ਡੇਰਾਬੱਸੀ ’ਚ ਉਸਾਰੀ ਅਧੀਨ ਇਮਾਰਤ ਡਿੱਗੀ, ਚਾਰ ਹਲਾਕ

ਡੇਰਾਬੱਸੀ (ਸਮਾਜ ਵੀਕਲੀ): ਡੇਰਾਬੱਸੀ  ਦੇ ਮੀਰਾ ਮੱਲੀ ਮੁਹੱਲੇ ਵਿੱਚ ਉਸਾਰੀ ਅਧੀਨ ਇੱਕ ਮੰਜ਼ਿਲਾ ਕਮਰਸ਼ੀਅਲ ਇਮਾਰਤ ਡਿੱਗਣ ਕਾਰਨ ਚਾਰ ਵਿਅਕਤੀ ਮਾਰੇ ਗਏ। ਇਮਾਰਤ ਡਿੱਗਣ  ਦਾ ਕਾਰਨ ਇਸਦੀ ਨੀਂਹ ਮਜ਼ਬੂਤ ਨਾ ਹੋਣਾ ਦੱਸਿਆ ਜਾ ਰਿਹਾ ਹੈ।

ਮ੍ਰਿਤਕਾਂ ਵਿੱਚ ਇਮਾਰਤ ਦੇ ਮਾਲਕ ਮਾਸਟਰ ਹਰੀਦੇਵ  ਸਿੰਘ ਸਣੇ ਤਿੰਨ ਮਜ਼ਦੂਰ ਸ਼ਾਮਲ ਹਨ। ਹਾਲਾਂਕਿ ਤਿੰਨ ਜਣਿਆਂ ਦਾ ਬਚਾਅ ਹੋ ਗਿਆ। ਮੁਹਾਲੀ ਦੇ ਡਿਪਟੀ  ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਘਟਨਾ ਸਬੰਧੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਮ੍ਰਿਤਕਾਂ ਦੀ ਪਛਾਣ ਗੋਪੀਚੰਦ (48), ਰਾਜੂ (55) ਅਤੇ ਰਮੇਸ਼ ਵਜੋਂ ਹੋਈ ਹੈ। ਜਦਕਿ ਪੱਪੂ, ਅਜੀਤ ਅਤੇ ਦਿਨੇਸ਼ ਵਾਲ ਵਾਲ ਬਚ ਗਏ।

ਜਾਣਕਾਰੀ ਅਨੁਸਾਰ  ਰਾਮਲੀਲਾ ਮੈਦਾਨ ਨੇੜੇ ਅੱਜ ਸਵੇਰੇ 9.30 ਵਜੇ 100 ਫੁੱਟ ਲੰਮੀ ਅਤੇ 15 ਫੁੱਟ  ਚੌੜੀ ਵਪਾਰਕ ਇਮਾਰਤ ਡਿੱਗ ਗਈ। ਇਸ ਵਿੱਚ ਸੱਤ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਇਮਾਰਤ ਦਾ ਮਾਲਕ ਕੰਮ ਦੀ ਨਿਗਰਾਨੀ ਕਰ ਰਿਹਾ ਸੀ। ਹਾਦਸੇ ਮਗਰੋਂ ਐੱਨਆਰਡੀਐੱਫ ਦੀ ਟੀਮ ਨੇ ਮਲਬੇ ਵਿੱਚ ਦੱਬੇ ਲੋਕਾਂ ਨੂੰ ਕੱਢ ਕੇ ਚੰਡੀਗੜ੍ਹ  ਦੇ ਸੈਕਟਰ 32 ਹਸਪਤਾਲ ਵਿੱਚ ਪਹੁੰਚਾਇਆ, ਜਿਥੇ ਇਲਾਜ ਦੌਰਾਨ ਚਾਰਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਮੇਨ ਬਾਜ਼ਾਰ ਦੇ ਨੇੜੇ ਦੋ ਭਰਾਵਾਂ ਵੱਲੋਂ ਆਪਣੇ ਪੁਰਾਣੇ ਘਰਾਂ  ਦੇ ਬਾਹਰ ਪਹਿਲਾਂ ਬਣੀਆਂ ਦੋ ਛੋਟੀਆਂ ਦੁਕਾਨਾਂ ਨੂੰ ਵਧਾ ਕੇ 100 ਫੁੱਟ ਲੰਮੇ ਦੋ  ਸ਼ੋਅਰੂਮਾਂ ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ। ਦੋ 100-100  ਫੁੱਟ ਲੰਮੇ ਸ਼ੋਅਰੂਮਾਂ  ਵਿੱਚ ਨਾਜਾਇਜ਼ ਤੌਰ ’ਤੇ 10-10 ਦੁਕਾਨਾਂ ਉਸਾਰੀਆਂ ਜਾ ਰਹੀਆਂ ਸਨ। ਐੱਨਡੀਆਰਐੱਫ ਦੀ ਟੀਮ ਦੀ ਅਗਵਾਈ ਕਰ  ਰਹੇ ਇੰਸਪੈਕਟਰ ਗੋਬਿੰਦ ਕੁਮਾਰ ਨੇ ਦੱਸਿਆ ਕਿ ਇਮਾਰਤ ਦੇ ਹੇਠਾਂ ਢਾਂਚੇ ਦੇ ਹਿਸਾਬ  ਨਾਲ ਪਿੱਲਰ ਨਹੀਂ ਦਿੱਤੇ ਹੋਏ ਸਨ ਅਤੇ ਪੁਰਾਣੀਆਂ ਇੱਟਾਂ ਅਤੇ ਸਰੀਆ ਵਰਤਿਆ ਗਿਆ ਸੀ, ਜਿਸ ਕਾਰਨ ਇਸ ਦੀ ਨੀਂਹ ਮਜ਼ਬੂਤ ਨਹੀਂ ਸੀ।

ਕਾਂਗਰਸ  ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਸਰਕਾਰ ਤੋਂ ਮ੍ਰਿਤਕਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਦਿਵਾਇਆ ਜਾਏਗਾ। ਦੂਜੇ ਪਾਸੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਨਾਜਾਇਜ਼ ਇਮਾਰਤ ਅਧਿਕਾਰੀਆਂ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਨਾਲ ਬਣ ਰਹੀ ਸੀ।

Previous articleਸੁਖਬੀਰ ਤੇ ਹਰਸਿਮਰਤ ਦਾ ਕਾਂਗਰਸੀਆਂ ਵੱਲੋਂ ਕਾਲੇ ਝੰਡਿਆਂ ਨਾਲ ‘ਸਵਾਗਤ’
Next articleਮੋਦੀ ਦਾ ਨਵਾਂ ਸਿਹਤ ਮੰਤਰ ‘ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’