ਡੇਵਿਸ ਕੱਪ ਵਿੱਚ ਇਟਲੀ ਦੀ 2-0 ਨਾਲ ਚੜ੍ਹਤ

ਭਾਰਤੀ ਡੇਵਿਸ ਕੱਪ ਟੀਮ ਨੂੰ ਗਰਾਸ ਕੋਰਟ ’ਤੇ ਖੇਡਣ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ ਅਤੇ ਅੱਜ ਇੱਥੇ ਕੋਲਕਾਤਾ ਸਾਊਥ ਕਲੱਬ ’ਚ ਖੇਡੇ ਜਾ ਰਹੇ ਕੁਆਲੀਫਾਇਰਜ਼ ਦੇ ਸ਼ੁਰੂਆਤੀ ਦਿਨ ਇਟਲੀ ਨੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤ ਕੇ 2-0 ਦੀ ਬੜ੍ਹਤ ਬਣਾ ਲਈ। ਤਜਰਬੇਕਾਰ ਆਂਦਰਿਆਸ ਸੈਪੀ ਨੇ ਰਾਮਕੁਮਾਰ ਰਾਮਨਾਥਨ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਇਟਲੀ ਨੂੰ ਭਾਰਤ ’ਤੇ 1-0 ਦੀ ਬੜ੍ਹਤ ਦਿਵਾ ਦਿੱਤੀ। ਉਸ ਤੋਂ ਬਾਅਦ 22 ਸਾਲਾਂ ਦੇ ਮਾਤੀਓ ਬੈਰੇਟਿਨੀ ਨੇ ਆਪਣੇ ਡੇਵਿਸ ਕੱਪ ਕਰੀਅਰ ਦੀ ਸ਼ੁਰੂਆਤ ਜਿੱਤ ਨਾਲ ਕਰਦੇ ਹੋਏ ਭਾਰਤ ਦੇ ਨੰਬਰ ਇਕ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ 6-4, 6-3 ਨਾਲ ਹਰਾ ਦਿੱਤਾ।
ਭਾਰਤ ਨੂੰ 0-2 ਤੋਂ ਪਿਛੜਨ ਤੋਂ ਬਾਅਦ ਸ਼ਨਿਚਰਵਾਰ ਨੂੰ ਖੇਡੇ ਜਾਣ ਵਾਲੇ ਡਬਲਜ਼ ਮੁਕਾਬਲੇ ਵਿੱਚ ਰੋਹਨ ਬੋਪੰਨਾ ਤੇ ਦਿਵਿਜ ਸ਼ਰਨ ਦੀ ਜੋੜੀ ਨੂੰ ਹਰ ਹਾਲ ਵਿਚ ਜਿੱਤ ਦਰਜ ਕਰਨੀ ਹਵੇਗੀ। ਇਸ ਮੁਕਾਬਲੇ ਵਿਚ ਭਾਰਤੀ ਜੋੜੀ ਦਾ ਸਾਹਮਣਾ ਇਟਲੀ ਦੇ ਸਿਖ਼ਰਲੇ ਸਿੰਗਲਜ਼ ਖਿਡਾਰੀ ਮਾਰਕੋ ਸੈਚੀਨਾਤੋ ਤੇ 2015 ਆਸਟਰੇਲਿਆਈ ਓਪਨ ਦੇ ਜੇਤੂ ਸਿਮੋਨ ਬੋਲੈਲੀ ਨਾਲ ਹੋਵੇਗਾ। ਭਾਰਤ ਜੇਕਰ ਇਹ ਮੁਕਾਬਲਾ ਹਾਰ ਜਾਂਦਾ ਹੈ ਤਾਂ ਉਹ ਏਸ਼ੀਆ ਓਸ਼ਿਆਨਾ ਗਰੁੱਪ ’ਚ ਹੀ ਬਣਿਆ ਰਹੇਗਾ।
ਟੀਮ ਦੇ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਪੂਰਾ ਧਿਆਨ ਭਲਕੇ ਹੋਣ ਵਾਲੇ ਮੈਚ ’ਤੇ ਹੈ। ਉਨ੍ਹਾਂ ਨੂੰ ਚੁਣੌਤੀ ਤੋਂ ਨਿਪਟਣਾ ਹੈ। ਇਹ ਕਾਫੀ ਮੁਸ਼ਕਿਲ ਹੋਵੇਗਾ। ਪੂਰਾ ਜ਼ੋਰ ਲਾਉਣਾ ਹੋਵੇਗਾ। ਭਾਰਤੀ ਟੀਮ ਏਸ਼ੀਆ-ਓਸ਼ਿਆਨਾ ਗਰੁੱਪ ਇਕ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਕਰ ਚੁੱਕੀ ਹੈ ਜਦੋਂ ਚੀਨ ਖ਼ਿਲਾਫ਼ ਸ਼ੁਰੂਆਤੀ ਦੋ ਮੈਚ ਗੁਆਉਣ ਤੋਂ ਬਾਅਦ ਉਸ ਨੇ 3-2 ਦੀ ਜਿੱਤ ਦਰਜ ਕੀਤੀ ਸੀ।
ਭਾਰਤੀ ਕਪਤਾਨ ਨੇ ਕਿਹਾ, ‘‘ਅਸੀਂ ਕਾਫੀ ਤਜਰਬੇਕਾਰ ਹਨ। ਜੇਕਰ ਅਸੀਂ ਆਪਣੇ ਮੌਕਿਆਂ ਦਾ ਫਾਇਦਾ ਉਠਾਉਣ ’ਚ ਸਫ਼ਲ ਰਹੇ ਤਾਂ ਇਸ ਦਾ ਫਾਇਦਾ ਮਿਲੇਗਾ। ਸਾਨੂੰ ਦੇਸ਼ ਲਈ ਖੇਡਣ ਦਬਾਅ ਬਾਰੇ ਪਤਾ ਹੈ। ਉਲਟਫੇਰ ਹੁੰਦੇ ਹਨ। ਚੀਨ ਵਿੱਚ ਅਜਿਹੀ ਹੋਇਆ ਸੀ। ਸਾਨੂੰ ਪਤਾ ਹੈ ਇਟਲੀ ਦੀ ਟੀਮ ਚੀਨ ਤੋਂ ਕਾਫੀ ਮਜ਼ਬੂਤ ਹੈ ਪਰ ਅਸੀਂ ਇਕ ਵਾਰ ’ਚ ਇਕ ਮੈਚ ’ਤੇ ਧਿਆਨ ਦੇਵਾਂਗੇ।’
ਇਟਲੀ ਨੇ ਦੁਨੀਆਂ ਦੇ 19ਵੇਂ ਨੰਬਰ ਦੇ ਖਿਡਾਰੀ ਮਾਰਕੋ ਸੈਚੀਨਾਤੋ ਨੂੰ ਸਿੰਗਲਜ਼ ਡਰਾਅ ਤੋਂ ਬਾਹਰ ਰੱਖਿਆ ਅਤੇ ਉਸ ਦੀ ਜਗ੍ਹਾ ਨੌਜਵਾਨ ਬੈਰੇਟਿਨੀ ਨੂੰ ਮੌਕਾ ਦਿੱਤਾ। ਬੈਰੇਟਿਨੀ ਨੇ ਇਸ ਤੋਂ ਪਹਿਲਾਂ ਚੈਂਗਦੂ ਏਟੀਪ ’ਚ ਪ੍ਰਜਨੇਸ਼ ਨੂੰ ਹਰਾਇਆ ਸੀ। ਉਸ ਨੇ ਸ਼ੁਰੂਆਤ ’ਚ ਹੀ ਦੋ ਵੱਡੇ ਫੋਰਹੈਂਡ ਸ਼ਾਟ ਖੇਡਦਿਆਂ ਪ੍ਰਜਨੇਸ਼ ’ਤੇ 15-40 ਦੀ ਬੜ੍ਹਤ ਬਣਾ ਕੇ ਬਰੇਕ ਪੁਆਇੰਟ ਹਾਸਲ ਕੀਤਾ। ਦਰਸ਼ਕ ਪ੍ਰਜਨੇਸ਼ ਦਾ ਹੌਸਲਾ ਵਧਾ ਰਹੇ ਸਨ ਪਰ ਉਹ ਪਹਿਲਾ ਸੈੱਟ ਹਾਰਣ ਤੋਂ ਬਾਅਦ ਥੋੜਾ ਦਬਾਅ ’ਚ ਆ ਗਿਆ ਸੀ ਜਿਸ ਦਾ ਇਟਲੀ ਦੇ ਖਿਡਾਰੀ ਨੇ ਵੀ ਫਾਇਦਾ ਉਠਾਇਆ।
ਇਸ ਤੋਂ ਪਹਿਲਾਂ ਦੁਨੀਆਂ ਦੇ 37ਵੇਂ ਨੰਬਰ ਦੇ ਖਿਡਾਰੀ ਸੈਪੀ ਨੇ ਕਲਕੱਤਾ ਸਾਊਥ ਕਲੱਬ ਦੇ ਗਰਾਸ ਕੋਰਟ ’ਤੇ ਧੀਮੀ ਸ਼ੁਰੂਆਤ ਕੀਤੀ ਪਰ ਇਕ ਘੰਟੇ 11 ਮਿੰਟ ਤੱਕ ਚੱਲਿਆ ਮੁਕਾਬਲਾ 6-4, 6-2 ਨਾਲ ਜਿੱਤ ਲਿਆ। ਰਾਮਨਾਥਨ ਨੇ ਅੱਠ ਏਸ ਲਾਏ ਪਰ ਕਮਜ਼ੋਰ ਰਿਟਰਨ ਦਾ ਉਸ ਨੂੰ ਖ਼ਮਿਆਜ਼ਾ ਭੁਗਤਣਾ ਪਿਆ। ਉਹ ਪਹਿਲੇ ਸੈੱਟ ’ਚ ਦੋ ਬਰੇਕ ਪੁਆਇੰਟ ਦਾ ਫਾਇਦਾ ਨਹੀਂ ਲੈ ਸਕਿਆ ਪਰ ਸੈਪੀ ਨੇ ਪੰਜ ਬਰੇਕ ਪੁਆਇੰਟ ਲੈ ਕੇ ਪਹਿਲਾ ਸੈੱਟ 41 ਮਿੰਟ ’ਚ ਜਿੱਤ ਲਿਆ।
ਇਟਲੀ ਨੇ ਸੈਪੀ ਨੂੰ ਮਾਰਕੋ ਸੈਚੀਨਾਤੋ ਦੀ ਜਗ੍ਹਾ ਆਪਣਾ ਨੰਬਰ ਇਕ ਖਿਡਾਰੀ ਐਲਾਨਣ ਦਾ ਖ਼ਤਰਾ ਲਿਆ ਸੀ। ਮਾਰਕੋ ਨੇ ਪਿਛਲੇ ਸਾਲ ਫਰੈਂਚ ਓਪਨ ’ਚ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ। ਦੁਨੀਆਂ ਦੇ 133ਵੇਂ ਨੰਬਰ ਦਾ ਖਿਡਾਰੀ ਰਾਮਕੁਮਾਰ ਦੂਜੇ ਤੇ ਅੱਠਵੇਂ ਗੇਮ ’ਚ ਦੋ ਬਰੇਕ ਪੁਆਇੰਟ ਦਾ ਫਾਇਦਾ ਚੁੱਕਣ ’ਚ ਅਸਫ਼ਲ ਰਿਹਾ।

Previous articleਰਿਆਇਤਾਂ ਤੇ ਸੌਗਾਤਾਂ ਵਾਲਾ ਚੋਣ ਬਜਟ
Next articleਈਵੀਐਮ: ਵਿਰੋਧੀ ਧਿਰਾਂ ਸੋਮਵਾਰ ਨੂੰ ਚੋਣ ਕਮਿਸ਼ਨ ਕੋਲ ਕਰਨਗੀਆਂ ਪਹੁੰਚ