਤਾ ਵਧਾਈ

ਪੰਜਾਬ ’ਚ ਇੱਕ ਮੌਤ ਤੇ 37 ਨਵੇਂ ਕੇਸ ਰਿਪੋਰਟ ਹੋਏ,
ਲੁਧਿਆਣਾ ’ਚ 16 ਤੇ ਜਲੰਧਰ ’ਚ 9 ਨਵੇਂ ਕੇਸਾਂ ਦੀ ਪੁਸ਼ਟੀ


ਚੰਡੀਗੜ੍ਹ (ਸਮਾਜਵੀਕਲੀ) :
ਪੰਜਾਬ ਦੇ ਸਿਹਤ ਵਿਭਾਗ ਨੇ ਤਹਿਸੀਲਾਂ ਵਿੱਚ ਜ਼ਮੀਨ ਦੀ ਰਜਿਸਟਰੀ ਮੌਕੇ ਹੋਣ ਵਾਲੇ ਇਕੱਠ ਕਰਕੇ ਕਰੋਨਾਵਾਇਰਸ ਦੇ ਫੈਲਣ ਦਾ ਖਦਸ਼ਾ ਪ੍ਰਗਟਾਇਆ ਹੈ। ਇਹ ਮਾਮਲਾ ਸੂਬੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਮਾਲ ਵਿਭਾਗ ਮੁਤਾਬਕ ਕੁਝ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਕਾਰਵਾਈ ਆਰੰਭ ਵੀ ਕੀਤੀ ਗਈ ਹੈ।

ਸਰਕਾਰ ਵੱਲੋਂ 8 ਅਪਰੈਲ ਤੋਂ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਪੰਜਾਬ ਦੀਆਂ ਤਹਿਸੀਲਾਂ ਵਿੱਚ ਅਰਜ਼ੀ ਨਵੀਸਾਂ ਅਤੇ ਵਸੀਕਾ ਨਵੀਸਾਂ ਦੇ ਅੱਡਿਆਂ ’ਤੇ ਪਹਿਲੇ ਹੀ ਦਿਨ ਭਾਰੀ ਇਕੱਠ ਦੇਖਿਆ ਗਿਆ। ਲੋਕਾਂ ਵੱਲੋਂ ਸਰੀਰਕ ਤੇ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਵੀ ਖਿਆਲ ਨਹੀਂ ਰੱਖਿਆ ਗਿਆ।

ਤਹਿਸੀਲਾਂ ਵਿੱਚੋਂ ਹਾਸਲ ਰਿਪੋਰਟਾਂ ਮੁਤਾਬਕ ਇੱਕ-ਇੱਕ ਦੁਕਾਨ ਜਿੱਥੇ ਮਹਿਜ਼ 5 ਬੰਦੇ ਮੁਸ਼ਕਲ ਨਾਲ ਬੈਠ ਸਕਦੇ ਹਨ, ਉਥੇ 10 ਤੋਂ 15 ਬੰਦੇ ਵੀ ਬੈਠੇ ਸਨ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਕਰਫਿਊ ਦੀਆਂ ਪਾਬੰਦੀਆਂ ਹਟਣ ਤੋਂ ਬਾਅਦ ਜੇਕਰ ਲੋਕਾਂ ਨੇ ਇਹਤਿਆਤ ਨਾ ਵਰਤੀ ਤਾਂ ਪੰਜਾਬ ਵਿੱਚ ਇਸ ਖ਼ਤਰਨਾਕ ਵਾਇਰਸ ਦੀ ਲਾਗ ਦੇ ਮਰੀਜ਼ਾਂ ਵਿੱਚ ਅਚਨਚੇਤ ਵਾਧਾ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ 22 ਮਾਰਚ ਤੋਂ ਬਾਅਦ ਅਚਨਚੇਤ ਹੀ ਕਰਫਿਊ ਅਤੇ ਲੌਕਡਾਊਨ ਕਾਰਨ ਰਜਿਸਟਰੀਆਂ ਦਾ ਅਮਲ ਠੱਪ ਹੋ ਗਿਆ ਸੀ, ਪਰ ਕਿਸਾਨਾਂ ਵੱਲੋਂ ਜ਼ਮੀਨਾਂ ਦੀ ਖਰੀਦ ਸਬੰਧੀ ਬਿਆਨੇ ਕੀਤੇ ਜਾ ਚੁੱਕੇ ਸਨ। ਸਰਕਾਰ ਵੱਲੋਂ ਰਜਿਸਟਰੀਆਂ ਖੋਲ੍ਹਣ ਦਾ ਐਲਾਨ ਕਰਦਿਆਂ ਹੀ ਤਹਿਸੀਲਾਂ ਵਿੱਚ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ।

ਉਧਰ ਪੰਜਾਬ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ 37 ਨਵੇਂ ਕੇਸ ਰਿਪੋਰਟ ਹੋਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1914 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 32 ਦੱਸੀ ਗਈ ਹੈ। ਵਿਭਾਗ ਵੱਲੋਂ ਹੁਣ ਤੱਕ 43,999 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 3960 ਨੈਗੇਟਿਵ ਪਾਏ ਗਏ ਤੇ 3025 ਨਤੀਜਿਆਂ ਦੀ ਉਡੀਕ ਹੈ।

ਪੰਜਾਬ ਦੇ ਸਿਹਤ ਕੇਂਦਰਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ 1711 ਵਿਅਕਤੀ ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ ਜਲੰਧਰ ’ਚ 9, ਫਤਿਹਗੜ੍ਹ ਸਾਹਿਬ ਵਿੱਚ 8, ਲੁਧਿਆਣਾ ਵਿੱਚ 16, ਪਟਿਆਲਾ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਕੁਲ ਪਾਜ਼ੇਟਿਵ ਕੇਸਾਂ ਵਿੱਚੋਂ 171 ਵਿਅਕਤੀ ਕਰੋਨਾ ਦੀ ਲਾਗ ਨੂੰ ਮਾਤ ਦਿੰਦਿਆਂ ਸਿਹਤਯਾਬ ਹੋ ਚੁੱਕੇ ਹਨ।

Previous articleChinese mainland reports 7 new confirmed COVID-19 cases
Next articleUS Supreme Court hears cases over Trump’s tax returns