ਤਨਖਾਹ ਕਟੌਤੀ ਖ਼ਿਲਾਫ਼ ਥਰਮਲ ਕਾਮੇ ਮੋਬਾਈਲ ਟਾਵਰ ’ਤੇ ਚੜ੍ਹੇ

ਭੁੱਚੋ ਮੰਡੀ (ਸਮਾਜਵੀਕਲੀ): ਜੀ.ਐੱਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ ਲਹਿਰਾ ਮੁਹੱਬਤ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਕਾਮਿਆਂ ਦੀ ਤਨਖਾਹ ਕੱਟੇ ਜਾਣ ਦੇ ਵਿਰੋਧ ਵਿੱਚ ਅੱਜ ਸਵੇਰੇ ਪਰਿਵਾਰਾਂ ਸਮੇਤ ਥਰਮਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ। ਤਿੰਨ ਘੰਟੇ ਕੋਈ ਸੁਣਵਾਈ ਨਾ ਹੋਣ ‘ਤੇ ਕਾਮਿਆਂ ਨੇ ਥਰਮਲ ਪਲਾਂਟ ਦੀ ਪਾਵਰ ਕਲੋਨੀ ਦੇ ਗੇਟ ਅੱਗੇ ਜਾਮ ਲਗਾ ਦਿੱਤਾ। ਇਸ ਤੋਂ ਬਾਅਦ ਵੀ ਜਦੋਂ ਕੋਈ ਅਧਿਕਾਰੀ ਨਾ ਪੁੱਜਾ, ਤਾਂ ਰੋਹ ਵਿੱਚ ਆਏ ਕਾਮੇ ਮੋਬਾਈਲ ਟਾਵਰ ‘ਤੇ ਚੜ੍ਹ ਗਏ। ਸੰਘਰਸ਼ਕਾਰੀਆਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਥਰਮਲ ਦੇ ਮੁੱਖ ਇੰਜਨੀਅਰ ਲਖਵਿੰਦਰ ਸਿੰਘ ਲੱਖਾ, ਐੱਸਈ ਸਿਵਲ ਸਰਕਲ ਰਣਧੀਰ ਸਿੰਘ ਅਤੇ ਐੱਸਡੀਓ ਬਲਜੀਤ ਸਿੰਘ ਧਰਨੇ ਵਾਲੀ ਥਾਂ ’ਤੇ ਆ ਕੇ ਕੱਟੀਆਂ ਤਨਖਾਹਾਂ ਦੇਣ ਦਾ ਵਾਅਦਾ ਨਹੀਂ ਕਰਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ।

ਨਥਾਣਾ ਦੇ ਐੱਸਐੱਚਓ ਰਜਿੰਦਰ ਕੁਮਾਰ ਅਤੇ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਦੇ ਯਤਨਾ ਸਦਕਾ ਅਤੇ ਕਾਮਿਆਂ ਦੇ ਰੋਹ ਅੱਗੇ ਝੁਕਦਿਆਂ ਠੇਕੇਦਾਰ ਪਿਊਸ਼ ਬੱਸੀ ਅਤੇ ਵੈੱਲਫੇਅਰ ਅਫਸਰ ਸੁਖਵੀਰ ਸਿੰਘ ਸਿੱਧੂ ਨੇ 10 ਜੂਨ ਤੱਕ ਕਾਮਿਆਂ ਦੇ ਖਾਤਿਆਂ ਵਿੱਚ ਤਨਖਾਹਾਂ ਪਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਾਮਿਆਂ ਨੇ ਸ਼ਾਮ ਸਾਢੇ ਚਾਰ ਵਜੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿੱਚ ਬੱਚਿਆਂ ਨੇ ਵੀ ਮਾਪਿਆਂ ਦਾ ਡਟਵਾਂ ਸਹਿਯੋਗ ਦਿੱਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਜਗਸੀਰ ਸਿੰਘ ਨੇ ਕਿਹਾ ਕਿ ਸਿਵਲ ਸਰਕਲ ਸੈੱਲ (ਐੱਮ.ਐੱਮ.1) ਦੇ ਐੱਸਡੀਓ ਬਲਜੀਤ ਸਿੰਘ ਸਿੱਧੂ ਵੱਲੋਂ ਸਾਰੇ ਕੱਚੇ ਕਾਮਿਆਂ ਨੂੰ ਪੂਰੇ ਮਹੀਨੇ ਦੀ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ ਅਤੇ ਲੌਕਡਾਊਨ ਦੌਰਾਨ 50 ਫੀਸਦੀ ਕੱਚੇ ਕਾਮਿਆਂ ਨੂੰ ਹੀ ਡਿਊਟੀ ‘ਤੇ ਬੁਲਾਇਆ ਗਿਆ। ਪਿਊਸ਼ ਬੱਸੀ ਗੌਰਮਿੰਟ ਕੰਟਰੈਕਟਰ ਫਰਮ ਵੱਲੋਂ ਬੇਕਸੂਰ ਕਾਮਿਆਂ ਦੀ ਅਪਰੈਲ ਮਹੀਨੇ ਦੀ ਅੱਧੀ ਤਨਖਾਹ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਸੀ ਜਦੋਂ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਪਟਿਆਲਾ ਦੇ ਆਦੇਸ਼ਾਂ ਮੁਤਾਬਿਕ ਕੋਵਿਡ-19 ਮਹਾਂਮਾਰੀ ਦੌਰਾਨ ਕਿਸੇ ਵੀ ਕੱਚੇ ਕਾਮੇ ਦੀ ਤਨਖਾਹ ਨਾ ਕੱਟਣ ਦੀ ਹਦਾਇਤ ਹੈ। ਇਸ ਮੌਕੇ ਭਾਕਿਯੂ ਉਗਰਾਹਾਂ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ, ਭਾਰਤ ਨੌਜਵਾਨ ਸਭਾ ਅਮਨਦੀਪ ਕੌਰ, ਜਸਵੰਤ ਸਿੰਘ, ਪਰਮਜੀਤ ਕੌਰ, ਬਾਦਲ ਸਿੰਘ ਭੁੱਲਰ, ਨਾਇਬ ਸਿੰਘ, ਬਲਵਿੰਦਰ ਸਿੰਘ,ਯਾਦਵਿੰਦਰ ਸਿੰਘ ਅਤੇ ਜਗਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਥਰਮਲ ਮੈਨੇਜਮੈਂਟ ਦੇ ਰਵਈਏ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਥਰਮਲ ਦੇ ਕਾਮਿਆਂ ਨੂੰ ਪਾਵਰਕਾਮ ਵਿੱਚ ਜਲਦ ਪੱਕਾ ਕੀਤਾ ਜਾਵੇ।

Previous articleBiden berates Trump as protests over Floyd’s death continue
Next articleਸੈਕਟਰ-9 ਵਿੱਚ ਸ਼ਰਾਬ ਦੇ ਠੇਕੇ ’ਤੇ ਫਾਇਰਿੰਗ; ਦੋ ਜ਼ਖ਼ਮੀ