ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਪਹੁਵਿੰਡ ਤੋਂ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲੇਕੇ ਨੇੜੇ ਟਰਾਲੀ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਬੱਚਿਆਂ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਤੇ ਮਨਦੀਪ ਸਿੰਘ ਪੁੱਤਰ ਵਜ਼ੀਰ ਸਿੰਘ ਦਾ ਅੱਜ ਨਮ ਅੱਖਾਂ ਨਾਲ ਉਨ੍ਹਾਂ ਦੇ ਪਿੰਡ ਪਹੁਵਿੰਡ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪੁੱਜੀਆਂ ਤਾਂ ਪਿੰਡ ਵਿਚ ਸੋਗ ਫੈਲ ਗਿਆ। ਪਿੰਡ ਦੇ ਸ਼ਮਸ਼ਾਨਘਾਟ ਵਿਚ ਇਕੋ ਸਮੇਂ ਦੋਹਾਂ ਬੱਚਿਆਂ ਦੀ ਚਿਤਾ ਨੂੰ ਅਗਨੀ ਵਿਖਾਈ ਗਈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਸ਼ਾਸਨਿਕ, ਧਾਰਮਿਕ ਅਤੇ ਰਾਜਨੀਤਕ ਆਗੂ ਵੀ ਪੁੱਜੇ ਜਿਨ੍ਹਾਂ ਵਿਚ ਐੱਸਡੀਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ, ਐੱਸਪੀਡੀ ਜਗਜੀਤ ਸਿੰਘ ਵਾਲੀਆ, ਵਿਰਸਾ ਸਿੰਘ ਵਲਟੋਹਾ ਅਕਾਲੀ ਦਲ, ਕਾਂਗਰਸੀ ਆਗੂ ਗੁਰਚੇਤ ਸਿੰਘ ਭੁੱਲਰ ਤੇ ਬਾਬਾ ਬਿੱਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸ਼ਾਮਿਲ ਸਨ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਮ੍ਰਿਤਕ ਪਰਿਵਾਰ ਨੂੰ 5-5 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਘੱਟੋ-ਘੱਟ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਜੋ ਅਜਿਹੀਆਂ ਘਟਨਾਵਾਂ ਅੱਗੇ ਨਾ ਵਾਪਰਨ।

Previous articleਵਾਅਦੇ ਹੋਏ ਲੋਪ; ਲੌਲੀਪੌਪ ਦੇਣ ’ਚ ਸਰਕਾਰ ਟੌਪ
Next articleChina introduces NCoV close contact detection app