ਤਲਵਾੜਾ-ਪੌਂਗ ਡੈਮ ਸੜਕ ’ਤੇ ਹਾਦਸਾ; ਤਿੰਨ ਹਲਾਕ

ਤਲਵਾੜਾ-ਪੌਂਗ ਡੈਮ ਰੋਡ ਨਜ਼ਦੀਕ ਸੰਸਾਰਪੁਰ ਟੈਰਸ ਵਿਖੇ ਵਾਪਰੇ ਸੜਕ ਹਾਦਸੇ ’ਚ ਡੈਮ ਦੇ ਦੋ ਕਰਮਚਾਰੀਆਂ ਸਮੇਤ ਤਿੰਨ ਦੀ ਮੌਤ ਹੋ ਗਈ ਤੇ 7 ਵਿਅਕਤੀ ਜਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਤਲਵਾੜਾ-ਪੌਂਗ ਡੈਮ ਸੜਕ ਮਾਰਗ ’ਤੇ ਬੀ.ਬੀ.ਐਮ.ਬੀ. ਪ੍ਰਸ਼ਾਸਨ ਦੇ ਪਾਵਰ ਵਿੰਗ ਵਿਭਾਗ ਦੀ ਡੈਮਾਇਟ ਤੋਂ ਆ ਰਹੀ ਪਿਕਅੱਪ ਦੀ ਸੰਸਾਰਪੁਰ ਟੈਰਸ ਦੇ ਨਜ਼ਦੀਕ ਉਲਟ ਦਿਸ਼ਾ ’ਚ ਆ ਰਹੀ ਚਿੱਟੇ ਰੰਗ ਦੀ ਕਰੇਟਾ ਕਾਰ ਨੰਬਰ ਪੀ.ਬੀ.-10-ਜੀ.ਡੀ.-0155 ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਬੀਬੀਐਮਬੀ ਵਿਭਾਗ ਦੇ ਪਿਕਅੱਪ ਚਾਲਕ ਪ੍ਰੇਮ ਸਿੰਘ ਤੇ ਕਰੇਟਾ ਕਾਰ ਸਵਾਰ ਸੋਮਾ ਦੇਵੀ ਪਤਨੀ ਸੁਭਾਸ਼ ਨਿਵਾਸੀ ਗਗਰੇਟ (ਹਿ.ਪ੍ਰ.) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਜੇ.ਈ. ਪੰਕਜ ਸ਼ੁਕਲਾ ਦੀ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਭਾਗ ਦੇ ਹੀ ਐਸ.ਡੀ.ਓ. ਰਜਨੀਸ਼ ਕੁਮਾਰ, ਜੇ.ਈ.ਮੁਨੀਸ਼ ਯਾਦਵ, ਕਲਰਕ ਅਭੈ ਕੁਮਾਰ ਸਮੇਤ ਕਰੇਟਾ ਕਾਰ ਚਾਲਕ ਰਾਜਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ, ਸੁਰਿੰਦਰ ਸਿੰਘ, ਪ੍ਰਿਆ, ਸਾਹਿਲ ਆਦਿ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲਾਂ ’ਚ ਰੈਫ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਜੇ.ਈ.ਪੰਕਜ ਸ਼ੁਕਲਾ ਬਿਨ੍ਹਾਂ ਡਾਕਟਰੀ ਸਹਾਇਤਾ ਐਂਬੂਲੰਸ ‘ਚ ਹੀ ਕਰੀਬ ਡੇਢ ਘੰਟਾ ਪਿਆ ਰੈਫ਼ਰ ਕਰਨ ਦੀ ਮੰਗ ਕਰ ਰਿਹਾ ਸੀ, ਪਰ ਹਸਪਤਾਲ ਅਮਲੇ ਵੱਲੋਂ ਕਾਗਜ਼ ਪੱਤਰ ਤਿਆਰ ਕਰਨ ’ਚ ਕੀਤੀ ਦੇਰੀ ਕਾਰਨ ਉਸ ਦੀ ਮੌਤ ਹੋ ਗਈ। ਉਧਰ ਹਿਮਾਚਲ ਪ੍ਰਦੇਸ਼ ਪੁਲੀਸ ਨੇ ਕਰੇਟਾ ਕਾਰ ਚਾਲਕ ਰਾਜਿੰਦਰ ਕੁਮਾਰ ਵਿਰੁੱਧ ਧਾਰਾ 279/337 ਤਹਿਤ ਮਾਮਲਾ ਦਰਜ ਕਰ ਲਿਆ ਹੈ।

Previous articleਬਾਂਸਲ, ਕਿਰਨ ਤੇ ਧਵਨ ਇਕ ਮੰਚ ’ਤੇ ਹੋਏ ਇਕੱਠੇ
Next articleਆਈਪੀਐਲ: ਦਿੱਲੀ ਕੈਪੀਟਲਜ਼ ਨੂੰ ਝਟਕਾ