ਢਾਈ ਦਹਾਕੇ ਪੁਰਾਣੀਆਂ ਝੁੱਗੀਆਂ ’ਤੇ ਚੱਲਿਆ ਪੀਲਾ ਪੰਜਾ

ਸਥਾਨਕ ਰਿਸ਼ੀ ਨਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਕਥਿਤ ਤੌਰ ’ਤੇ ਨਾਜਾਇਜ਼ ਬਣੀਆਂ ਝੁੱਗੀਆਂ/ਆਰਜ਼ੀ ਦੁਕਾਨਾਂ ਅੱਜ ਨਗਰ ਸੁਧਾਰ ਟਰੱਸਟ ਲੁਧਿਆਣਾ ਨੇ ਕਾਰਵਾਈ ਕਰਦਿਆਂ ਢਾਹ ਦਿੱਤਾ। ਇਹ ਕਥਿਤ ਨਾਜਾਇਜ਼ ਕਬਜ਼ਾ ਪਿਛਲੇ 25-30 ਸਾਲ ਤੋਂ ਹੋਇਆ ਪਿਆ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਸਮੇਂ ਭਾਰੀ ਗਿਣਤੀ ’ਚ ਪੁਲੀਸ ਫੋਰਸ ਵੀ ਮੌਜੂਦ ਸੀ।
ਜਾਣਕਾਰੀ ਅਨੁਸਾਰ ਅੱਜ ਟਰੱਸਟ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਨੇ ਰਿਸ਼ੀ ਨਗਰ ਵਿਚ ਪਿਛਲੇ ਕਈ ਸਾਲਾਂ ਤੋਂ ਬਣੀਆਂ ਝੁੱਗੀਆਂ ’ਤੇ ਜੇਬੀਸੀ ਮਸ਼ੀਨਾਂ ਚਲਾ ਕੇ ਉਨ੍ਹਾਂ ਨੂੰ ਢਹਿ ਢੇਰੀ ਕਰ ਦਿੱਤਾ। ਇਸ ਮੌਕੇ ਭਾਵੇਂ ਕਈ ਸਥਾਨਕ ਲੋਕਾਂ ਵਿੱਚ ਗੁੱਸਾ ਦੇਖਿਆ ਗਿਆ ਪਰ ਪੁਲੀਸ ਦੇ ਹੁੰਦਿਆਂ ਕੋਈ ਅੱਗੇ ਨਹੀਂ ਆਇਆ। ਇਸ ਥਾਂ ’ਤੇ ਝੁੱਗੀਆਂ ਅਤੇ ਆਰਜ਼ੀ ਦੁਕਾਨਾਂ ਬਣਾ ਕੇ ਰਹਿ ਰਹੇ ਬਹੁਤੇ ਲੋਕ ਪ੍ਰਵਾਸੀ ਦੱਸੇ ਜਾ ਰਹੇ ਹਨ। ਆਪਣੀਆਂ ਅੱਖਾਂ ਸਾਹਮਣੇ ਝੁੱਗੀਆਂ ਢਹਿੰਦੇ ਦੇਖ ਕਈ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਹਾਲਤ ਤਾਂ ਇੰਨੀ ਤਰਸਯੋਗ ਸੀ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਿਹਾ। ਇੱਕ ਬੱਚਾ ਤਾਂ ਇੰਨਾ ਘਬਰਾ ਗਿਆ ਕਿ ਉਸ ਦੀ ਮਾਂ ਨੂੰ ਆਪਣੀ ਗੋਦ ਵਿੱਚ ਲੈਣਾ ਪਿਆ ਅਤੇ ਲੋਕਾਂ ਨੇ ਦੋਵਾਂ ਨੂੰ ਹੀ ਪਾਣੀ ਪਿਲਾ ਕੇ ਸ਼ਾਂਤ ਕੀਤਾ। ਇਥੇ ਮੌਜੂਦ ਕਈ ਲੋਕਾਂ ਦਾ ਕਹਿਣਾ ਸੀ ਕਿ ਇੰਨੀ ਦੇਰ ਦਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸੀ। ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਲੋਕਾਂ ਨੂੰ ਇਕਦਮ ਬੇ-ਘਰ ਕਰ ਦੇਣਾ ਕਿੱਥੋਂ ਦਾ ਇਨਸਾਫ ਹੈ। ਇੱਥੇ ਇਹ ਵੀ ਸੁਣਨ ਨੂੰ ਮਿਲਿਆ ਕਿ ਇਨ੍ਰਾਂ ਝੁੱਗੀਆਂ ਨੂੰ ਪਹਿਲਾਂ ਵੀ ਇੱਕ ਵਾਰ ਢਾਹੇ ਜਾਣ ਦੀ ਤਿਆਰੀ ਕੀਤੀ ਗਈ ਸੀ ਪਰ ਉਸ ਸਮੇਂ ਕਈ ਰਾਜਨੀਤਕ ਆਗੂ ਅੱਗੇ ਆ ਗਏ ਸਨ ਜਿਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਕਾਰਵਾਈ ਟਲ ਗਈ ਸੀ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਝੁੱਗੀਆਂ/ਦੁਕਾਨਾਂ ’ਤੇ ਕਾਰਵਾਈ ਹੋਈ, ਉਨ੍ਹਾਂ ਨੂੰ ਗਿਆਸਪੁਰਾ ਵਿਖੇ ਨਗਰ ਨਿਗਮ ਵੱਲੋਂ ਤਿਆਰ ਫਲੈਟਾਂ ’ਚ ਰਿਹਾਇਸ਼ ਕਰਵਾਈ ਜਾਵੇਗੀ।

Previous articleਅੰਨਾ ਹਜ਼ਾਰੇ ਵੱਲੋਂ ਭੁੱਖ ਹੜਤਾਲ ਦੀ ਚਿਤਾਵਨੀ
Next articleਚੀਫ਼ ਖ਼ਾਲਸਾ ਦੀਵਾਨ ਦੀ ਚੋਣ ਉੱਤੇ ਅਗਲੇ ਹੁਕਮਾਂ ਤੱਕ ਰੋਕ