ਡੇਰਾਵਾਦ ਤੇ ਬਾਬਿਆਂ ਦੀ ਦਲਦਲੀ ਉੱਪਜ 

(ਸਮਾਜ ਵੀਕਲੀ) 

              ਭਾਰਤ ਦੇ ਉਤੇ ਅੰਗਰੇਜ਼ਾਂ ਦੇ ਕਾਰਜਕਾਲ ਦੌਰਾਨ ਪੰਜਾਬੀਆਂ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਸਿੱਖ ਮੋਢੀ ਹੁੰਦੇ ਸਨ ਅਨੇਕਾਂ ਮੋਰਚੇ ਲਗਾਏ,ਪੰਜਾਬੀਆਂ  ਸਿੰਘਾਂ ਦੀ ਬਹਾਦਰੀ ਨੇ ਆਪਣੇ ਜ਼ੋਰ  ਤੇ ਕੁਰਬਾਨੀਆਂ ਨਾਲ ਸਾਰੇ ਮੋਰਚੇ ਫ਼ਤਹਿ ਕੀਤੇ।ਜੈਤੋ ਦੇ ਮੋਰਚੇ ਦੀ ਫ਼ਤਹਿ ਵੇਖ ਕੇ ਅੰਗਰੇਜ਼ ਸਾਮਰਾਜ ਹਿੱਲ ਗਿਆ ਤੇ ਖੋਜ ਸ਼ੁਰੂ ਕੀਤੀ ਕੇ ਪੰਜਾਬੀਆਂ ਦੇ ਅੰਦਰ ਅਜਿਹੀ ਕਿਹੜੀ ਬਹਾਦਰੀ ਹੈ।ਪੰਜਾਬੀ ਯੋਧੇ ਆਪਣੇ ਅੰਦਰ ਵਾਲੀ ਬਹਾਦਰੀ ਕਦੇ ਵੀ ਨਹੀਂ ਦੱਸਣਗੇ ਚਾਹੇ ਕੁਰਬਾਨੀ ਦੇਣੀ ਪੈ ਜਾਵੇ।ਅੰਗਰੇਜ਼ੀ ਫੌਜ ਵਿਚ ਵਫ਼ਾਦਾਰੀ ਨਾਲ ਸਰਕਾਰੀ ਕੰਮ ਕਰਨ ਵਾਲੇ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਖ਼ਾਸ ਵਾਰਤਾਲਾਪ ਤੇ ਜਾਣਕਾਰੀ ਲਈ ਬੁਲਾਇਆ।ਇਸ ਹੰਗਾਮੀ ਮੀਟਿੰਗ ਵਿਚੋਂ ਜੋ ਨਤੀਜਾ ਅੰਗਰੇਜ਼ਾਂ ਨੂੰ ਮਿਲਿਆ ਉਹ ਇਹ ਸੀ ਕਿ ਇਹ  ਕੁਰਬਾਨੀਆਂ ਦੇਣ ਵਾਲੇ ਬਹਾਦਰ ਲੋਕਾਂ ਦਾ ਆਧਾਰ ਸਿੱਖੀ ਸਿਧਾਂਤ ਹੈ।ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਕੁਝ ਪੜ੍ਹੇ ਲਿਖੇ ਆਪਣੇ ਫੌਜੀਆਂ ਨੂੰ ਇਕੱਠਾ ਕਰਕੇ ਆਪਣੇ ਖ਼ਾਸ ਮਕਸਦ ਦੀ ਪੂਰਤੀ ਲਈ ਵਿਸ਼ੇਸ਼ ਸਿੱਖਿਆ ਸੰਤਗਿਰੀ ਦੇਣੀ ਚਾਲੂ ਕੀਤੀ ਗਈ।ਅੰਗਰੇਜ਼ ਪ੍ਰਸ਼ਾਸਨ ਚਾਹੁੰਦਾ ਸੀ ਕਿ ਸਿੱਖੀ ਸਿਧਾਂਤ ਨੂੰ ਖ਼ਤਮ ਕਰਕੇ ਸਿੱਖ ਧਰਮ ਵਿਚ ਬਦਲ ਦਿੱਤਾ ਜਾਵੇ।ਪਹਿਲੀ ਖੋਜ ਇਨ੍ਹਾਂ ਨੇ ਬਾਬਾਵਾਦ ਦੀ ਲਹਿਰ ਚਾਲੂ ਕੀਤੀ ਤਾਂ ਜੋ ਉਹ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਆਪਣੇ ਰੰਗ ਵਿਚ ਰੰਗਣ ਤਾ ਜੋ ਬਹਾਦਰੀ ਦਾ ਅੰਤ ਹੋ ਜਾਵੇ ।

 ਲ ਆਪਣੀ ਫ਼ੌਜ ਵਿਚੋਂ ਜੋ ਮੁੱਖ ਚੁਣੇ ਗਏ ਉਨ੍ਹਾਂ ਦੇ ਨਾਮ ਭਾਈ ਜੈਮਲ ਸਿੰਘ, ਰਾਮ ਸਿੰਘ, ਨੌਰੰਗਾਬਾਦ ਵਾਲਾ ਭਾਈ ਬੀਰ ਸਿੰਘ, ਮੱਘਰ ਸਿੰਘ ਰਾਮਗਡ਼੍ਹ,ਅਤਰ ਸਿੰਘ, ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਰੇਰੂ ਵਾਲਾ ਤੇ ਅਤਰ ਸਿੰਘ ਘੁੰਨਸ ਵਾਲ਼ਾ ਇਨ੍ਹਾਂ ਸਾਰੇ ਫ਼ੌਜੀਆਂ ਨੂੰ ਸਿੱਖ ਧਰਮ ਸਬੰਧੀ ਅਜੀਬ ਤਰ੍ਹਾਂ ਦੀ ਸਿਖਲਾਈ ਦੇਣੀ ਚਾਲੂ ਕਰ ਦਿੱਤੀ ਗਈ।ਜਿਸ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਛੱਡ ਕੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਮਨ ਘੜਤ ਕਹਾਣੀਆਂ ਰਾਹੀਂ ਅਜਿਹੇ ਰੱਬ ਦੇ ਦਰਸ਼ਨ ਕਰਾਏ ਜਾਣ ਜੋ ਕਿ ਉਨ੍ਹਾਂ ਦੇ ਚਰਨਾਂ ਵਿਚ ਆ ਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।ਪ੍ਰਵਚਨ ਸੁਣਾਉਣ ਦੀ ਬਹੁਤ ਵਧੀਆ ਸਿੱਖਿਆ ਦਿੱਤੀ ਗਈ।ਅੰਗਰੇਜ਼ਾਂ ਦੀ ਫ਼ੌਜ ਵਿੱਚ ਉੱਚ ਸਿੱਖਿਆ ਪ੍ਰਾਪਤ ਫ਼ੌਜੀ ਜ਼ਿਆਦਾ ਨਹੀਂ ਹੁੰਦੇ ਸਨ ਕੰਮ ਚਲਾਊ ਪੜ੍ਹਾਈ ਵਾਲੇ ਫ਼ੌਜੀ ਸਨ ਜਿਨ੍ਹਾਂ ਨੂੰ ਸਿਰਫ਼ ਅੱਖਰ ਪੜ੍ਹਨੇ ਆਉਂਦੇ ਸਨ, ਉਨ੍ਹਾਂ ਦਾ ਮਤਲਬ ਕੀ ਹੈ? ਇਸ ਜਾਣਕਾਰੀ ਤੋਂ ਕੋਹਾਂ ਦੂਰ ਸਨ।ਅੰਗਰੇਜ਼ੀ ਸਰਕਾਰ ਦਾ ਅਗਲਾ ਉਪਰਾਲਾ ਸੀ ਕਿ ਅਜਿਹੇ ਸਿੱਖਿਆ ਪ੍ਰਾਪਤ ਬਾਬਿਆਂ,ਸੰਤਾਂ ਨੂੰ ਵੱਖ ਵੱਖ ਥਾਵਾਂ ਤੇ ਸਥਾਪਤ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਜਾ ਕੇ ਪ੍ਰਾਪਤ ਕੀਤੀ ਸਿੱਖਿਆ ਵੰਡ ਕੇ ਲੋਕਾਂ ਨੂੰ ਅੰਨ੍ਹੇ ਬਣਾ ਦੇਣ।ਅਜਿਹੀ ਥਾਂ ਲੱਭਣ ਲਈ ਸੇਵਾ ਨਿਭਾ ਚੁੱਕੇ ਫੌਜੀ ਜਰਨੈਲ ਇਲਾਕੇ ਦੇ ਜ਼ੈਲਦਾਰਤੇ ਜਗੀਰਦਾਰਾਂ ਦੇ ਸਹਿਯੋਗ ਨਾਲ ਥਾਪੇ ਹੋਏ ਨਾਮ ਦੇ ਅੱਗੇ ਲੱਗੇ ਬਾਬੇ ਤੇ ਸੰਤਾਂ ਦੇ ਆਧਾਰ ਤੇ ਡੇਰੇ, ਠਾਠ,ਭੌਰੇਖ਼ਾਸ ਠਿਕਾਣੇ ਸਥਾਪਤ ਕਰ ਦਿੱਤੇ।ਭਾਈ ਜੈਮਲ ਸਿੰਘ ਦਾ ਰਾਧਾ ਸੁਆਮੀ ਡੇਰਾ ਸਥਾਪਤ ਕੀਤਾ,ਸਿੱਖ ਧਰਮ ਵਿਚੋਂ ਇਕ ਨਮੀ ਵੇਲ ਨਾਮਧਾਰੀ ਪੈਦਾ ਕਰਕੇ ਰਾਮ ਸਿੰਘ ਨੂੰ ਮੁਖੀ ਥਾਪ ਦਿੱਤਾ ਗਿਆ।ਭਾਈ ਅਤਰ ਸਿੰਘ ਦਾ ਮਸਤੂਆਣਾ ਡੇਰਾ ਸਥਾਪਤ ਕਰ ਦਿੱਤਾ।ਜਿੱਥੇ ਵੀ ਬਾਬੇ ਜਾਂ ਸੰਤ ਨੇ ਤਮੰਨਾ ਕੀਤੀ ਖੁੱਲ੍ਹੇ ਰੂਪ ਵਿੱਚ ਉਸ ਨੂੰ ਜ਼ਮੀਨ ਦਾਨ ਦੇ ਰੂਪ ਵਿੱਚ ਦੇ ਦਿੱਤੀ ਗਈ।

                                            ਪੂਰਾ ਪੰਜਾਬ ਜੋ ਉਸ ਸਮੇਂ ਡੇਰਾਵਾਦ ਦੇ ਜਾਲ ਵਿਛਾ ਕੇ ਭਰ ਦਿੱਤਾ ਗਿਆ ਹੁਣ ਜ਼ਰੂਰਤ ਸੀ ਲੋਕਾਂ ਨੂੰ ਕਿਸ ਤਰ੍ਹਾਂ ਉਨ੍ਹਾਂ ਦੇ ਪਿੱਛੇ ਲਾਇਆ ਜਾ ਸਕੇ।ਇਲਾਕੇ ਦੇ ਮੋਢੀ ਲੋਕਾਂ ਨੂੰ ਬਾਬਿਆਂ ਦੀ ਚੌਂਕੀ ਭਰਨ ਲਈ ਅੰਗਰੇਜ਼ੀ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤੇ।ਪੰਜਾਬ ਅਨਪੜ੍ਹਤਾ ਤੇ ਭੁੱਖ ਮਰੀ ਨਾਲ ਜੂਝ ਰਿਹਾ ਸੀ ਤਾਂ ਆਪਣੇ ਪਿੰਡ ਦੇ ਮੋਢੀਆਂ ਦੇ ਪਿੱਛੇ ਲੱਗਣਾ ਹੀ ਸੀ ਤੇ ਬਾਬਿਆਂ ਦੀ ਲਹਿਰ ਚਾਲੂ ਹੋ ਗਈ ਤੇ ਲੋਕਾਂ ਦੀ ਬਹਾਦਰੀ ਨੁਮਾ ਤਾਕਤ ਰੱਬ ਦਾ ਨਾਮ ਜਪਣ ਵੱਲ ਲੱਗਣੀ ਸ਼ੁਰੂ ਹੋ ਗਈ।ਸਿੱਖ ਧਰਮ ਦਾ ਮੁੱਖ ਨਿਸਾਨ ਕੇਸਰੀ ਝੰਡਾ ਇਨ੍ਹਾਂ ਨੇ ਖ਼ਤਮ ਕਰ ਦਿੱਤਾ ਮੁੱਖ ਸਿੱਖ ਜੋ ਆਪਣੇ ਪਹਿਰਾਵੇ ਵਿੱਚ ਨੀਲਾ ਰੰਗ ਤੇ ਕੇਸਰੀ ਰੰਗ ਵਰਤਦੇ ਸਨ, ਉਸ ਨੂੰ ਬਦਲ ਕੇ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਬਣਾ ਦਿੱਤਾ।ਗੁਰੂਆਂ ਦੀ ਸਿੱਖਿਆ ਮਨਫ਼ੀ ਹੋ ਗਈ ਤੇ ਨਵੀਂ ਵਰਦੀ ਨੇ ਚਿੱਟੀ ਸਿਉਂਕ ਦਾ ਜਨਮ ਥਾਂ ਥਾਂ ਤੇ ਪੈਦਾ ਕਰ ਦਿੱਤਾ,ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਲੋਕ ਬਾਬਿਆਂ ਸੰਤਾਂ ਤੇ ਸਾਧਾਂ ਨੂੰ ਪੂਜਣ ਲੱਗੇ।ਦਸਤਾਰਾਂ ਦੀ ਥਾਂ ਤੇ ਪਰਨੇ ਬੰਨ੍ਹਣੇ ਚਾਲੂ ਕਰ ਦਿੱਤੇ ਗਏ,ਦਸਤਾਰ ਸਿੱਖਾਂ ਦੀ ਅਜਿਹੀ ਸ਼ਾਨ ਸੀ ਲੱਖਾਂ ਵਿੱਚ ਖੜ੍ਹਾ ਵੀ ਦੂਰੋਂ ਵਿਖਾਈ ਦਿੰਦਾ ਸੀ ਉਹ ਸ਼ਾਨ ਖ਼ਤਮ ਹੋ ਗਈ।ਕਿਰਪਾਨ ਜੋ ਆਪਣੀ ਰੱਖਿਆ ਲਈ ਜ਼ਰੂਰਤਮੰਦ ਲੋਕ ਜੋ ਧਾਰਨ ਕਰਦੇ ਸਨ, ਉਸ ਨੂੰ ਗਾਤਰਾ ਜਾਂ ਗਲ ਵਿਚ ਲਟਕਾਉਣ ਵਾਲਾ ਤਵੀਤ ਬਣਾ ਦਿੱਤਾ ਗਿਆ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਿਆ ਜੋ ਕੀਰਤਨ ਰੂਪੀ ਬੈਠ ਕੇ ਵਿਚਾਰੀ ਜਾਂਦੀ ਸੀ,ਉਸ ਦੀ ਥਾਂ ਤੇ ਮੰਤਰ, ਪਾਠ, ਅਖੰਡ ਪਾਠ, ਸੰਪਟ ਪਾਠ, ਮੰਤਰ ਤੰਤਰ ਪੂਰਾ ਚਾਲੂ ਕਰ ਦਿੱਤਾ ਗਿਆ।ਕੰਨ ਵਿੱਚ ਫੂਕ ਮਾਰ ਕੇ ਸ਼ਬਦ ਦੱਸਣਾ ਅਜਿਹਾ ਲੋਕਾਂ ਦੀ ਭਾਈਚਾਰਕ ਸਬੰਧਾਂ ਨੂੰ ਤੋੜਨ ਲਈ ਬਹੁਤ ਸੋਹਣਾ ਤਰੀਕਾ ਅਪਣਾਇਆ ਗਿਆ।

                       ਸਿੱਖੀ ਸਿਧਾਂਤ ਜਿਸ ਦਾ ਅਰਥ ਸੀ ਜੋ ਵੀ ਚੰਗੀ ਚੀਜ਼ ਹੈ ਉਸ ਨੂੰ ਸੁਣ ਕੇ ਜਾਂ ਦੇਖ ਕੇ ਆਪਣੀ ਜ਼ਿੰਦਗੀ ਵਿਚ ਆਧਾਰ ਰੂਪੀ ਸਥਾਪਤ ਕਰੋ, ਉਸ ਨੂੰ ਬਦਲ ਕੇ ਨਾਮਧਾਰੀਏ, ਬਿਆਸੀਏ, ਠਾਠ ਵਾਲੇ ਅਜਿਹੇ ਅਨੇਕਾਂ ਨਾਮ ਜਾਤੀਵਾਦ ਦੇ ਰੂਪ ਵਿੱਚ ਖੜ੍ਹੇ ਕਰ ਦਿੱਤੇ ਗਏ।ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਸਿੱਖਣ ਦਾ ਜੋ ਪਾਠ ਦਿੱਤਾ ਸੀ ਉਸ ਨੂੰ ਖੜ੍ਹੇ ਪਾਣੀ ਦੇ ਬਰਾਬਰ ਬਣਾ ਦਿੱਤਾ, ਜਿਸ ਨਾਲ ਸੜਾਂਦ ਦਾ ਪੈਦਾ ਹੋਣਾ ਜ਼ਰੂਰੀ ਹੀ ਸੀ ਜੋ ਹੋ ਰਿਹਾ ਹੈ।ਸਤਿ ਸ੍ਰੀ ਆਕਾਲ ਜਾਂ ਉਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੋ ਇੱਕ ਦੂਜੇ ਨੂੰ ਮਿਲਣ ਵੇਲੇ ਜ਼ੋਰ ਸ਼ੋਰ ਨਾਲ ਵਰਤ ਕੇ ਇਕ ਸ਼ਕਤੀ ਪੈਦਾ ਹੁੰਦੀ ਸੀ।ਉਸ ਨੂੰ ਖਤਮ ਕਰਕੇ ਡੇਰਿਆਂ ਜਾਂ ਬਾਬਿਆਂ ਦੇ ਨਾਮ ਜਾਂ ਉਨ੍ਹਾਂ ਦੇ ਦਿੱਤੇ ਹੋਏ ਕੰਨ ਵਿੱਚ ਬੋਲੇ ਜਾਣ ਵਾਲੇ ਮੰਤਰ ਵਰਤੇ ਜਾਣ ਲੱਗ ਪਏ।ਅੰਗਰੇਜ਼ ਸਰਕਾਰ ਵੱਲੋਂ ਫ਼ੌਜੀ ਸੰਤ ਜਾਂ ਬਾਬੇ ਬਣ ਗਏ ਪਰ ਫਿਰ ਵੀ ਉਨ੍ਹਾਂ ਦੀ ਹਾਜ਼ਰੀ  ਫੌਜ ਦੇ ਰਜਿਸਟਰਾਂ ਵਿੱਚ ਲੱਗਦੀ ਸੀ ਤੇ ਤਨਖਾਹ ਮਿਲਦੀ ਸੀ।ਬਾਬਿਆਂ ਤੇ ਸੰਤਾਂ ਦਾ ਮੱਕੜ ਜਾਲ ਲੋਕਾਂ ਉੱਤੇ ਏਨਾ ਭਾਰੂ ਹੋ ਚੁੱਕਿਆ ਸੀ, ਕਿ ਦਾਨ ਵਿਚ ਪੈਸਾ ਧੇਲਾ ਤਾਂ ਆਮ ਗੱਲ ਸੀ ਜ਼ਮੀਨਾਂ ਜਾਇਦਾਦਾਂ ਦੇਣੀ ਚਾਲੂ ਕਰ ਦਿੱਤੀ।ਸਿੱਖੀl ਸਿਧਾਂਤਾਂ ਨੂੰ ਤੋੜ ਕੇ ਹਰ ਬਾਬੇ ਨੇ ਆਪਣੀ ਸਲਤਨਤ ਕਾਇਮ ਕਰ ਲਈ ਲੋਕਾਂ ਨੇ ਮਿਹਨਤ ਛੱਡ ਕੇ ਜੋ ਸਬਕ ਪੜ੍ਹਾਇਆ ਗਿਆ ਸੀ ਉਹ ਸਿਰਫ ਰੱਬ ਰੱਬ ਕਰਨ ਵਾਲੇ ਬਣਾ ਦਿੱਤੇ ਗਏ।

                         ਪੰਜਾਬ ਵਿੱਚ ਸਥਾਪਤ ਧਰਮ ਸਿੱਖ ਹਿੰਦੂ ਤੇ ਮੁਸਲਿਮ ਵਿਚੋਂ ਗਰੀਬ ਪਰਿਵਾਰਾਂ ਨੂੰ ਆਪਣਾ ਆਧਾਰ ਬਣਾਇਆ ਗਿਆ।ਪੰਜਾਬ ਵਿੱਚ ਗ਼ਰੀਬੀ ਦਾ ਕਾਰਨ ਨਸ਼ੇ ਜਿਨ੍ਹਾਂ ਵਿਚ ਮੁੱਖ ਸ਼ਰਾਬ ਸੀ।ਜਿਸ ਨਾਲ ਪੰਜਾਬ ਦੇ ਬਹੁਗਿਣਤੀ ਘਰਾਂ ਦੀ ਜ਼ਿੰਦਗੀ ਤਬਾਹ ਹੋ ਰਹੀ ਸੀ।ਇਸ ਨੂੰ ਇਹ ਨਾ ਬਾਬਿਆਂ ਸਾਧਾਂ ਸੰਤਾਂ ਨੇ ਮੁੱਖ ਵਿਸ਼ਾ ਬਣਾਇਆ ਆਪਣੇ ਨਾਲ ਜੋੜਨ ਦਾ ਇੱਕ ਪੰਥ ਦੋ ਕਾਜ ਵਾਲਾ ਨਿਸ਼ਾਨਾ ਬਣਾਇਆ ਕਿ ਅਸੀਂ ਜੋ ਸ਼ਬਦ ਜਾਂ ਮੰਤਰ ਦੇਵਾਂਗੇ ਉਹ ਲੈ ਲਵੇਗਾ ਕੋਈ ਵੀ ਨਸ਼ਾ ਨਹੀਂ ਕਰੇਗਾ  ਸਾਡੀਆਂ ਬੀਬੀਆਂ ਭੈਣਾਂ ਅਜਿਹੇ ਸਾਧਾਂ ਸੰਤਾਂ ਦੀ ਜਕੜ ਵਿਚ ਜਲਦੀ ਆਉਂਦੀਆਂ ਹਨ।ਇਕ ਦੂਸਰੀ ਨੂੰ ਦੱਸਣਾ ਚਾਲੂ ਕੀਤਾ ਕਿ ਮੈਂ ਆਪਣੇ ਪਤੀ ਨੂੰ ਸੁਧਾਰ ਲਿਆ ਸਭ ਨਸ਼ੇ ਬੰਦ ਕਰਾ ਦਿੱਤੇ,ਸੱਤਰ ਦੇ ਦਹਾਕੇ ਵਿਚ ਇਸ ਲਹਿਰ ਨਾਲ ਲੱਖਾਂ ਲੋਕ ਇਨ੍ਹਾਂ ਡੇਰਿਆਂ ਸਾਧਾਂ ਤੇ ਸੰਤਾਂ ਨਾਲ ਜੁੜ ਗਏ।ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਲਈ ਇਨ੍ਹਾਂ ਦੀ ਹਰ ਸ਼ਹਿਰ ਵਿੱਚ ਇੱਕ ਕਮੇਟੀ ਹੁੰਦੀ ਹੈ ਜੋ ਪੈਸੇ ਇਕੱਠੇ ਕਰ ਕੇ ਕੰਮਕਾਰ ਚਾਲੂ ਕਰਵਾ ਦਿੰਦੀ ਹੈ।ਆਪਣੇ ਵੱਲੋਂ ਡੇਰਿਆਂ ਨੇ ਥੋੜ੍ਹਾ ਬਹੁਤ ਖ਼ਰਚਾ ਕਰਕੇ ਮੁੰਡੇ ਕੁੜੀਆਂ ਦੇ ਵਿਆਹ ਕਰਾਉਣੇ ਚਾਲੂ ਕਰ ਦਿੱਤੇ ਲੋਕਾਂ ਦੇ ਮਸਲੇ ਹੱਲ ਹੋਣ ਲੱਗੇ,ਇਸ ਇਸ ਜਾਲ ਵਿੱਚ ਫਸੇ ਲੋਕ ਬਾਬੇ ਨੂੰ ਰੱਬ ਮੰਨਣ ਲੱਗੇ ਔਰਤਾਂ ਦਾ ਸ਼ੋਸ਼ਣ ਇਨ੍ਹਾਂ ਦੇ ਡੇਰਿਆਂ ਤੇ ਹੋਣਾ ਹੀ ਸੀ ਕਿਉਂਕਿ ਉਨ੍ਹਾਂ ਦੇ ਰੱਬ ਸਨ।

                                            ਡੇਰਿਆਂ ਦਾ ਆਧਾਰ ਦੇਖ ਕੇ ਰਾਜਨੀਤਕ ਪਾਰਟੀਆਂ ਨੇ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਸਾਰੇ ਸੰਤਾਂ ਨੂੰ ਸਹਾਰਾ ਦਿੱਤਾ  ਜੋ ਸੰਤਾਂ ਨੇ ਕੰਜਰਖ਼ਾਨਾ ਕੀਤਾ ਹੈ ਸਾਰੀ ਦੁਨੀਆਂ ਜਾਣਦੀਹੈ। ਇਹ ਸਭ ਕੁਝ ਗਲਤ ਹੋ ਰਿਹਾ ਹੈ ਸਾਡੇ ਸਥਾਪਤ ਧਰਮਾਂ ਦੀਆਂ ਸੰਸਥਾਵਾਂ ਦੇ ਮੋਢੀ ਚੁੱਪ ਹਨ ਕਿਉਂਕਿ ਉਨ੍ਹਾਂ ਨੂੰ ਕੀ ਡੇਰਿਆਂ ਤੇ ਬਾਬਿਆਂ ਦੀ ਕਮਾਈ ਵਿੱਚੋਂ ਹਿੱਸਾ ਮਿਲਦਾ ਹੈ।ਆਏ ਦਿਨ ਇਹ ਬਾਬੇ ਤੇ ਡੇਰਿਆਂ ਵਿਚ ਕੀ ਹੋ ਰਿਹਾ ਹੈ ਵੇਖ ਕੇ ਸਾਡੇ ਧਰਮ ਗੁਰੂ ਤੇ ਸਰਕਾਰਾਂ ਚੁੱਪ ਹਨ।ਸਾਡੀਆਂ ਧੀਆਂ ਭੈਣਾਂ ਤੇ ਬੱਚਿਆਂ ਦਾ ਸ਼ੋਸ਼ਣ ਹੋਇਆ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਵੋਟ ਬੈਂਕ ਮਜ਼ਬੂਤ ਰੱਖਣ ਲਈ ਉਨ੍ਹਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਣ ਦਿੱਤੀ।ਅੱਜ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਦੋਂ ਵੀ ਕੋਈ ਧਰਮ ਦੇ ਸੱਚ ਦੀ ਗੱਲ ਕਰਨ ਲੱਗਦੀ ਹੈ ਤਾਂ ਇਹ ਬਾਬੇ ਉਸ ਦੀ ਘੰਡੀ ਨੱਪਦੇ ਹਨ।ਇਹ ਬਾਬਾ ਵਾਦ ਵਾਲੇ ਸ਼ਰ੍ਹੇਆਮ ਇਨਕਲਾਬੀ ਨੌਜਵਾਨਾਂ ਤੇ ਹਮਲਾ ਕਰਦੇ ਹਨ ਪਰ ਸਰਕਾਰਾਂ ਚੁੱਪ ਰਹਿੰਦੀਆਂ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਸੰਸਥਾ ਹੈ,ਉਹ ਕੋਈ ਵੀ ਸੁਧਾਰ ਕਰਨ ਦਾ ਪੂਰਾ ਹੱਕ ਰੱਖਦੀ ਹੈ।ਪਰ ਇਕ ਰਾਜਨੀਤਕ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਆਪਣੀ ਜੇਬ ਵਿੱਚ ਪਾ ਲਿਆ ਹੈ, ਸ਼ਰ੍ਹੇਆਮ ਸਿੱਖ ਧਰਮ ਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ ਹੈ।ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਮੁੱਖ ਆਧਾਰ ਹੈ ਉਸ ਨੂੰ ਛੱਡ ਕੇ ਅਨੇਕਾਂ ਮਿਥਿਹਾਸਕ ਕਹਾਣੀਆਂ ਦੇ ਗ੍ਰੰਥ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਪੜ੍ਹੇ ਜਾ ਰਹੇ ਹਨ।ਇਹੀ ਕੁਝ ਹੀ ਡੇਰਾਵਾਦ ਵਾਲੇ ਬਾਬੇ ਕਰ ਰਹੇ ਹਨ ਪਰ ਧਰਮ ਉੱਤੇ ਰਾਜਨੀਤਕ ਪਕੜ ਸ਼ਰ੍ਹੇਆਮ ਸਭ ਕੁਝ ਕਰਵਾ ਰਹੀ ਹੈ ਤੇ ਲੋਕ ਚੁੱਪ ਹਨ।

                      ਆਓ ਮੇਰੇ ਪੰਜਾਬੀ ਭੈਣੋ ਤੇ ਭਰਾਵੋ ਬਾਬਾ ਨਾਨਕ ਗੁਰਪੁਰਬ ਆਪਾਂ ਨੇ 550 ਵਾ ਲੰਮੇ ਚੌੜੇ ਅਖੰਡ ਪਾਠ ਪੜ੍ਹ ਕੇ ਤੇ ਨਗਰ ਕੀਰਤਨਾਂ ਨਾਲ ਥਾਂ ਥਾਂ ਤੇ ਜਲੂਸ ਕੱਢਿਆ।ਬਾਬਾ ਨਾਨਕ ਨੇ ਜੋ ਕਿਰਤ ਕਰਨ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ ਸੀ ਉਸ ਨੂੰ ਵਿਸਾਰ ਕੇ ਪੂਰਾ ਸਾਲ ਢੋਲ ਢਮੱਕੇ ਨਾਲ ਥਾਂ ਥਾਂ ਤੇ ਧਾਰਮਿਕ ਸਥਾਨਾਂ ਵਾਲਿਆਂ ਵੱਲੋਂ ਮੋਟੀ ਕਮਾਈ ਕੀਤੀ ਗਈ।ਉਹ ਸਾਰੇ ਕਰਮਕਾਂਡ ਕੀਤੇ ਗਏ ਜਿਸ ਨੂੰ ਸ਼ਰ੍ਹੇਆਮ ਬਾਬਾ ਨਾਨਕ ਨੇ ਰੋਕਿਆ ਸੀ।ਬਾਬਾ ਨਾਨਕ ਨੇ ਜਾਤ ਪਾਤ ਕਰਮ ਕਾਂਡ ਖ਼ਤਮ ਕੀਤੇ ਸਨ ਪਰ ਅਸੀਂ ਉਨ੍ਹਾਂ ਨੂੰ ਹੋਰ ਗਹਿਰਾ ਕਰਦੇ ਜਾ ਰਹੇ ਹਾਂ।ਬਾਬਾ ਨਾਨਕ ਦੀ ਪੂਜਾ ਕੀਤੀ ਜਾ ਰਹੀ ਹੈ, ਪਰ ਉਸ ਦੀ ਸਿੱਖਿਆ ਬਾਰੇ ਵਿਚਾਰ ਚਰਚਾ ਕੋਈ ਨਹੀਂ ਕਰਦਾ।ਸਾਡੀ ਨੌਜਵਾਨ ਪੀਡ਼੍ਹੀ ਨੂੰ ਉੱਠਣਾ ਪਵੇਗਾ ਨਹੀਂ ਤਾਂ ਬਾਬੇ ਡੇਰੇ ਵਾਲੇ ਪਾਖੰਡੀ ਆਪਣਾ ਆਧਾਰ ਕਮਜ਼ੋਰ ਕਰਕੇ ਆਪਣਾ ਪੇਟ ਪਾਲ ਰਹੇ ਹਨ ਤੇ ਲੜਾਈਆਂ ਕਰਵਾ ਰਹੇ ਹਨ।ਜਾਗੋ ਉੱਠੋ ਤੇ ਬਾਬਾ ਨਾਨਕ ਤੇ ਹੋਰ ਸਾਰਥਕ ਧਾਰਮਕ ਗ੍ਰੰਥਾਂ ਨੂੰ ਪੜ੍ਹ ਕੇ ਉਸ ਵਿਚ ਲਿਖੇ ਹੋਏ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਤੇ ਜਨਤਾ ਵਿਚ ਠੋਸ ਰੂਪ ਵਿੱਚ ਸਥਾਪਤ ਕਰੋ।ਨਹੀਂ ਤਾਂ ਦਿਨੋਂ ਦਿਨ ਡੇਰਾਵਾਦ ਵਾਲੇ ਬਾਬੇ ਆਪਣਾ ਢਿੱਡ ਮੋਟਾ ਕਰਦੇ ਰਹਿਣਗੇ ਤੇ ਆਪਾਂ ਜਾਤੀਵਾਦ ਤੇ ਧਾਰਮਿਕ ਪਾਖੰਡਾਂ ਵਿਚ ਪੈ ਕੇ ਲੜਦੇ ਮਰਦੇ ਜਾਵਾਂਗੇ। ਮੇਰੇ ਉਸਤਾਦ ਗੀਤਕਾਰ ਮੂਲ ਚੰਦ ਸ਼ਰਮਾ ਜੀ ਨੇ ਇਕ ਬਾਬਾ ਨਾਨਕ ਜੀ ਦੇ ਖਾਸ ਆਧਾਰ ਤੇ ਇਕ ਗੀਤ ਲਿਖਿਆ ਸੀ।                          “ਤੂੰ ਕਿਹੜੇ ਰਸਤੇ ਪੈ ਗਿਆ ਏ, ਕੇਹੀ ਸੰਗਤ ਦੇ ਵਿੱਚ ਬਹਿ ਗਿਆ ਏ,

ਜੇਕਰ ਸੱਚਾ ਸਿੱਖ ਕਹਾਉਨੈ ਤੂੰ, ਬਾਣੀ ਦੀ ਸਿੱਖਿਆ ਲੋਚ ਮਨਾਂ

ਨਿੱਤ ਨਵੇਂ ਹੀ ਮਲਕ ਭਾਗੋਆ ਦੇ, ਤੂੰ ਨੇੜੇ ਢੁਕ ਢੁਕ ਬਹਿਨਾਂ ਏਂ

ਪਿੰਡ ਰੰਚਣਾਂ ਵਾਲੇ ਨਾਲ ਸਦਾ, ਨਜ਼ਦੀਕੀਆਂ ਲੱਭਦਾ ਰਹਿੰਦਾ ਏ

ਗੱਲ ਕਰਦਾ ਨਾ ਤਬਦੀਰਾਂ ਦੀ, ਤਕਦੀਰ ਤੇ ਮੜ੍ਹਦੈ ਹੈ ਦੋਸ ਮਨਾਂ

ਕੀ ਕਿਹਾ ਸੀ ਬਾਬੇ ਨਾਨਕ ਨੇ, ਕਦੇ ਕੱਲਾ ਬਹਿਕੇ ਸੋਚ ਮਨਾਂ।

ਰਮੇਸ਼ਵਰ ਸਿੰਘ – ਸੰਪਰਕ ਨੰਃ 9914880392

Previous articleਨਿਹੰਗ ਸਿੰਘ ਜਥੇਬੰਦੀਆਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਅਕਾਲੀ ਦੀ ਅਗਵਾਈ ਵਿੱਚ ਸ਼ਾਨਦਾਰ ਮੁਹੱਲਾ ਕੱਢਿਆ
Next article‘ਅੱਖਰਕਾਰੀ ਮੁਹਿੰਮ’- ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ